
ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਲੰਗਰ ਦੇ ਰਾਸ਼ਨ 'ਤੇ ਲੱਗੇ ਜੀਐਸਟੀ ਮਾਮਲੇ ...
ਅੰਮ੍ਰਿਤਸਰ, 22 ਮਈ (ਚਰਨਜੀਤ ਸਿੰਘ): ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਲੰਗਰ ਦੇ ਰਾਸ਼ਨ 'ਤੇ ਲੱਗੇ ਜੀਐਸਟੀ ਮਾਮਲੇ 'ਤੇ ਅਸਤੀਫ਼ਾ ਦੇ ਦੇਣ ਦੇ ਬਿਆਨ ਬਾਰੇ ਕਿਹਾ ਕਿ ਬੀਬੀ ਬਾਦਲ ਪੰਜਾਬੀਆਂ ਨੂੰ ਗੁਮਰਾਹ ਕਰ ਰਹੀ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਔਜਲਾ ਨੇ ਕਿਹਾ ਕਿ ਪਿਛਲੇ ਸਾਲ ਤੋਂ ਜੀਐਸਟੀ ਦਾ ਮਾਮਲਾ ਚੱਲ ਰਿਹਾ ਹੈ।
ਜਦੋਂ ਪੂਰੇ ਦੇਸ਼ ਵਿਚੋਂ ਚੁਣ ਕੇ ਆਏ ਸਾਂਸਦ ਜੀਐਸਟੀ ਮੁੱਦੇ 'ਤੇ ਮੋਦੀ ਸਰਕਾਰ ਨੂੰ ਘੇਰ ਰਹੇ ਸਨ ਤਾਂ ਬੀਬੀ ਬਾਦਲ ਨੇ ਇਸ ਮਾਮਲੇ 'ਤੇ ਮੂੰਹ ਖੋਲ੍ਹਣਾ ਜ਼ਰੂਰੀ ਨਹੀਂ ਸਮਝਿਆ। ਹੁਣ ਜਦ ਸਰਕਾਰ ਜਾਣ ਵਾਲੀ ਹੈ ਤੇ ਬੀਬੀ ਬਾਦਲ ਨੂੰ ਸਰਕਾਰ ਤੋਂ ਬਾਹਰ ਆਉਣ ਦਾ ਖਿਆਲ ਆ ਗਿਆ। ਔਜਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਨ੍ਹਾਂ ਦੀਆਂ ਗੱਲਾਂ ਵਿਚ ਨਹੀਂ ਆਉਣਗੇ।
GST
ਬੀਬੀ ਬਾਦਲ 'ਤੇ ਤਿੱਖੇ ਸ਼ਬਦੀ ਹਮਲੇ ਬੋਲਦਿਆਂ ਸ. ਔਜਲਾ ਨੇ ਕਿਹਾ ਕਿ ਬੀਬੀ ਜੇ ਲੰਗਰ ਮੁੱਦੇ 'ਤੇ ਗੰਭੀਰ ਹੁੰਦੀ ਤਾਂ ਪਾਰਲੀਮੈਂਟ ਵਿਚ ਸਾਡਾ ਸਾਥ ਦਿੰਦੀ ਜਾਂ ਇਕ ਸਾਲ ਪਹਿਲੇ ਹੀ ਸਰਕਾਰ ਛੱਡ ਦਿੰਦੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਭਾਰਤ ਰਤਨ ਦੇਣ ਦੀ ਮੰਗ 'ਤੇ ਬੋਲਦਿਆਂ ਔਜਲਾ ਨੇ ਕਿਹਾ ਕਿ ਕੋਈ ਵੀ ਸਨਮਾਨ ਲੋਕਾਂ ਨੇ ਦੇਣਾ ਹੁੰਦਾ ਹੈ ਤੇ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਦੀ ਪਾਰਟੀ ਨੂੰ ਤੀਜੇ ਨੰਬਰ 'ਤੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਫਲਾਈਟਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।