
ਹੁਣ ਖ਼ੁਦ ਰਾਹੁਲ ਗਾਂਧੀ ਪੰਜਾਬ ਕਾਂਗਰਸ ਦੇ ਸੰਕਟ ਨੂੰ ਸੁਲਝਾਉਣਗੇ
ਕੇ.ਸੀ. ਵੇਣੂਗੋਪਾਲ ਤੇ ਕੁੱਝ ਹੋਰ ਸੀਨੀਅਰ ਆਗੂ ਕਰਨਗੇ ਪੰਜਾਬ ਦੇ ਕਾਂਗਰਸ ਆਗੂਆਂ ਨਾਲ ਗੱਲਬਾਤ
ਚੰਡੀਗੜ੍ਹ, 21 ਮਈ (ਗੁਰਉਪਦੇਸ਼ ਭੁੱਲਰ): ਪੰਜਾਬ ਦੀ ਹਾਕਮ ਪਾਰਟੀ ਵਿਚ ਪੈਦਾ ਹੋਏ ਆਪਸੀ ਟਕਰਾਅ ਨੂੰ ਰੋਕਣ ਲਈ ਹੁਣ ਖ਼ੁਦ ਰਾਹੁਲ ਗਾਂਧੀ ਸਰਗਰਮ ਹੋ ਗਏ ਹਨ | ਮਿਲੀ ਜਾਣਕਾਰੀ ਅਨੁਸਾਰ ਉਹ ਪਿਛਲੇ ਦਿਨਾਂ ਵਿਚ ਬੀਮਾਰ ਚਲ ਰਹੇ ਸਨ ਅਤੇ ਹੁਣ ਠੀਕ ਹੋਣ ਬਾਅਦ ਪੰਜਾਬ ਦੇ ਪਾਰਟੀ ਸੰਕਟ ਵੱਲ ਧਿਆਨ ਦਿੰਦਿਆਂ ਹਾਈਕਮਾਨ ਦੇ ਕੁੱਝ ਸੀਨੀਅਰ ਆਗੂਆਂ ਨੂੰ ਮਾਮਲਾ ਸੁਲਝਾਉਣ ਦੀ ਜ਼ਿੰਮੇਵਾਰੀ ਦੇ ਰਹੇ ਹਨ | ਇਨ੍ਹਾਂ ਵਿਚ ਇਕ ਨਾਂ ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਦਾ ਹੈ ਅਤੇ ਦੂਜਾ ਨਾਂ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਦਾ ਹੈ | ਇਸ ਨਾਲ ਇਕ ਦੋ ਹੋਰ ਸੀਨੀਅਰ ਨੇਤਾਵਾਂ ਨੂੰ ਜੋੜ ਕੇ ਪੰਜਾਬ ਦੇ ਸਾਰੇ ਵਿਧਾਇਕਾਂ ਤੇ ਪ੍ਰਮੁੱਖ ਆਗੂਆਂ ਨਾਲ ਗੱਲਬਾਤ ਸ਼ੁਰੂ ਕੀਤੀ ਜਾਵੇਗੀ | ਇਕ ਦੋ ਦਿਨ ਵਿਚ ਹੀ ਗੱਲਬਾਤ ਸ਼ੁਰੂ ਕਰ ਕੇ ਛੇਤੀ ਕੋਈ ਅਹਿਮ ਫ਼ੈਸਲਾ ਲਿਆ ਜਾਵੇਗ |
ਜ਼ਿਕਰਯੋਗ ਹੈ ਕਿ ਅੱਜ ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਵੀ ਦਿੱਲੀ ਵਿਚ ਇਕ ਸੰਖੇਪ ਬਿਆਨ ਵਿਚ ਸਪਸ਼ਟ ਕੀਤਾ ਹੈ ਕਿ ਪਾਰਟੀ ਹਾਈਕਮਾਨ ਪੰਜਾਬ ਕਾਂਗਰਸ ਦੀ ਸਥਿਤੀ 'ਤੇ ਪੂਰੀ ਨਜ਼ਰ ਰੱਖ ਰਹੀ ਹੈ ਅਤੇ ਛੇਤੀ ਹੀ ਪੈਦਾ ਹੋਏ ਮਸਲੇ ਦਾ ਹੱਲ ਕਢਿਆ ਜਾਵੇਗਾ | ਹਾਈਕਮਾਨ ਨੇ ਫ਼ਿਲਹਾਲ ਪੰਜਾਬ ਕਾਂਗਰਸ ਦੇ ਸਾਰੇ ਆਗੂਆਂ ਨੂੰ ਬਿਆਨਬਾਜ਼ੀ ਤੋਂ ਵਰਜਿਆ ਹੋਇਆ ਹੈ ਜਿਸ ਕਰ ਕੇ ਦੋ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਨੂੰ ਛੱਡ ਕੇ ਬਾਕੀ ਸਾਰੇ ਨੇਤਾ ਚੁੱਪ ਹਨ | ਇਸ ਸਮੇਂ ਸੱਭ ਹਾਈਕਮਾਨ ਵਲ ਨਜ਼ਰਾਂ ਲਾਈ ਬੈਠੇ ਹਨ |
ਹਾਈਕਮਾਨ ਦੇ ਸੀਨੀਅਰ ਆਗੂ ਜਾਂ ਤਾਂ ਪੰਜਾਬ ਦੇ ਵਿਧਾਇਕਾ ਤੇ ਪ੍ਰਮੁੱਖ ਨੇਤਾਵਾਂ ਨੂੰ ਇਕ ਦੋ ਦਿਨ ਵਿਚ ਦਿੱਲੀ ਸੱਦ ਸਕਦੇ ਹਨ ਜਾਂ ਆਗੂਆਂ ਦੀ ਟੀਮ ਚੰਡੀਗੜ੍ਹ ਵੀ ਆ ਸਕਦੀ ਹੈ | ਇਕੱਲੇ ਇਕੱਲੇ ਮੈਂਬਰ ਤੋਂ ਸਾਰੀ ਸਥਿਤੀ, ਸਰਕਾਰ ਤੇ ਪਾਰਟੀ ਸੰਗਠਨ ਬਾਰੇ ਰਾਏ ਪੁਛ ਕੇ ਉਸ ਦੇ ਆਧਾਰ 'ਤੇ ਕੋਈ ਅਗਲਾ ਫ਼ੈਸਲਾ ਹਾਈਕਮਾਨ ਲੈ ਸਕਦਾ ਹੈ |