
ਪੰਜਾਬ ਸਰਕਾਰ ਨੇ ਵੀ ਮਾਸਕ ਪਾਉਣ ਦੀ ਜਾਰੀ ਕੀਤੀ ਹਦਾਇਤ
ਚੰਡੀਗੜ੍ਹ, 21 ਅਪੈ੍ਰਲ (ਭੁੱਲਰ) : ਪੰਜਾਬ ਵਿਚ ਵੀ ਹੁਣ ਹਰਿਆਣਾ, ਚੰਡੀਗੜ੍ਹ ਤੇ ਕੁੱਝ ਹੋਰ ਰਾਜਾਂ ਵਿਚ ਕੋਰੋਨਾ ਮਾਮਲੇ ਮੁੜ ਵਧਣ ਕਾਰਨ ਮਾਸਕ ਪਹਿਨਣ ਲਈ ਜਾਰੀ ਐਡਵਾਈਜ਼ਰੀ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਵੀ ਲੋਕਾਂ ਨੂੰ ਅਹਿਤਿਆਤੀ ਵਜੋਂ ਮਾਸਕ ਪਾਉਣ ਦੀ ਹਦਾਇਤ ਜਾਰੀ ਕਰ ਦਿਤੀ ਹੈ | ਪੰਜਾਬ ਦੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਮਾਸਕ ਸਬੰਧੀ ਐਡਵਾਇਜ਼ਰੀ ਦੇ ਹੁਕਮ ਜਾਰੀ ਕੀਤੇ ਹਨ | ਭਾਵੇਂ ਹਾਲੇ ਮਾਸਕ ਨਾ ਪਾਉਣ 'ਤੇ ਚਲਾਨ ਤਾਂ ਨਹੀਂ ਹੋਣਗੇ ਪਰ ਭੀੜ ਵਾਲੀਆਂ ਤੇ ਹੋਰ ਜਨਤਕ ਥਾਵਾਂ ਉਪਰ ਕੋਰੋਨਾ ਦੇ ਖ਼ਤਰੇ ਦੇ ਮੱਦੇਨਜ਼ਰ ਮਾਸਕ ਪਾਉਣ ਦੀ ਹਦਾਇਤ ਕੀਤੀ ਗਈ ਹੈ | ਜਾਰੀ ਹੁਕਮਾਂ ਅਨੁਸਾਰ ਭੀੜ ਵਾਲੀਆਂ ਤੇ ਜਨਤਕ ਥਾਵਾਂ ਤੋਂ ਇਲਾਵਾ ਬਸਾਂ, ਗੱਡੀਆਂ ਵਿਚ ਸਫ਼ਰ ਕਰਨ ਸਮੇਂ, ਸ਼ਾਪਿੰਗ ਮਾਲਜ਼, ਸਿਨੇਮਾ, ਦਫ਼ਤਰਾਂ ਅਤੇ ਸਕੂਲਾਂ ਦੇ ਕਲਾਸ ਰੂਮਾਂ ਵਿਚ ਮਾਸਕ ਪਾਉਣ ਲਈ ਕਿਹਾ ਗਿਆ ਹੈ | ਇਸ ਸਬੰਧੀ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਭੇਜੇ ਗਏ ਹਨ |