
ਪੰਥਕ ਆਗੂਆਂ ਨੂੰ ਅਬਦਾਲੀ ਦੇ ਸੁਪਨੇ ਸਾਕਾਰ ਨਹੀਂ ਕਰਨੇ ਚਾਹੀਦੇ : ਪਿੰ੍ਰ. ਸੁਰਿੰਦਰ ਸਿੰਘ
ਸ਼੍ਰੀ ਅਨੰਦਪੁਰ ਸਾਹਿਬ, 22 ਮਈ (ਜੰਗ ਸਿੰਘ, ਸੇਵਾ ਸਿੰਘ) : ਕੁੱਝ ਦਿਨ ਪਹਿਲਾਂ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਇਕ ਬੇਹਦ ਗ਼ੈਰ ਜ਼ਿੰਮੇਵਾਰਾਨਾ ਬਿਆਨ ਆਇਆ ਕਿ ਦਰਬਾਰ ਸਾਹਿਬ ਤੇ ਲੱਗੇ ਸੋਨਾ, ਸਰਕਾਰ ਨੂੰ ਦੇ ਦੇਣਾ ਚਾਹੀਦਾ ਹੈ। ਇਸ ਬਿਆਨ ਦਾ ਸਿੱਖ ਸੰਗਤ ਵਲੋਂ ਕਾਫ਼ੀ ਵਿਰੋਧ ਕੀਤਾ ਜਾ ਰਿਹਾ ਹੈ। ਇਸ ਬਿਆਨ ਬਾਰੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕਿਹਾ ਕਿ ਗੁਰੂ ਘਰਾਂ ਵਿਚ ਲੱਗਾ ਸੋਨਾ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ, ਸਗੋਂ ਸਿੱਖ ਪੰਥ ਦੀ ਧਰੋਹਰ ਹੈ।
ਇਸ ਧਰੋਹਰ ਤੇ ਸਮੁੱਚੀ ਸਿੱਖ ਸੰਗਤ ਦਾ ਅਧਿਕਾਰ ਹੈ। ਸੰਗਤਾਂ ਵਲੋਂ ਚੁਣੇ ਨੁਮਾਇੰਦੇ ਪੰਥ ਦੇ ਸੇਵਾਦਾਰ ਹੁੰਦੇ ਹਨ ਅਤੇ ਪੰਥਕ ਆਗੂਆਂ ਨੂੰ ਅਬਦਾਲੀ ਦੇ ਸੁਪਨੇ ਸਾਕਾਰ ਨਹੀਂ ਕਰਨੇ ਚਾਹੀਦੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਤਾਂ 1984 ਦੇ ਬਲਿਊ ਸਟਾਰ ਅਪਰੇਸ਼ਨ ਵੇਲੇ ਕੇਂਦਰ ਵਲੋਂ ਕੀਤੀ ਲੁੱਟ-ਖਸੁੱਟ ਦਾ ਪਹਿਲਾਂ ਹੀ ਹਿਸਾਬ ਮੰਗ ਰਹੀ ਹੈ ਪਰ ਸਿਰਸਾ ਵਰਗੇ ਪੰਥਕ ਆਗੂ ਡੋਗਰਿਆਂ ਵਾਲਾ ਰੋਲ ਅਦਾ ਕਰ ਰਹੇ ਹਨ। ਹਰ ਸਿੱਖ ਦਾ ਅਜਿਹੇ ਬਿਆਨ ਨਾਲ ਹਿਰਦਾ ਵਲੂੰਧਰਿਆ ਗਿਆ ਹੈ। ਮਨਜਿੰਦਰ ਸਿੰਘ ਸਿਰਸਾ ਵਲੋਂ ਦਿਤੇ ਗ਼ੈਰ ਜ਼ਿੰਮੇਵਾਰਾਨਾ ਬਿਆਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸਿਰਸਾ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਣਾ ਚਾਹੀਦਾ ਹੈ ਤਾਕਿ ਅਪਣੇ ਆਪ ਨੂੰ ਜ਼ਿੰਮੇਵਾਰ ਸਮਝਣ ਵਾਲੇ ਆਗੂ ਪੰਥ ਦੀਆਂ ਜਾਇਦਾਦਾਂ ਦਾ ਨੁਕਸਾਨ ਕਰਨ ਬਾਰੇ ਕਦੇ ਸੋਚ ਵੀ ਨਾ ਸਕਣ।