
ਕਈ ਰੂਟਾਂ 'ਤੇ 15 ਤੋਂ 20 ਤਕ ਸਵਾਰੀਆਂ ਵੀ ਨਹੀਂ ਮਿਲ ਰਹੀਆਂ ਬਸਾਂ ਨੂੰ
ਚੰਡੀਗੜ੍ਹ, 21 ਮਈ (ਗੁਰਉਪਦੇਸ਼ ਭੁੱਲਰ): ਭਾਵੇਂ ਪੰਜਾਬ ਸਰਕਾਰ ਨੇ ਸੂਬੇ 'ਚ ਲੋਕਾਂ ਦੀ ਮੁਸ਼ਕਲ ਨੂੰ ਵੇਖਦਿਆਂ ਮੁੱਖ ਰੂਟਾਂ ਉਪਰ ਬੱਸ ਸੇਵਾ ਬਹਾਲ ਕਰ ਦਿਤੀ ਹੈ ਪਰ 2 ਦਿਨਾਂ ਦੌਰਾਨ ਚਲਾਈਆਂ ਗਈਆਂ ਸਰਕਾਰੀ ਬਸਾਂ ਨੂੰ ਸਵਾਰੀਆਂ ਹੀ ਪੂਰੀਆਂ ਨਹੀਂ ਮਿਲ ਰਹੀਆਂ। ਭਾਵੇਂ ਕੋਰੋਨਾ ਸਾਵਧਾਨੀ ਤਹਿਤ ਬਸਾਂ 'ਚ 50 ਫ਼ੀ ਸਦੀ ਸਵਾਰੀਆਂ ਹੀ ਬਿਠਾਈਆਂ ਜਾ ਸਕਦੀਆਂ ਹਨ ਜਿਸ ਤਹਿਤ 25 ਤੋਂ 30 ਤਕ ਬਿਠਾਉਣ ਦੀ ਇਜਾਜ਼ਤ ਹੈ।
ਵੱਖ-ਵੱਖ ਬੱਸ ਅੱਡਿਆਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਰਾਜਧਾਨੀ ਚੰਡੀਗੜ੍ਹ ਨੂੰ ਛੱਡ ਕੇ ਵੱਖ ਵੱਖ ਜ਼ਿਲ੍ਹਿਆਂ ਤੋਂ ਜ਼ਿਲ੍ਹਿਆਂ ਤਕ ਚਲਾਈਆਂ ਬਸਾਂ ਨੂੰ 15 ਤੋਂ 20 ਤਕ ਸਵਾਰੀਆਂ ਵੀ ਕਈ ਥਾਈਂ ਨਹੀਂ ਮਿਲ ਰਹੀਆਂ। ਪੀ.ਆਰ.ਟੀ.ਸੀ. ਅਤੇ ਰੋਡਵੇਜ਼ ਅਧਿਕਾਰੀਆਂ ਵਲੋਂ ਬੱਸ ਚਾਲਕਾਂ ਨੂੰ ਹਦਾਇਤ ਹੈ ਕਿ ਘੱਟੋ-ਘੱਟ 15 ਤੋਂ 20 ਸਵਾਰੀਆਂ ਦੀ ਬੁਕਿੰਗ ਬਾਅਦ ਹੀ ਬੱਸ ਚਲਾਈ ਜਾਵੇ
ਪਰ ਫ਼ਰੀਦਕੋਟ, ਪਟਿਆਲਾ, ਫ਼ਿਰੋਜ਼ਪੁਰ, ਅਮ੍ਰਿਤਸਰ ਆਦਿ ਜ਼ਿਲ੍ਹਿਆਂ 'ਚ ਤਾਂ ਪਹਿਲੇ ਦਿਨ ਕਈ ਥਾਈਂ ਸਵਾਰੀਆਂ ਦੀ ਘਾਟ ਕਾਰਨ ਬਸਾਂ ਚਲੀਆਂ ਹੀ ਨਹੀਂ ਅਤੇ ਕਈ ਥਾਈਂ ਅੱਜ ਇਕ ਜਾਂ 2 ਬਸਾਂ ਮੁਸ਼ਕਲ ਨਾਲ ਚਲੀਆਂ ਹਨ। ਰਾਜਧਾਨੀ ਚੰਡੀਗੜ੍ਹ ਤੋਂ ਚੱਲਣ ਵਾਲੀਆਂ ਬਸਾਂ ਦਾ ਮਾਮਲਾ ਕੁੱਝ ਵਖਰਾ ਹੈ। ਇਥੇ ਪੂਰੇ ਸੂਬੇ ਨਾਲ ਜੁੜੇ ਲੋਕ ਰਹਿੰਦੇ ਹਨ ਅਤੇ ਉਹ ਬੱਸ ਸੇਵਾ ਬੰਦ ਹੋਣ ਕਾਰਨ ਫਸੇ ਹੋਏ ਸਨ ਅਤੇ ਮੁਲਾਜ਼ਮ ਵੀ ਕਾਫ਼ੀ ਗਿਣਤੀ 'ਚ ਚੰਡੀਗੜ੍ਹ 'ਚ ਆਉਂਦੇ ਅਤੇ ਇਥੋਂ ਜਾਂਦੇ ਹਨ,
File photo
ਜਿਸ ਕਰ ਕੇ ਇਥੋਂ ਚੱਲਣ ਵਾਲੀਆਂ ਬੱਸਾਂ ਨੂੰ ਜ਼ਿਲ੍ਹਿਆਂ ਤੋਂ ਚੱਲਣ ਵਾਲੀਆਂ ਬਸਾਂ ਮੁਕਾਬਲੇ ਜ਼ਿਆਦਾ ਕੁੱਝ ਸਵਾਰੀਆਂ ਮਿਲ ਰਹੀਆਂ ਹਨ। ਕਈ ਵਿਅਕਤੀਆਂ ਨਾਲ ਗੱਲਬਾਤ ਕਰਨ 'ਤੇ ਇਹ ਗੱਲ ਸਾਹਮਣੇ ਆਈ ਹੈ ਕਿ ਲੋਕਾਂ 'ਚ ਕੋਰੋਨਾ ਦੀ ਬਿਮਾਰੀ ਦਾ ਡਰ ਹੈ, ਜਿਸ ਕਰ ਕੇ ਉਹ ਬਾਹਰ ਨਿਕਲਣ ਤੋਂ ਗੁਰੇਜ਼ ਹੀ ਕਰ ਰਹੇ ਹਨ, ਜਿਸ ਕਰ ਕੇ ਬਸਾਂ 'ਚ ਘੱਟ ਸਵਾਰੀਆਂ ਦੀ ਮੁਸ਼ਕਲ ਆ ਰਹੀ ਹੈ।
ਬਸਾਂ ਦਾ 'ਨਾਨ ਸਟਾਪ' ਹੋਣਾ ਵੀ ਘੱਟ ਸਵਾਰੀਆਂ ਦਾ ਕਾਰਨ
ਇਕ ਕਾਰਨ ਚਲਣ ਵਾਲੀਆਂ ਬਸਾਂ ਸਿੱਧੀਆਂ ਇਕ ਥਾਂ ਤੋਂ ਬਿਨਾਂ ਰਸਤੇ 'ਚ ਰੁਕੇ ਹੀ ਅਪਣੀ ਮੰਜ਼ਲ 'ਤੇ ਜਾ ਕੇ ਰੁਕਣਾ ਹੈ। ਚੰਡੀਗੜ੍ਹ 'ਚ ਚਲੀ ਬੱਸ ਸਿੱਧੀ ਬਠਿੰਡਾ ਜਾ ਕੇ ਰੁਕਦੀ ਹੈ। ਇਸ ਤਰ੍ਹਾਂ ਰਸਤੇ 'ਚ ਆਉਣ ਵਾਲੇ ਮੁੱਖ ਸ਼ਹਿਰਾਂ ਵਾਲੇ ਲੋਕ ਸਫ਼ਰ ਨਹੀਂ ਕਰਦੇ। ਇਸੇ ਤਰ੍ਹਾਂ ਜ਼ਿਲ੍ਹਿਆਂ ਤੋਂ ਜ਼ਿਲ੍ਹਿਆਂ 'ਚ ਚੱਲਣ ਵਾਲੀਆਂ ਬਸਾਂ ਵੀ ਨਾਨ-ਸਟਾਪ ਹੋਣ ਕਾਰਨ ਲੋਕ ਵਿਚਾਲੇ ਰਸਤੇ 'ਚ ਭਟਕਣ ਦੇ ਡਰੋਂ ਸਫ਼ਰ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਰਸਤੇ 'ਚ ਮੁੱਖ ਥਾਵਾਂ 'ਤੇ ਬਸਾਂ ਦੀ ਸਟਾਪੇਜ ਹੋਣੀ ਚਾਹੀਦੀ ਹੈ, ਜਿਸ ਨਾਲ ਸਵਾਰੀਆਂ ਦੀ ਗਿਣਤੀ ਵਧ ਸਕਦੀ ਹੈ। ਇਸ ਸਬੰਧੀ ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਫ਼ਿਲਹਾਲ ਬੱਸ ਸੇਵਾ ਦੀ ਚੋਣਵੇਂ ਰੂਟਾਂ 'ਤੇ ਸ਼ੁਰੂਆਤ ਹੋਣੀ ਹੈ ਤੇ ਆਉਣ ਵਾਲੇ ਦਿਨਾਂ 'ਚ ਬਸਾਂ ਦੇ ਚੱਲਣ ਦੇ ਸ਼ਡਿਊਲ 'ਚ ਲੋੜ ਮੁਤਾਬਕ ਹੌਲੀ-ਹੌਲੀ ਤਬਦੀਲੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਸਾਰੇ ਮੁੱਖ ਰੂਟਾਂ ਲਈ ਬਸਾਂ ਦਾ ਪੂਰਾ ਪ੍ਰਬੰਧ ਕੀਤਾ ਹੈ ਅਤੇ ਹਾਲੇ ਕੋਈ ਸਮਾਂ ਵੀ ਨਿਸ਼ਚਿਤ ਨਹੀਂ। ਨਿਯਮਾਂ ਤਹਿਤ ਲੋੜੀਂਦੀਆਂ ਸਵਾਰੀਆਂ ਮਿਲਣ 'ਤੇ ਬੱਸ ਅਪਣੇ ਰੂਟ 'ਤੇ ਰਵਾਨਾ ਕੀਤੀ ਜਾ ਰਹੀ ਹੈ।