
ਪਹਿਲੀ ਵਾਰ ਲਾਲ ਕਿਲ੍ਹੇ ਤੋਂ ਸਰਕਾਰੀ ਤੌਰ 'ਤੇ ਗੁਰੂ ਤੇਗ਼ ਬਹਾਦਰ ਸਾਹਿਬ ਦਾ 401ਵਾਂ ਪ੍ਰਕਾਸ਼ ਪੁਰਬ ਮਨਾਇਆ
ਪ੍ਰਧਾਨ ਮੰਤਰੀ ਨੇ ਸਿੱਖ ਯੂਨੀਵਰਸਟੀ ਅਤੇ ਦਿੱਲੀ ਹਵਾਈ ਅੱਡੇ ਦਾ ਨਾਂ ਗੁਰੂ ਤੇਗ਼ ਬਹਾਦਰ ਹਵਾਈ ਅੱਡਾ ਰੱਖਣ ਦੀਆਂ ਮੰਗਾਂ ਬਾਰੇ ਚੁੱਪੀ ਧਾਰੀ ਰੱਖੀ ਪਰ ਅਪਣੀ ਸਰਕਾਰ ਦੇ ਸਿੱਖ ਪੱਖੀ ਕੰਮਾਂ ਦਾ ਜ਼ਿਕਰ ਵਿਸਥਾਰ ਨਾਲ ਕੀਤਾ
ਨਵੀਂ ਦਿੱਲੀ, 21 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕੀਤਾ | ਉਹ ਇਥੇ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਸਾਲਾਨਾ ਪ੍ਰਕਾਸ਼ ਪੁਰਬ ਮੌਕੇ ਇਕ ਸਮਾਰੋਹ 'ਚ ਸ਼ਾਮਲ ਹੋਏ | ਉਨ੍ਹਾਂ ਇਸ ਮੌਕੇ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਮੇਂ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਸਮਾਰੋਹ 'ਚ ਅੱਜ ਮੈਂ ਅਪਣੇ ਦਿਲ ਤੋਂ ਸੱਭ ਦਾ ਸਵਾਗਤ ਕਰਦਾ ਹਾਂ | ਪਰ ਪ੍ਰਧਾਨ ਮੰਤਰੀ ਨੇ ਪ੍ਰਬੰਧਕਾਂ ਵਲੋਂ ਕੀਤੀ ਗਈ ਕਿਸੇ ਮੰਗ ਦਾ ਜ਼ਿਕਰ ਵੀ ਨਾ ਕੀਤਾ, ਖ਼ਾਸ ਤੌਰ ਤੇ ਦਿੱਲੀ ਹਵਾਈ ਅੱਡੇ ਦਾ ਨਾਂ ਗੁਰੂ ਤੇਗ਼ ਬਹਾਦਰ ਸਾਹਿਬ ਦੇ ਨਾਂ ਤੇ ਰਖਣ ਅਤੇ ਦਿੱਲੀ ਵਿਚ ਸਿੱਖ ਯੂਨੀਵਰਸਟੀ ਕਾਇਮ ਕਰਨ ਦੀਆਂ ਮੰਗਾਂ ਦਾ | ਪਰ ਉਹ ਅਪਣੀ ਸਰਕਾਰ ਦੇ 'ਸਿੱਖ ਪੱਖੀ' ਕੰਮਾਂ ਨੂੰ ਬੜੇ ਵਿਸਥਾਰ ਨਾਲ ਦਸਣਾ ਨਾ ਭੁੱਲੇ |
ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਮੈਨੂੰ ਗੁਰੂ ਜੀ ਨੂੰ ਸਮਰਪਿਤ ਸਮਾਰਕ ਡਾਕ ਟਿਕਟ ਅਤੇ ਸਿੱਕੇ ਜਾਰੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ | ਮੈਂ ਇਸ ਨੂੰ ਸਾਡੇ ਗੁਰੂਆਂ ਦੀ ਵਿਸ਼ੇਸ਼ ਕਿਰਪਾ ਮੰਨਦਾ ਹਾਂ | ਪ੍ਰਧਾਨ ਮੰਤਰੀ ਨੇ ਗੁਰੂਆਂ ਨੂੰ ਯਾਦ ਕਰਦਿਆਂ ਪ੍ਰਕਾਸ਼ ਪੁਰਬ ਦੀ ਵਧਾਈ ਦਿਤੀ | ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਨੇ ਗਿਆਨ ਅਤੇ ਅਧਿਆਤਮਕਤਾ ਦੇ ਨਾਲ ਹੀ ਸਮਾਜ ਅਤੇ ਸੰਸਕ੍ਰਿਤੀ ਦੀ ਜ਼ਿੰਮੇਵਾਰੀ ਚੁੱਕੀ | ਭਾਰਤ ਭੂਮੀ ਵਿਰਾਸਤ ਨਹੀਂ ਇਕ ਪਰੰਪਰਾ ਹੈ | ਭਾਰਤ ਭੂਮੀ ਇਕ ਮਹਾਨ ਆਤਮਾ ਹੈ | ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਅਪਣੇ ਭਾਸ਼ਣ ਦੀ ਸ਼ੁਰੂਆਤ 'ਵਾਹਿਗੁਰੂ ਜੀ ਦਾ ਖ਼ਾਲਸਾ, ਵਾਹਿਗੁਰੂ ਜੀ ਦੀ ਫ਼ਤਿਹ' ਨਾਲ ਕੀਤੀ | ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਇਸ ਅਦਭੁਤ ਸਮਾਗਮ 'ਚ ਸ਼ਬਦ ਕੀਰਤਨ ਸੁਣ ਕੇ ਜੋ ਸ਼ਾਂਤੀ ਮਿਲੀ ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ | ਇਹ ਲਾਲ ਕਿਲ੍ਹਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਗਵਾਹ ਹੈ | ਦੇਸ਼ ਲਈ ਮਰ ਮਿਟਣ ਵਾਲਿਆਂ ਦਾ ਇਸਨੇ ਹੌਸਲਾ ਵੇਖਿਆ ਹੈ | ਲਾਲ ਕਿਲ੍ਹੇ 'ਤੇ ਇਸ ਪ੍ਰਕਾਸ਼ ਪੁਰਬ ਦਾ ਆਯੋਜਨ ਬਹੁਤ ਅਹਿਮ ਹੋ ਗਿਆ ਹੈ | ਹਿੰਦੁਸਤਾਨ ਦੀ ਭਾਰਤ ਭੂਮੀ ਇਕ ਦੇਸ਼ ਹੀ ਨਹੀਂ ਬਲਕਿ ਮਹਾਨ ਵਿਰਾਸਤ ਅਤੇ ਪਰੰਪਰਾ ਹੈ |
ਇਸਨੂੰ ਰਿਸ਼ੀਆਂ ਮੁੰਨੀਆਂ ਦੀਆਂ ਤਪੱਸਿਆ ਨਾਲ ਸਿੰਜਿਆ ਗਿਆ ਹੈ | ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਵਿਲੱਖਣ ਪ੍ਰਤਿਭਾ ਵਾਲੇ ਸਨ | ਸ਼ੀਸ਼ ਗੰਜ ਸਾਹਿਬ ਉਨ੍ਹਾਂ ਦੇ ਮਹਾਨ ਅਮਰ ਬਲਿਦਾਨ ਦਾ ਪ੍ਰਤੀਕ ਹੈ | ਉਨ੍ਹਾਂ ਦਾ ਬਲਿਦਾਨ ਮਹਾਨ ਸੰਸਕ੍ਰਿਤੀ ਦਾ ਰਾਖੀ ਲਈ ਕਿੰਨਾ ਮਹਾਨ ਸੀ |
ਜਦੋਂ ਧਰਮ ਦੇ ਨਾਂ ਕੇ ਕੱਟੜਵਾਦੀ ਅਤਿਆਚਾਰ ਹੋ ਰਹੇ ਸਨ ਅਤੇ ਔਰੰਗਜ਼ੇਬ ਦੇ ਅੱਤਿਆਚਾਰ ਸਾਹਮਣੇ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਬਣ ਕੇ ਖੜ੍ਹੇ ਰਹੇ | ਔਰੰਗਜ਼ੇਬ ਅਤੇ ਉਸਦੇ ਅੱਤਿਆਚਾਰੀਆਂ ਨੇ ਗੁਰੂ ਜੀ ਦਾ ਧੜ ਵੱਖ ਕੀਤਾ ਪਰ ਆਸਥਾ ਨੂੰ ਵੱਖ ਨਹੀਂ ਕਰ ਸਕੇ |
ਜ਼ਿਕਰਯੋਗ ਹੈ ਕਿ ਦਿੱਲੀ ਗੁਰਦਵਾਰਾ ਮੈਨੇਜਮੈਂਟ ਕਮੇਟੀ ਵਲੋਂ ਹਰਮੀਤ ਸਿੰਘ ਕਾਲਕਾ ਵਲੋਂ ਪ੍ਰਧਾਨ ਮੰਤਰੀ ਤੋਂ ਦਿੱਲੀ ਵਿਚ ਸਿੱਖ ਯੂਨੀਵਰਸਟੀ ਅਤੇ ਦਿੱਲੀ ਹਵਾਈ ਅੱਡੇ ਦਾ ਨਾਂ ਗੁਰੂ ਤੇਗ਼ ਬਹਾਦਰ ਹਵਾਈ ਅੱਡਾ ਰੱਖਣ ਦੀਆਂ ਮੰਗਾਂ ਰੱਖੀਆਂ ਪ੍ਰੰਤੂ ਪ੍ਰਧਾਨ ਮੰਤਰੀ ਇਸ ਬਾਰੇ ਚੁੱਪੀ ਧਾਰ ਗਏ ਅਤੇ ਕੁੱਝ ਜ਼ਿਕਰ ਨਹੀਂ ਕੀਤਾ |
ਅੱਜ ਹੋਏ ਆਯੋਜਨ 'ਚ ਪ੍ਰਧਾਨ ਮੰਤਰੀ ਦੀ ਮੌਜੂਦਗੀ 'ਚ 400 ਰਾਗੀਆਂ ਨੇ ਇਕੋ ਸਮੇਂ ਕੀਰਤਨ ਕੀਤਾ | ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਦਰਸ਼ਾਉਣ ਵਾਲੇ ਵਿਸ਼ਾਲ ਲਾਈਟ ਐਂਡ ਸਾਊਾਡ ਸ਼ੋਅ ਦਾ ਵੀ ਪ੍ਰਬੰਧ ਕੀਤਾ ਜਾਵੇਗਾ | ਇਸ ਤੋਂ ਇਲਾਵਾ ਸਿੱਖਾਂ ਦੀ ਪਰੰਪਰਾਗਤ ਮਾਰਸ਼ਲ ਆਰਟ ਗਤਕਾ ਕਰਵਾਇਆ ਜਾਵੇਗਾ | (ਪੀਟੀਆਈ)