
ਡਾ. ਬਲਜੀਤ ਕੌਰ ਨੇ ਪੋਸਟ ਮੈਟਿ੍ਰਕ ਸਕਾਲਰਸ਼ਿਪ ਲਈ ਈ-ਪੋਰਟਲ ਕੀਤਾ ਲਾਂਚ
ਐਸ.ਏ.ਐਸ. ਨਗਰ, 21 ਅਪ੍ਰੈਲ (ਸੁਖਦੀਪ ਸਿੰਘ ਸੋਈਂ) : ਪੰਜਾਬ ਦੇ ਸਮਾਜਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਪੋਸਟ ਮੈਟਿ੍ਰਕ ਸਕਾਲਰਸ਼ਿਪ ਲਈ ਅਪਲਾਈ ਕਰਨ ਲਈ ਈ-ਪੋਰਟਲ ਲਾਂਚ ਕੀਤਾ।
ਡਾ. ਬੀ.ਆਰ. ਅੰਬੇਡਕਰ ਭਵਨ, ਮੋਹਾਲੀ ਵਿਖੇ ਐਸ.ਸੀ. ਸਕਾਲਰਸ਼ਿਪ ਸਬੰਧੀ ਕਰਵਾਏ ਸਿਖਲਾਈ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਤਿ-ਆਧੁਨਿਕ ਸਾਧਨ ਮੁਹਈਆ ਕਰਵਾਉਣਾ ਵਿਭਾਗ ਦੀ ਨਿਵੇਕਲੀ ਪਹਿਲਕਦਮੀ ਹੈ ਤਾਂ ਜੋ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਕੀਤੀ ਜਾ ਸਕੇ ਅਤੇ ਉਨ੍ਹਾਂ ਦੀ ਊਰਜਾ ਨੂੰ ਸਾਕਾਰਤਮਕ ਢੰਗ ਨਾਲ ਵਰਤਿਆ ਜਾ ਸਕੇ। ਡਾ. ਬੀ. ਆਰ. ਅੰਬੇਡਕਰ ਦੀਆਂ ਸਿਖਿਆਵਾਂ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਸਾਰਿਆਂ ਲਈ ਬਰਾਬਰੀ ਵਾਲਾ ਸਮਾਜ ਸਿਰਜਣ ਦੀ ਦਿਸ਼ਾ ਵਿਚ ਸਿਖਿਆ ਇਕ ਅਹਿਮ ਸਾਧਨ ਹੈ ਅਤੇ ਸਮਾਜ ਦੇ ਦੱਬੇ-ਕੁਚਲੇ ਵਰਗਾਂ ਲਈ ਕਿਫ਼ਾਇਤੀ ਸਿਖਿਆ ਦੇ ਮੌਕੇ ਪ੍ਰਦਾਨ ਕਰਨਾ ਹੀ ਸੰਵਿਧਾਨ ਦੇ ਨਿਰਮਾਤਾ ਨੂੰ ਅਸਲ ਸ਼ਰਧਾਂਜਲੀ ਹੈ।
ਕੈਬਨਿਟ ਮੰਤਰੀ ਨੇ ਦਸਿਆ ਕਿ ਡਾ. ਬੀ.ਆਰ. ਅੰਬੇਡਕਰ ਦੇ ਸੁਪਨਿਆਂ ਨੂੰ ਸਿਖਿਆ ਰਾਹੀਂ ਸਾਕਾਰ ਕੀਤਾ ਜਾਵੇਗਾ ਕਿਉਂਕਿ ਬਾਬਾ ਸਾਹਿਬ ਨੇ ਹਮੇਸ਼ਾ ਸਮਾਜ ਦੇ ਹਰ ਵਰਗ ਨੂੰ ਸਿਖਿਅਤ ਕਰਨ ਲਈ ਅਪਣੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮਾਜਕ ਬਰਾਬਰੀ ਦਾ ਟੀਚਾ ਸਿਖਿਆ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਤਹਿਤ 181.03 ਕਰੋੜ ਰੁਪਏ ਦੇ ਫ਼ੰਡ ਜਾਰੀ ਕਰਨ ਦੇ ਅਪਣੇ ਯਤਨਾਂ ’ਤੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਇਹ ਰਾਸ਼ੀ ਜਲਦ ਹੀ ਵਿਦਿਆਰਥੀਆਂ ਨੂੰ ਜਾਰੀ ਕਰ ਦਿਤੀ ਜਾਵੇਗੀ।
ਡਾ. ਬਲਜੀਤ ਕੌਰ ਨੇ ਟ੍ਰੇਨਰਾਂ ਨੂੰ ਇਨ੍ਹਾਂ ਸਕੀਮਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੇ ਟੀਚੇ ਦੀ ਪ੍ਰਾਪਤੀ ਲਈ ਵੀ ਪ੍ਰੇਰਿਤ ਕੀਤਾ ਤਾਂ ਜੋ ਹਰੇਕ ਯੋਗ ਵਿਦਿਆਰਥੀ ਇਨ੍ਹਾਂ ਸਕੀਮਾਂ ਦਾ ਲਾਭ ਲੈ ਸਕਣ। ਉਨ੍ਹਾਂ ਅੱਗੇ ਕਿਹਾ ਕਿ ਸਮਾਜਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਨੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਭਲਾਈ ਲਈ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਡਾ. ਬੀ.ਆਰ. ਅੰਬੇਡਕਰ ਭਵਨ ਦੇ ਪ੍ਰਬੰਧਕਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਵੀ ਦਿਤਾ।
Photos 21-1
ਫੋਟੋ ਕੈਪਸ਼ਨ: ਪੰਜਾਬ ਦੇ ਸਮਾਜਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਮੋਹਾਲੀ ਵਿਖੇ ਕਰਵਾਏ ਸਮਾਗਮ ਦੌਰਾਨ।