
ਸੁਪਰੀਮ ਕੋਰਟ ਪਹੁੰਚਿਆ ਲਾਊਡ ਸਪੀਕਰ ਵਿਵਾਦ ਅਖਿਲ ਭਾਰਤੀ ਹਿੰਦੂ ਮਹਾਸਭਾ ਨੇ ਦਾਇਰ ਕੀਤੀ ਪਟੀਸ਼ਨ
ਨਵੀਂ ਦਿੱਲੀ, 21 ਅਪ੍ਰੈਲ : ਲਾਊਡਸਪੀਕਰ ਤੋਂ ਅਜ਼ਾਨ ਦਾ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ | ਇਸ ਮਾਮਲੇ 'ਤੇ ਅਖਿਲ ਭਾਰਤ ਹਿੰਦੂ ਮਹਾਸਭਾ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ | ਹਿੰਦੂ ਮਹਾਸਭਾ ਨੇ ਅਪਣੀ ਪਟੀਸ਼ਨ 'ਚ ਮੰਗ ਕੀਤੀ ਹੈ ਕਿ ਮਸਜਿਦਾਂ 'ਚ ਲਾਊਡ ਸਪੀਕਰਾਂ ਰਾਹੀਂ ਦਿਤੀ ਜਾਣ ਵਾਲੀ ਅਜ਼ਾਨ 'ਤੇ ਪਾਬੰਦੀ ਲਗਾਈ ਜਾਵੇ | ਪਟੀਸ਼ਨ 'ਚ ਮਹਾਸਭਾ ਨੇ ਕਿਹਾ ਕਿ ਮਸਜਿਦ ਅਤੇ ਈਦਗਾਹ ਨੂੰ ਪੂਜਾ ਸਥਾਨ ਮੰਨਿਆ ਗਿਆ ਹੈ | ਇਸ ਬਾਰੇ ਕਿਹਾ ਗਿਆ ਹੈ ਕਿ ਇਹ ਜਨਤਕ ਮੀਟਿੰਗ ਦਾ ਸਥਾਨ ਹੈ | ਹਿੰਦੂ ਮਹਾਸਭਾ ਨੇ ਅਪਣੀ ਪਟੀਸ਼ਨ 'ਚ ਕਿਹਾ ਹੈ ਕਿ ਮਸਜਿਦ, ਈਦਗਾਹ, ਦਰਗਾਹ ਨੂੰ ਭਾਈਚਾਰਕ ਮਿਲਣੀ ਦਾ ਸਥਾਨ ਐਲਾਨਿਆ ਜਾਣਾ ਚਾਹੀਦਾ ਹੈ | ਪੱਤਰ ਵਿਚ ਇਹ ਦਲੀਲ ਦਿਤੀ ਗਈ ਹੈ ਕਿ ਜਦੋਂ ਇਸਲਾਮ ਦੀ ਸ਼ੁਰੂਆਤ ਹੋਈ ਉਦੋਂ ਕੋਈ ਲਾਊਡ ਸਪੀਕਰ ਨਹੀਂ ਸਨ | ਦਸਣਯੋਗ ਹੈ ਇਨ੍ਹੀਂ ਦਿਨੀਂ ਦੇਸ਼ 'ਚ ਲਾਊਡ ਸਪੀਕਰ ਰਾਹੀਂ ਅਜ਼ਾਨ ਦੇਣ ਦੇ ਮੁੱਦੇ 'ਤੇ ਵਿਵਾਦ ਚਲ ਰਿਹਾ ਹੈ | ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਮਹਾਰਾਸ਼ਟਰ ਸਰਕਾਰ ਨੂੰ ਮਸਜਿਦਾਂ ਤੋਂ ਲਾਊਡ ਸਪੀਕਰ ਹਟਾਉਣ ਦੀ ਚਿਤਾਵਨੀ ਦਿਤੀ ਹੈ | ਜੇਕਰ ਸੂਬਾ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਉਹ 3 ਮਈ ਤੋਂ ਬਾਅਦ ਦੇਖਣਗੇ ਕਿ ਕੀ ਕਰਨਾ ਹੈ | (ਪੀਟੀਆਈ)