
ਕਿਹਾ, ਪ੍ਰਬੰਧਕਾਂ ਨੇ ਸਾਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ
ਸੋਮਵਾਰ ਨੂੰ ਮੋਹਾਲੀ ਦੇ ਫੇਸ 11 ਦੇ ਗੁਰਦੁਆਰਾ ਸਾਹਿਬ ਵਿਚ ਇਕ ਘਟਣਾ ਵਾਪਰੀ ਸੀ। ਜਿਸ ਵਿਚ ਗੁਰਦੁਆਰਾ ਸਾਹਿਬ ’ਚ ਲੰਗਰ ਪਕਾਉਣ ਗਈਆਂ ਔਰਤਾਂ ਨੇ ਪ੍ਰਬੰਧਕਾਂ ’ਤੇ ਇਲਜ਼ਾਮ ਲਗਾਏ ਸੀ ਕਿ ਪ੍ਰਬੰਧਕਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਹੈ। ਇਸੇ ਮੁੱਦੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਪੀੜਤ ਔਰਤ ਨੇ ਕਿਹਾ ਕਿ ਮੇਰਾ ਨਾਮ ਸੋਨੀਆ ਰਾਣੀ ਹੈ, ਮੈਂ ਪਿੰਡ ਕੁੰਭੜਾ ਦੀ ਰਹਿਣ ਵਾਲੀ ਹਾਂ। ਅਸੀਂ ਫ਼ੇਸ-11 ਦੇ ਬਾਬਾ ਨਾਮਦੇਵ ਗੁਰਦੁਆਰਾ ਸਾਹਿਬ ’ਚ 500 ਰੁਪਏ ਦਿਹਾੜੀ ’ਤੇ ਲੰਗਰ ਪਕਾਉਣ ਗਏ ਸੀ।
ਅਸੀਂ ਸਵੇਰ ਦੇ ਭੁੱਖੇ ਸੀ ਇਸ ਕਰ ਕੇ ਅਸੀਂ ਪ੍ਰਬੰਧਕਾਂ ਨੂੰ ਕਿਹਾ ਕਿ ਸਾਨੂੰ ਰੋਟੀ ਤੇ ਸਬਜ਼ੀ ਦੇ ਦੋ ਅਸੀਂ ਰੋਟੀ ਘਰ ਜਾ ਕੇ ਖਾ ਲਵਾਂਗੇ। ਇੰਨੀ ਜਿਹੀ ਗੱਲ ਪਿੱਛੇ ਪ੍ਰਬੰਧਕਾਂ ਨੇ ਸਾਡੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ। ਅਸੀਂ ਸਵੇਰੇ 8 ਵਜੇ ਗੁਰਦੁਆਰਾ ਸਾਹਿਬ ’ਚ ਪਹੁੰਚ ਗਏ ਸੀ ਤੇ ਦੁਪਹਿਰ 2.50 ਵਜੇ ਤੱਕ ਅਸੀਂ ਕੁੱਝ ਨਹੀਂ ਖਾਧਾ ਸੀ। ਪ੍ਰਬੰਧਕਾਂ ਨੇ ਸਾਨੂੰ ਤੇ ਸਾਡੇ ਨਾਲ ਆਈ ਛੋਟੀ ਬੱਚੀ ਨੂੰ ਚੱਪਲਾਂ ਨਾਲ ਕੁੱਟਿਆ। ਮੇਰੇ ਪਤੀ ਦਾ ਐਕਸੀਡੈਂਟ ਹੋ ਗਿਆ ਸੀ ਤੇ ਕਈ ਮਹੀਨੇ ਪਹਿਲਾਂ ਪਰਵਾਸੀਆਂ ਨੇ ਮੇਰੇ ਬੇਟੇ ਨੂੰ ਮਾਰ ਦਿਤਾ ਸੀ ਜਿਸ ਕਰ ਕੇ ਘਰ ਵਿਚ ਕੋਈ ਕਮਾਉਣ ਵਾਲਾ ਨਾ ਹੋਣ ਕਰ ਕੇ ਆਸੀਂ ਦਿਹਾੜੀ ’ਤੇ ਲੰਗਰ ਪਕਾਉਣ ਆਏ ਸੀ।
ਉਨ੍ਹਾਂ ਕਿਹਾ ਕਿ ਪ੍ਰਬੰਧਕ ਸਾਨੂੰ ਕਹਿੰਦੇ ਕਿ ਤੁਹਾਨੂੰ ਅਸੀਂ ਦਿਹਾੜੀ ਦੇਵਾਂਗੇ, ਲੰਗਰ ਨਹੀਂ। ਮੇਰਾ ਮੋਬਾਈਲ ਫੋਨ ਵੀ ਉਨ੍ਹਾਂ ਨੇ ਆਪਣੇ ਕੋਲ ਰੱਖ ਲਿਆ, ਜਿਸ ਦੇ ਪਿੱਛੇ 1150 ਰੁਪਏ ਰੱਖੇ ਹੋਏ ਸੀ। ਇਕ ਹੋਰ ਔਰਤ ਨੇ ਦਸਿਆ ਕਿ ਮੇਰੇ ਪਤੀ ਦੀ ਮੌਤ ਹੋ ਗਈ ਹੈ, ਜਿਸ ਕਰ ਕੇ ਮੈਂ ਦਿਹਾੜੀ ’ਤੇ ਲੰਗਰ ਪਕਾਉਣ ਆਈ ਸੀ। ਮੈਂ ਲੰਗਰ ਪਵਾਉਣ ਲਈ ਗਈ ਤਾਂ ਉਥੇ ਮੌਜੂਦ ਇਕ ਔਰਤ ਨੇ ਮੇਰੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਿਹਾ ਕਿ ਜੇ ਤੁਸੀਂ ਲੰਗਰ ਨਹੀਂ ਦੇਣਾ ਤਾਂ ਨਾ ਦੋ ਅਸੀਂ ਇੰਦਾ ਹੀ ਚਲੇ ਜਾਵਾਂਗੇ,
ਜਿਸ ਤੋਂ ਬਾਅਦ ਉਨ੍ਹਾਂ ਨੇ ਸਾਨੂੰ ਚੱਪਲਾਂ ਨਾਲ ਕੁੱਟਿਆ। ਗੁਰਦੁਆਰਾ ਸਾਹਿਬ ਵਿਚ ਜਿੰਨੇ ਵੀ ਲੋਕ ਮੌਜੂਦ ਸਨ ਕਿਸੇ ਨੇ ਉਨ੍ਹਾਂ ਨੂੰ ਨਹੀਂ ਹਟਾਇਆ। ਇਸ ਤੋਂ ਬਾਅਦ ਅਸੀਂ ਉਥੋਂ ਆ ਗਏ। ਕੁੰਭੜਾ ਪਿੰਡ ਦੇ ਪ੍ਰਧਾਨ ਨੇ ਕਿਹਾ ਕਿ ਇਹ ਜੋ ਘਟਣਾ ਵਾਪਰੀ ਹੈ ਬਹੁਤ ਮੰਦਭਾਗੀ ਹੈ, ਜਿਸ ਦਾ ਸਾਨੂੰ ਬਹੁਤ ਦੁੱਖ ਹੈ। ਉਨ੍ਹਾਂ ਕਿਹਾ ਕਿ ਪਿੰਡ ਕੁੰਭੜਾ ਦੀਆਂ ਦੋ ਭੈਣਾ ਬਾਬਾ ਰਾਮਦੇਵ ਗੁਰਦੁਆਰਾ ਸਾਹਿਬ ਵਿਚ ਦਿਹਾੜੀ ’ਤੇ ਰੋਟੀ ਪਕਾਉਣ ਲਈ ਆਈਆਂ ਸੀ। ਜਿਥੇ ਪ੍ਰਬੰਧਕਾਂ ਨੇ ਦੋ ਭੈਣਾ ਦੀ ਕੁੱਟਮਾਰ ਕੀਤੀ। ਉਨ੍ਹਾਂ ਕਿਹਾ ਕਿ ਮਸੰਦ ਅੱਜ ਵੀ ਜਿੰਦਾ ਹਨ ਜੇ ਦੇਖਣੇ ਹੋਣ ਤਾਂ ਫੇਸ 11 ਦੇ ਗੁਰਦੁਆਰਾ ਸਾਹਿਬ ਵਿਚ ਜਾ ਕੇ ਦੇਖ ਸਕਦੇ ਹੋ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਧਰਮ ਪਰਿਵਰਤਨ ਕਿਉਂ ਹੋ ਰਿਹਾ ਹੈ? ਇਸੇ ਕਰ ਕੇ ਹੋ ਰਿਹਾ ਹੈ। ਕਿਉਂਕਿ ਜਿਹੜੇ ਧਨਾੜ ਲੋਕ ਹਨ ਉਹ ਪਿਛੜੀ ਸ਼੍ਰੇਣੀਆਂ ਨੂੰ ਮਤਭੇਦ ਰੱਖਦੇ ਹਨ। ਅਸੀਂ ਇਨ੍ਹਾਂ ਪ੍ਰਬੰਧਕਾਂ ਵਿਰੁਧ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਕ ਨਿਖਤੀ ਸ਼ਿਕਾਇਤ ਦੇਵਾਂਗੇ। ਅਸੀਂ ਮੋਹਾਲੀ ਪੁਲਿਸ ਨੂੰ ਵੀ ਸ਼ਿਕਾਇਤ ਦਿਤੀ ਹੈ। ਇਹ ਸਾਰੀ ਘਟਣਾ ਸੀਸੀਟੀਵੀ ਕੈਮਰੀ ਵਿਚ ਰਿਕਾਰਡ ਹੋ ਚੁੱਕੀ ਹੈ। ਗੁਰੂਘਰ ’ਚ ਹੋਈ ਕੁੱਟਮਾਰ ਮਾਮਲੇ ’ਚ ASI ਹਰਨੇਕ ਸਿੰਘ ਮੋਹਾਲੀ ਨੇ ਕਿਹਾ ਕਿ ਸਾਡੇ ਕੋਲ ਫੇਸ-11 ਦੇ ਗੁਰਦੁਆਰਾ ਵਿਚ ਹੋਈ ਘਟਨਾ ਦੀ ਰਿਪੋਰਟ ਆ ਗਈ ਹੈ ਤੇ ਅਸੀਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਵੀ ਬੁਲਾਇਆ ਹੈ। ਅਸੀਂ ਇਸ ਘਰਨਾ ਦੀ ਜਾਂਚ ਕਰ ਰਹੇ ਹਾਂ ਤੇ ਸੀਸੀਟੀਵੀ ਫੁਟੇਜ ਵੀ ਦੇਖਾਂਗੇ। ਹਾਲੇ ਸਾਡੇ ਕੋਲ ਕੰਪਲੇਟ ਆਈ ਹੈ ਤੇ ਹਾਲੇ ਮਾਮਲਾ ਦਰਜ ਨਹੀਂ ਕੀਤਾ ਹੈ।