
ਲਾਂਬਾ ਅਤੇ ਵਿਸ਼ਵਾਸ ਵਿਰੁਧ ਐਫ਼ਆਈਆਰ ਰੱਦ ਕਰਨ ਡੀਜੀਪੀ : ਪੰਜਾਬ ਕਾਂਗਰਸ
ਹੱਦ ਤੋਂ ਅੱਗੇ ਵੱਧਣ ਵਾਲੇ ਅਧਿਕਾਰੀਆਂ ਵਿਰੁਧ ਕਾਰਵਾਈ ਦੀ ਮੰਗ ਕੀਤੀ
ਚੰਡੀਗੜ੍ਹ, 21 ਅਪ੍ਰੈਲ (ਭੁੱਲਰ): ਪੰਜਾਬ ਕਾਂਗਰਸ ਨੇ ਪਾਰਟੀ ਦੀ ਸੀਨੀਅਰ ਆਗੂ ਅਲਕਾ ਲਾਂਬਾ ਅਤੇ ਪ੍ਰਮੁੱਖ ਕਵੀ ਡਾ. ਕੁਮਾਰ ਵਿਸ਼ਵਾਸ ਵਿਰੁਧ ਦਰਜ ਕੀਤੀ ਗਈ ਐਫ਼ਆਈਆਰ ਨੂੰ ਤੁਰਤ ਰੱਦ ਕਰਨ ਅਤੇ ਕੇਸ ਦਰਜ ਕਰਨ ਲਈ ਅਪਣੀ ਹੱਦ ਤੋਂ ਬਾਹਰ ਜਾਣ ਵਾਲੇ ਅਧਿਕਾਰੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਪੰਜਾਬ ਪੁਲਿਸ ਦੇ ਡੀਜੀਪੀ ਨੂੰ ਲਿਖੇ ਪੱਤਰ ਵਿਚ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਇਹ ਨਾ ਸਿਰਫ਼ ਸੱਤਾ ਤੇ ਅਧਿਕਾਰ ਦੀ ਦੁਰਵਰਤੋਂ ਹੈ, ਸਗੋਂ ਸੱਤਾ ਦੀ ਸ਼ਰੇਆਮ ਲੁੱਟ ਹੈ |
ਪੱਤਰ ਵਿਚ ਕਿਹਾ ਗਿਆ ਹੈ ਕਿ ਇਹ ਦਸਣ ਦੀ ਲੋੜ ਨਹੀਂ ਕਿ ਇਹ ਕੇਸ ਕਿਸੇ ਕਾਨੂੰਨੀ ਜਾਂਚ ਦਾ ਸਾਹਮਣਾ ਨਹੀਂ ਕਰ ਸਕੇਗਾ ਅਤੇ ਜਿਹੜੇ ਅਧਿਕਾਰੀ ਦਿੱਲੀ ਵਿਚ ਬੈਠੇ ਅਪਣੇ ਸਿਆਸੀ ਆਕਾਵਾਂ ਨੂੰ ਖ਼ੁਸ਼ ਕਰਨ ਲਈ ਇਹ ਸੱਭ ਕਰਦੇ ਹਨ, ਉਨ੍ਹਾਂ ਨੂੰ ਨਿੰਦਾ ਦਾ ਸਾਹਮਣਾ ਕਰਨਾ ਪਵੇਗਾ | ਦੋਹਾਂ ਆਗੂਆਂ ਨੇ ਕਿਹਾ ਕਿ ਐਫ਼ਆਈਆਰ ਇਕ ਸ਼ਿਕਾਇਤਕਰਤਾ ਦੇ ਬਿਆਨ 'ਤੇ ਆਧਾਰਤ ਹੈ, ਜਿਸ ਦੀ ਪਛਾਣ ਅਜੇ ਸਾਹਮਣੇ ਨਹੀਂ ਆਈ ਹੈ | ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਨ੍ਹਾਂ ਵਿਅਕਤੀਆਂ ਵਿਰੁਧ ਸਿਆਸੀ ਦੁਸ਼ਮਣੀ ਕੱਢਣ ਲਈ ਇਹ ਕੇਸ ਦਰਜ ਕੀਤਾ ਗਿਆ ਹੈ ਕਿਉਂਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕੱਟੜ ਵਿਰੋਧੀ ਹਨ |
ਗ਼ੈਰ-ਕਾਨੂੰਨੀ ਆਧਾਰ 'ਤੇ ਐਫ਼ਆਈਆਰ ਅਤੇ ਪੰਜਾਬ ਪੁਲਿਸ ਦੇ ਅਧਿਕਾਰ ਖੇਤਰ 'ਤੇ ਅਜਿਹਾ ਕਰਨ ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਡੀਜੀਪੀ ਨੂੰ ਕਿਹਾ ਕਿ ਸੀਨੀਅਰ ਅਤੇ ਜ਼ਿੰਮੇਵਾਰ ਅਹੁਦੇ 'ਤੇ ਹੋਣ ਕਰ ਕੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਸ ਕਥਿਤ ਬਿਆਨ 'ਤੇ ਇਹ ਕੇਸ ਆਧਾਰਤ ਹੈ, ਉਹ ਕਥਿਤ ਤੌਰ 'ਤੇ ਦਿੱਲੀ ਵਿਚ ਇਕ ਵਿਅਕਤੀ ਵਿਰੁਧ ਤਿਆਰ ਕੀਤਾ ਗਿਆ ਹੈ, ਜੋ ਦਿੱਲੀ ਵਿਚ ਵੀ ਰਹਿੰਦਾ ਹੈ |
ਉਨ੍ਹਾਂ ਕਿਹਾ ਕਿ ਇਨ੍ਹਾਂ ਅਖੌਤੀ ਬਿਆਨਾਂ ਵਿਚ ਕੋਈ ਅਪਰਾਧਕ ਦੋਸ਼ ਨਹੀਂ ਹੈ, ਭਾਵੇਂ ਅਜਿਹਾ ਹੋਵੇ, ਰੋਪੜ/ਪੰਜਾਬ ਪੁਲਿਸ ਕੋਲ ਕੇਸ ਦਰਜ ਕਰਨ ਦਾ ਅਧਿਕਾਰ ਖੇਤਰ ਨਹੀਂ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਕੇਸ ਨੂੰ ਰੱਦ ਕੀਤਾ ਜਾਵੇ ਅਤੇ ਹੱਦ ਤੋਂ ਵੱਧ ਕੇ ਐਫ਼ਆਈਆਰ ਦਰਜ ਕਰਨ ਵਾਲੇ ਅਧਿਕਾਰੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ | ਵੜਿੰਗ ਅਤੇ ਬਾਜਵਾ ਨੇ ਕੇਸ ਰੱਦ ਨਾ ਹੋਣ 'ਤੇ ਸੜਕਾਂ 'ਤੇ ਆ ਕੇ ਪ੍ਰਦਰਸ਼ਨ ਕਰਨ ਦੀ ਧਮਕੀ ਵੀ ਦਿਤੀ |