
ਪੰਜਾਬ ਦੇ ਨਾਲ-ਨਾਲ ਹਿਮਾਚਲ, ਝਾਰਖੰਡ, ਕਲਕੱਤਾ, ਸ੍ਰੀ ਪਟਨਾ ਸਾਹਿਬ ਆਦਿ ਦੇ ਬੱਚੇ ਲੈ ਰਹੇ ਹਨ ਭਾਗ
ਅੰਮ੍ਰਿਤਸਰ, 21 ਮਈ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਨੌਜੁਆਨਾਂ ਅਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਆਨਲਾਈਨ ਧਰਮ ਪ੍ਰਚਾਰ ਲਹਿਰ ਆਰੰਭੀ ਗਈ ਹੈ। ਕੋਰੋਨਾ ਵਾਇਰਸ ਦੇ ਚਲਦਿਆਂ ਤਾਲਬੰਦੀ ਕਾਰਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਦੇਸ਼ ਭਰ ਅੰਦਰ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ।
ਇਸ ਤਹਿਤ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਵਲੋਂ ਸੰਗਤਾਂ ਤਕ ਪਹੁੰਚ ਕੀਤੀ ਜਾ ਰਹੀ ਹੈ ਅਤੇ ਗੁਰਬਾਣੀ, ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਕਲਾਸਾਂ ਦੌਰਾਨ ਜੁੜੇ ਵੱਖ-ਵੱਖ ਸੂਬਿਆਂ ਦੇ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੀ ਸੰਬੋਧਨ ਕੀਤਾ। ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ ਨੇ ਦਸਿਆ ਕਿ ਆਨਲਾਈਨ ਕਲਾਸਾਂ ਰਾਹੀਂ 10 ਹਜ਼ਾਰ ਦੇ ਕਰੀਬ ਬੱਚੇ ਸਿੱਖੀ ਬਾਰੇ ਜਾਣਕਾਰੀ ਹਾਸਲ ਕਰ ਰਹੇ ਹਨ।
File photo
ਕੋਰੋਨਾ ਵਾਇਰਸ ਕਾਰਨ ਧਰਮ ਪ੍ਰਚਾਰ ਕਮੇਟੀ ਨੇ ਇਹ ਵਿਧੀ ਅਪਣਾਈ ਹੈ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਜਿਥੇ-ਜਿਥੇ ਕਲਾਸਾਂ ਲਗਾਉਂਦੇ ਸਨ, ਉਨ੍ਹਾਂ ਤਕ ਪਹੁੰਚ ਕਰ ਕੇ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਧਰਮ ਪ੍ਰਚਾਰ ਕਮੇਟੀ ਦੇ 276 ਪ੍ਰਚਾਰਕ ਇਹ ਕਾਰਜ ਕਰ ਰਹੇ ਹਨ। ਕਲਾਸਾਂ ਦਾ ਸਮਾਂ ਰੋਜ਼ਾਨਾ ਸ਼ਾਮ 6 ਵਜੇ ਤੋਂ 7:30 ਵਜੇ ਤਕ ਰੱਖਿਆ ਗਿਆ ਹੈ। ਸਮੇਂ ਸਮੇਂ ਸਪੈਸ਼ਲ ਕਲਾਸਾਂ ਲਗਾਉਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ, ਜਿਨ੍ਹਾਂ ਵਿਚ ਸਿੱਖ ਕੌਮ ਦੇ ਵਿਦਵਾਨ ਅਤੇ ਬੁੱਧੀਜੀਵੀ ਸੰਬੋਧਨ ਕਰਨਗੇ।
ਆਨਲਾਈਨ ਕਲਾਸਾਂ ਰਾਹੀਂ ਗੁਰਬਾਣੀ ਉਚਾਰਣ ਦੀ ਜਾਣਕਾਰੀ ਤੋਂ ਇਲਾਵਾ ਸਿੱਖ ਇਤਿਹਾਸ ਅਤੇ ਰਹਿਤ ਮਰਯਾਦਾ ਨਾਲ ਸਬੰਧਤ ਜਾਣਕਾਰੀ ਭਰਪੂਰ ਲੈਕਚਰ ਤਿਆਰ ਕੀਤੇ ਗਏ ਹਨ। ਬੱਚਿਆਂ ਨੂੰ ਗੁਰ-ਇਤਿਹਾਸ ਤੇ ਸਿੱਖ ਰਹਿਤ ਮਰਯਾਦਾ ਨਾਲ ਸਬੰਧਤ ਜਾਣਕਾਰੀ ਦੇਣ ਲਈ ਭਾਈ ਜਗਦੇਵ ਸਿੰਘ ਹੈੱਡ ਪ੍ਰਚਾਰਕ, ਭਾਈ ਅਮਰ ਸਿੰਘ ਪ੍ਰਚਾਰਕ, ਭਾਈ ਜਸਵਿੰਦਰ ਸਿੰਘ ਸ਼ਹੂਰ, ਭਾਈ ਸਤਨਾਮ ਸਿੰਘ, ਭਾਈ ਗੁਰਦੀਪ ਸਿੰਘ ਚੌਂਤਾ ਡਿਊਟੀ ਨਿਭਾਅ ਰਹੇ ਹਨ। ਇਸੇ ਤਰ੍ਹਾਂ ਭਾਈ ਸਰਬਜੀਤ ਸਿੰਘ ਢੋਟੀਆਂ ਅਤੇ ਭਾਈ ਪਰਮਿੰਦਰ ਸਿੰਘ ਵਲੋਂ ਗੁਰਬਾਣੀ ਸੰਥਿਆ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ।
ਪ੍ਰਚਾਰਕ ਭਾਈ ਸਤਨਾਮ ਸਿੰਘ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਦੇ ਮੱਦੇਨਜ਼ਰ ਵਿਸ਼ੇਸ਼ ਤੌਰ ’ਤੇ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਨੂੰ ਬੱਚਿਆਂ ਨਾਲ ਸਾਂਝਾ ਕਰ ਰਹੇ ਹਨ। ਆਨਲਾਈਨ ਕਲਾਸਾਂ ਦੌਰਾਨ ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼, ਝਾਰਖੰਡ, ਪੱਛਮੀ ਬੰਗਾਲ ਕਲਕੱਤਾ, ਸ੍ਰੀ ਪਟਨਾ ਸਾਹਿਬ ਬਿਹਾਰ, ਜੰਮੂ, ਕੁਰੂਕੁਸ਼ੇਤਰ ਹਰਿਆਣਾ ਅਤੇ ਅਹਿਮਾਦਾਬਾਦ ਆਦਿ ਥਾਵਾਂ ਤੋਂ ਬੱਚੇ ਭਾਗ ਲੈ ਰਹੇ ਹਨ।