
ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਤੇ ਪੀੜਤ ਪ੍ਰਵਾਰਾਂ ਨੂੰ ਜ਼ਰੂਰ ਮਿਲੇਗਾ ਇਨਸਾਫ਼ : ਸੰਧਵਾਂ
ਕੋਟਕਪੂਰਾ, 21 ਅਪ੍ਰੈਲ (ਗੁਰਿੰਦਰ ਸਿੰਘ) : ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤ ਪਰਵਾਰਾਂ ਨੂੰ ਇਨਸਾਫ਼ ਦੇਣ ਲਈ ਬਾਕਾਇਦਾ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤ ਪਰਵਾਰਾਂ ਨੂੰ ਇਨਸਾਫ਼ ਜਲਦ ਅਤੇ ਜ਼ਰੂਰ ਮਿਲੇਗਾ।
ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਪੀੜਤ ਪਰਵਾਰਾਂ ਵਲੋਂ ਲਾਏ ਗਏ ਬਹਿਬਲ ਮੋਰਚੇ ਦੇ 127ਵੇਂ ਦਿਨ ਪੁੱਜੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਪੰਜਾਬ ਦੇ ਸੂਬਾਈ ਪ੍ਰਧਾਨ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਸਾਰੀ ਪ੍ਰਕਿਰਿਆ ਕਾਨੂੰਨੀ ਨਜ਼ਰੀਏ ਨਾਲ ਸਹੀ ਤਰੀਕੇ ਚੱਲ ਰਹੀ ਹੈ।
‘ਸੁਖਰਾਜ ਸਿੰਘ ਨਿਆਮੀਵਾਲਾ’ ਨੇ ਸ. ਸੰਧਵਾਂ ਨੂੰ ਆਖਿਆ ਕਿ ਉਹ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਭੇਜੀ ਟੀਮ ਵਲੋਂ ਦਿਵਾਏ ਭਰੋਸੇ ਅਤੇ ਕੀਤੇ ਵਾਅਦੇ ਮੁਤਾਬਕ 10 ਮਈ ਤਕ ਉਡੀਕ ਕਰਨਗੇ, ਉਦੋਂ ਤਕ ਕੋਈ ਰੋਸ ਮੁਜ਼ਾਹਰਾ ਜਾਂ ਆਵਾਜਾਈ ਜਾਮ ਕਰਨ ਦਾ ਪੋ੍ਰਗਰਾਮ ਨਹੀਂ ਉਲੀਕਿਆ ਜਾਵੇਗਾ। ਸੁਖਰਾਜ ਸਿੰਘ ਨੇ 1 ਜੂਨ 2015 ਤੋਂ ਅੱਜ ਤਕ ਦੇ ਬੇਅਦਬੀ ਮਾਮਲਿਆਂ ਦਾ ਸੰਖੇਪ ਵਿਚ ਜ਼ਿਕਰ ਕਰਦਿਆਂ ਆਖਿਆ ਕਿ ਸਾਰੀਆਂ ਰਵਾਇਤੀ ਪਾਰਟੀਆਂ ਸਮੇਤ ਸੱਤਾਧਾਰੀ ਧਿਰ ਦੇ ਵੀ ਸਾਰੇ ਆਗੂ ਇਕ-ਇਕ ਗੱਲ ਤੋਂ ਜਾਣੂ ਹਨ, ਜਾਂਚ ਰੀਪੋਰਟਾਂ ਗਵਾਹੀ ਭਰਦੀਆਂ ਹਨ ਕਿ ਦੋਸ਼ੀ ਸਾਹਮਣੇ ਆ ਚੁੱਕੇ ਹਨ, ਇਕ ਪਾਸੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਵਿਚ ਸੂਬਾ ਅਤੇ ਕੇਂਦਰ ਸਰਕਾਰਾਂ ਵਲੋਂ ਅੜਿੱਕੇ ਪਾਏ ਜਾ ਰਹੇ ਹਨ ਤੇ ਦੂਜੇ ਪਾਸੇ ਬੇਅਦਬੀ ਮਾਮਲਿਆਂ ਦੇ ਦੋਸ਼ੀ ਜ਼ਮਾਨਤਾਂ ’ਤੇ ਬਾਹਰ ਆਜ਼ਾਦ ਘੁੰਮ ਰਹੇ ਹਨ। ਬਹਿਬਲ ਮੋਰਚੇ ਵਿਚ ਹਾਜ਼ਰ ਕੱੁਝ ਹੋਰ ਲੋਕਾਂ ਵਲੋਂ ਪੰਜਾਬ ਦੇ ਪਾਣੀਆਂ ਦੇ ਮਾਮਲੇ ਵਿਚ ਪੁੱਛੇ ਸਵਾਲ ਦੇ ਜਵਾਬ ਵਿਚ ਕੁਲਤਾਰ ਸਿੰਘ ਸੰਧਵਾਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਕੋਲ ਗੁਆਂਢੀ ਰਾਜਾਂ ਨੂੰ ਦੇਣ ਲਈ ਇਕ ਬੂੰਦ ਵੀ ਪਾਣੀ ਵਾਧੂ ਨਹੀਂ ਹੈ, ਪੰਜਾਬ ਅਪਣੇ ਪਾਣੀਆਂ ਦੀ ਰਖਵਾਲੀ ਦਾ ਬਾਕਾਇਦਾ ਅਧਿਕਾਰ ਰਖਦਾ ਹੈ ਤੇ ਅਪਣੇ ਅਧਿਕਾਰਾਂ ਦੀ ਰਾਖੀ ਕਰਨਾ ਸਮੂਹ ਪੰਜਾਬੀਆਂ ਸਮੇਤ ਸੱਤਾਧਾਰੀ ਧਿਰ ਦਾ ਵੀ ਮੁੱਢਲਾ ਫ਼ਰਜ਼ ਹੈ।
ਫੋਟੋ :- ਕੇ.ਕੇ.ਪੀ.-ਗੁਰਿੰਦਰ-21-10ਜੇ