ਨਸ਼ੇ ਦੀ ਓਵਰਡੋਜ਼ ਹੋਣ ਕਾਰਨ ਮੌਤ ਦਾ ਸ਼ੱਕ, ਪੁਲਿਸ ਦੀ ਜਾਂਚ ਜਾਰੀ
ਜਗਰਾਉਂ: ਸਥਾਨਕ ਡਿਸਪੋਜਲ ਰੋਡ 'ਤੇ ਸਥਿਤ ਸ਼੍ਰੀ ਦਵਾਰਕਾਧੀਸ਼ ਮੰਦਿਰ ਦੇ ਸਾਹਮਣੇ ਇੱਕ ਖਾਲੀ ਪਏ ਪਲਾਟ ਵਿੱਚੋਂ ਅੱਜ ਇੱਕ 24-25 ਸਾਲ ਦੇ ਨੌਜਵਾਨ ਦੀ ਲਾਵਾਰਿਸ ਮ੍ਰਿਤਕ ਦੇਹ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਨੌਜਵਾਨ ਦੀ ਲਾਸ਼ ਬਰਾਮਦ ਹੋਣ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਪਿਛਲੇ 20 ਕੁ ਦਿਨਾਂ ਤੋਂ ਧਰਨੇ 'ਤੇ ਬੈਠੇ ਧਰਨਾਕਾਰੀਆਂ ਵਿੱਚੋਂ ਇੱਕ ਵਿਅਕਤੀ ਆਪਣਾ ਗੁੰਮ ਹੋਇਆ ਬੂਟ ਲੱਭਣ ਲਈ ਖਾਲੀ ਪਲਾਟ ਵੱਲ ਗਿਆ।
ਮੌਕੇ ’ਤੇ ਮ੍ਰਿਤਕ ਨੌਜਵਾਨ ਦੀ ਲਾਸ਼ ਕੋਲ ਇਕ ਲਾਈਟਰ ਤੇ ਇਕ ਸਰਿੰਜ ਵੀ ਪਈ ਸੀ, ਜਿਸ ਕਰਕੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਮ੍ਰਿਤਕ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਰਕੇ ਹੋਈ ਹੈ। ਪਰ ਪੁਲਿਸ ਨੇ ਨਸ਼ੇ ਨਾਲ ਹੋਈ ਮੌਤ ਬਾਰੇ ਕੋਈ ਵੀ ਪੁਸ਼ਟੀ ਨਹੀਂ ਕੀਤੀ।
ਮੌਕੇ 'ਤੇ ਮੌਜੂਦ ਸਰਪੰਚ ਬਲਜਿੰਦਰ ਸਿੰਘ ਨੇ ਦੱਸਿਆ ਕਿ ਅਕਸਰ ਹੀ ਕੁੱਤੇ ਧਰਨੇ 'ਤੇ ਬੈਠੇ ਲੋਕਾਂ ਦੇ ਬੂਟ ਚੁੱਕ ਕੇ ਲੈ ਜਾਂਦੇ ਹਨ। ਅੱਜ ਵੀ ਜਦੋਂ ਧਰਨੇ 'ਤੇ ਬੈਠੇ ਇੱਕ ਵਿਅਕਤੀ ਦਾ ਗੁੰਮ ਹੋਇਆ ਬੂਟ ਨਹੀਂ ਲੱਭ ਰਿਹਾ ਸੀ ਅਤੇ ਉਹ ਉਸ ਨੂੰ ਲੱਭਣ ਲਈ ਖਾਲੀ ਪਲਾਟ ਵੱਲ ਗਿਆ ਤਾਂ ਉਸ ਨੇ ਦੇਖਿਆ ਕਿ ਉੱਥੇ ਇੱਕ ਨੌਜਵਾਨ ਦੀ ਲਾਸ਼ ਪਈ ਹੈ।
ਸਰਪੰਚ ਅਨੁਸਾਰ, ਨੌਜਵਾਨ ਨੇ ਪੀਲੇ ਰੰਗ ਦੀ ਟੀ-ਸ਼ਰਟ ਅਤੇ ਜੀਨ ਦੀ ਪੈਂਟ ਪਾਈ ਹੋਈ ਸੀ। ਦੇਖਣ ਤੋਂ ਜਾਪਦਾ ਹੈ ਕਿ ਨੌਜਵਾਨ ਦੀ ਮੌਤ ਇੱਕ-ਦੋ ਦਿਨ ਪਹਿਲਾਂ ਹੋ ਚੁੱਕੀ ਹੈ ਅਤੇ ਉਸ ਦੀ ਦੇਹ ਨੂੰ ਜਾਨਵਰਾਂ ਵੱਲੋਂ ਖਾਧਾ ਵੀ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਣਕਾਰੀ ਤੁਰੰਤ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਮੌਕੇ 'ਤੇ ਪਹੁੰਚੇ ਥਾਣਾ ਸਿਟੀ ਦੇ ਏਐਸਆਈ ਕਰਮਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਡਿਸਪੋਜਲ ਰੋਡ 'ਤੇ ਇੱਕ ਖਾਲੀ ਪਲਾਟ ਵਿੱਚ ਨੌਜਵਾਨ ਦੀ ਮ੍ਰਿਤਕ ਦੇਹ ਪਈ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ, ਮ੍ਰਿਤਕ ਨੌਜਵਾਨ ਦੀ ਕੋਈ ਸ਼ਨਾਖਤ ਨਹੀਂ ਹੋ ਸਕੀ ਹੈ ਤੇ ਮੌਤ ਨਸ਼ੇ ਨਾਲ ਹੋਈ ਹੈ ਇਸ ਬਾਰੇ ਵੀ ਪੁਲਿਸ ਨੇ ਕੋਈ ਪੁਸ਼ਟੀ ਨਹੀਂ ਕੀਤੀ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
