ਕੈਪਟਨ ਅਮਰਿੰਦਰ ਸਿੰਘ ਦਾ ਮਤਲਬ ਕਾਂਗਰਸ ਨਹੀਂ : ਪ੍ਰਗਟ ਸਿੰਘ
Published : May 22, 2021, 9:24 am IST
Updated : May 22, 2021, 9:35 am IST
SHARE ARTICLE
Pargat Singh
Pargat Singh

ਚਿਤਾਵਨੀ ਮਿਲਣ ਪਿੱਛੋਂ ਪ੍ਰਗਟ ਸਿੰਘ ਦਾ ਬੇਬਾਕ ਇੰਟਰਵਿਊ

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਪਿਛਲੇ ਕੁਝ ਸਮੇਂ ਤੋਂ ਪੰਜਾਬ ਕਾਂਗਰਸ ਵਿਚ ਪੈਦਾ ਹੋਈ ਹਿਲਜੁਲ ਹੁਣ ਪਾਰਟੀ ਦੇ ਵੱਡੇ ਸੰਕਟ ਦਾ ਰੂਪ ਲੈ ਰਹੀ ਹੈ। ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਵਿਰੁੱਧ ਪਾਰਟੀ ਦੇ ਅੰਦਰੋਂ ਹੀ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸਬੰਧੀ ਪੰਜਾਬ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਵਿਸ਼ੇਸ਼ ਗੱਲਬਾਤ ਕੀਤੀ।

ਸਵਾਲ: 7 ਸਾਲ ਪਹਿਲਾਂ ਜਦੋਂ ਕਾਂਗਰਸ ਸਰਕਾਰ ਸੀ ਤਾਂ ਸੀਬੀਆਈ ਨੂੰ ਇਕ ‘ਤੋਤਾ’ ਕਿਹਾ ਗਿਆ ਸੀ, ਜਿਵੇਂ ਤੁਸੀਂ ਗੱਲ ਕੀਤੀ ਹੈ ਤਾਂ ਲੱਗਦਾ ਹੈ ਕਿ ਉਹ ‘ਤੋਤਾ’ ਅਸਲ ਵਿਚ ਕਾਂਗਰਸ ਨੇ ਹੀ ਬਣਾਇਆ ਸੀ, ਅੱਜ ਜਿਹੜਾ ਤੁਹਾਨੂੰ ਹੀ ਵੱਢ ਰਿਹਾ ਹੈ?

ਜਵਾਬ: ਇਸ ਸੂਬਾ ਪੱਧਰ ’ਤੇ ਹੀ ਨਹੀਂ ਬਲਕਿ ਰਾਸ਼ਟਰੀ ਪੱਧਰ ’ਤੇ ਵੀ ਸਾਡੀ ਬਦਕਿਸਮਤੀ ਨਾਲ ਹੈ ਕਿਉਂਕਿ ਅਸੀਂ ਸੰਸਥਾਵਾਂ ਖਤਮ ਕਰਨ ਵਿਚ ਲੱਗੇ ਹੋਏ ਹਾਂ। ਜਦੋਂ ਵੀ ਕੋਈ ਆਈਪੀਐਸ ਅਫਸਰ ਜਾਂ ਆਈਏਐਸ ਅਫਸਰ ਜਾਂ ਕੋਈ ਹੋਰ ਅਫਸਰ ਅਕੈਡਮੀ ’ਚੋਂ ਪਾਸ ਹੁੰਦੇ ਨੇ ਤਾਂ ਇਹਨਾਂ ਨੂੰ ਸਹੁੰ ਦਿਵਾਈ ਜਾਂਦੀ ਹੈ ਕਿ ਤੁਸੀਂ ਸੰਵਿਧਾਨ ਦੇ ਮੁਤਾਬਕ ਜੋ ਤੁਹਾਨੂੰ ਸਹੀ ਲੱਗਦਾ ਹੈ, ਬਿਨਾਂ ਕਿਸੇ ਭੇਦਭਾਵ ਉਸ ਉੱਤੇ ਕੰਮ ਕਰੋਗੇ। ਪਰ ਅਖੀਰ ਵਿਚ ਅਫ਼ਸਰ ਨੂੰ ਸਿਰਫ ਇਕ ਪੋਸਟਿੰਗ ਚਾਹੀਦੀ ਹੁੰਦੀ ਹੈ ਪਰ ਸਿਆਸਤ ਦਾ ਇਕ ਵੱਖਰਾ ਮਾਹੌਲ ਹੈ।

ਸਵਾਲ: ਤੁਸੀਂ ਕਿਹਾ ਕਿ ਤੁਹਾਨੂੰ ਸਿਆਸੀ ਸਕੱਤਰ ਦਾ ਇਕ ਫੋਨ ਆਇਆ ਕਿ ਤੁਹਾਡੀ ਇਕ ਫਾਈਲ ਹੈ। ਜੇਕਰ ਤੁਸੀਂ ਲਾਈਨ ਵਿਚ ਨਹੀਂ ਆਓਗੇ ਤਾਂ ਤੁਹਾਡੀ ਫਾਈਲ ਖੋਲ੍ਹੀ ਜਾਵੇਗੀ। ਕੀ ਇਹ ਅਸਲ ਵਿਚ ਹੋਇਆ ਹੈ?

ਜਵਾਬ: ਬਿਲਕੁਲ। ਜੇ ਮੈਨੂੰ ਫੋਨ ਨਾ ਆਇਆ ਹੁੰਦਾ ਤਾਂ ਮੈਂ ਕਹਿਣਾ ਹੀ ਨਹੀਂ ਸੀ। ਮੈਂ ਇਸ ਤਰ੍ਹਾਂ ਦੀ ਸੋਚ ਨਹੀਂ ਰੱਖਦਾ ਅਤੇ ਨਾ ਹੀ ਮੈਂ ਕੋਈ ਰਿਕਾਡਿੰਗ ਵਗੈਰਾ ਨਹੀਂ ਕਰਦਾ ਹਾਂ।

Pargat Singh and Nimrat KaurPargat Singh and Nimrat Kaur

ਸਵਾਲ: ਇਕ ਸੋਚ ਇਹ ਵੀ ਕਹਿ ਰਹੀ ਹੈ ਕਿ ਤੁਸੀਂ ਨਵਜੋਤ ਸਿੱਧੂ ਦੇ ਬਹੁਤ ਕਰੀਬ ਹੋ ਤੇ ਤੁਸੀਂ ਉਹਨਾਂ ਦਾ ਪੱਖ ਲੈ ਕੇ ਇਸ ਮੁੱਦੇ ਨੂੰ ਚੁੱਕ ਰਹੇ ਹੋ?

ਜਵਾਬ: ਨਹੀਂ, ਨਵਜੋਤ ਸਿੱਧੂ ਦੋਸਤ ਹੈ ਮੇਰਾ ਪਰ ਜੇਕਰ ਉਹ ਕੋਈ ਗਲਤ ਗੱਲ ਕਰਦਾ ਹੈ ਤਾਂ ਮੈ ਬੋਲਾਂਗਾ। ਅਸੀਂ ਇਕ ਟੀਮ ਹਾਂ, ਜੇਕਰ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਸਹੀ ਗੱਲ ਨਹੀਂ ਕਰਨਗੇ ਤਾਂ ਅਖੀਰ ਵਿਚ ਲੋਕਤੰਤਰ ਦਾ ਮੂਲ ਰੂਪ ਭੰਗ ਹੋ ਜਾਵੇਗਾ।

ਸਵਾਲ: ਤੁਹਾਨੂੰ ਸਿਆਸੀ ਸਕੱਤਰ ਨੇ ਕਿਹਾ ਕਿ ਫਾਈਲਾਂ ਖੁੱਲ੍ਹ ਜਾਣਗੀਆਂ, ਉਹ ਕਿਹੋ ਜਿਹੀਆਂ ਫਾਈਲਾਂ ਨੇ ?

ਜਵਾਬ: ਹੋ ਸਕਦਾ ਹੈ ਜਾਇਦਾਦ ਦੀਆਂ ਕੋਈ ਫਾਇਲਾਂ ਹੋਣ ਜਾਂ ਹੋਰ ਕੋਈ ਫਾਈਲਾਂ ਹੋਣਗੀਆਂ। ਮੈਨੂੰ ਨਹੀਂ ਪਤਾ।

ਸਵਾਲ: ਕੀ ਤੁਹਾਡੇ ਕੋਲੋਂ ਕੋਈ ਕੰਮ ਕਰਵਾਇਆ ਗਿਆ ਜਾਂ ਤੁਸੀਂ ਕੀਤਾ ਹੋਵੇ, ਜਿਸ ਦੀ ਫਾਈਲ ਰੱਖੀ ਗਈ, ਕਿਹੋ ਜਿਹੀ ਫਾਈਲ ਹੋ ਸਕਦੀ ਹੈ?

ਜਵਾਬ: ਮੈਨੂੰ ਪਤਾ ਹੀ ਨਹੀਂ। ਮੈਂ ਤਾਂ ਕਿਹਾ ਕਿ ਕਰਵਾ ਲਓ ਜੋ ਕਰਵਾਉਣਾ ਹੈ ਪਰ ਭੇਜਿਓ ਉਹ ਬੰਦਾ ਜਿਸ ਦੀਆਂ ਲੱਤਾਂ ਵਿਚ ਜਾਨ ਹੋਵੇ ਤੇ ਸਾਫ ਸੁਥਰਾ ਹੋਵੇ। ਜੇਕਰ ਮੈਂ ਕੋਈ ਗਲਤ ਕੰਮ ਕਰਦਾ ਹਾਂ ਤਾਂ ਮੈਂ ਸਜ਼ਾ ਦਾ ਵੀ ਹੱਕਦਾਰ ਹਾਂ।

ਸਵਾਲ: ਤੁਸੀਂ ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕੀਤੀ ਕਿ ਤੁਹਾਡੇ ਸਿਆਸੀ ਸਕੱਤਰ ਵੱਲੋਂ ਫੋਨ ਆਇਆ ਹੈ?

ਜਵਾਬ: ਅਸਲ ਗੱਲ ਇਹ ਹੈ ਕਿ ਸਾਡੀ ਮੁੱਖ ਮੰਤਰੀ ਨਾਲ ਸਿੱਧੀ ਗੱਲ ਨਹੀਂ ਹੁੰਦੀ, ਸਾਡੀ ਗੱਲ ਸਿਆਸੀ ਸਕੱਤਰ ਜ਼ਰੀਏ ਹੀ ਹੁੰਦੀ ਹੈ।

Charanjit Singh ChanniCharanjit Singh Channi

ਸਵਾਲ: ਤੁਹਾਨੂੰ ਫੋਨ ਆਉਣ ਤੋਂ ਬਾਅਦ ਚੰਨੀ ਜੀ ਤੇ ਵੀ ਇਲਜ਼ਾਮ ਲੱਗੇ ਨੇਹੁਣ ਕੀ ਸੋਚਿਆ ਜਾ ਰਿਹਾ ਹੈ ਕੀ ਕੀਤਾ ਜਾਵੇਗਾ?

ਜਵਾਬ: ਅਸੀਂ ਗਲਤ ਰਾਹ ’ਤੇ ਪੈ ਗਏ। ਪੰਜਾਬ ਵਿਚ ਕਈ ਮੁੱਦੇ ਹਨ, ਮੈਂ ਨਹੀਂ ਕਹਿੰਦਾ ਕਿ ਸਾਡੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ। ਆਰਡੀਐਫ ਦੇ ਪੈਸੇ ਆਏ, ਸ਼ਹਿਰਾਂ ਲਈ ਪੈਸੇ ਆਏ, ਹੋਰ ਕਈ ਸਕੀਮਾਂ ਦੇ ਪੈਸੇ ਆਏ ਪਰ ਕੁਝ ਮੁੱਖ ਮੁੱਦੇ ਸੀ ਜਿਵੇਂ ਬੇਅਦਬੀ ਦਾ ਮੁੱਦਾ, ਨਸ਼ਿਆਂ ਦਾ ਮੁੱਦਾ, ਬਿਜਲੀ ਖਰੀਦ ਸਮਝੌਤਾ। ਧਾਰਮਿਕ ਮੁੱਦਾ ਸਾਡੀਆਂ ਭਾਵਨਾਵਾਂ ਦਾ ਮੁੱਦਾ ਹੈ ਕਿਉਂਕਿ ਜਦੋਂ ਇਨਸਾਨ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤਾਂ ਉਹ ਵੀ ਬਹੁਤ ਨੁਕਸਾਨ ਕਰਦੀਆਂ।

ਇਸ ਸਾਡਾ ਫਾਇਨੈਂਸ਼ੀਅਲ ਮੁੱਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ 25 ਸਾਲ ਦੇ ਸਮਝੌਤੇ ਕੀਤੇ। ਉਸ ਵਿਚ ਇੰਨੀਆਂ ਕਮੀਆਂ ਹਨ ਕਿ ਅੱਜ ਸਾਨੂੰ ਫਰਕ ਪੈ ਰਿਹਾ ਪਰ ਸਾਨੂੰ 18 ਸਾਲ ਹੋਰ ਫਰਕ ਪੈਣਾ, ਉਸ ਤੋਂ ਬਾਅਦ ਨਹੀਂ। ਅਸੀਂ ਉਸ ਦੀ ਸਮੀਖਿਆ ਕਿਉਂ ਨਹੀਂ ਕਰ ਸਕੇ। ਇਕ ਰੈਲੀ ਵਿਚ ਸੁਖਬੀਰ ਬਾਦਲ ਨੇ ਕਿਹਾ ਕਿ ਬਿਜਲੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਮਹਿੰਗੀ ਕੀਤੀ ਹੈ ਜਦਕਿ ਕੰਮ ਸਾਰਾ ਉਹਨਾਂ ਦਾ ਕੀਤਾ ਹੋਇਆ ਹੈ।

ਸਵਾਲ: ਜੋ ਕੰਮ ਪਹਿਲਾਂ ਕੀਤੇ ਗਏ ਜਿਵੇਂ ਬਰਬਾੜੀ ਦਾ ਮੁੱਦਾ ਹੋਵੇ ਜਾਂ ਨਸ਼ੇ ਦੀ ਜੜ੍ਹ ਉਦੋਂ ਸ਼ੁਰੂ ਹੋਈ ਸੀ, ਉਹਨਾਂ ਦੇ ਇਲਜ਼ਾਮ ਕਾਂਗਰਸ ਨੇ ਅਪਣੇ ਸਿਰ ਉੱਤੇ ਲੈ ਲਏ?

ਜਵਾਬ: ਮੈਂ ਸਮਝਣ ਵਿਚ ਅਸਫਲ ਰਿਹਾ । ਮੈਂ ਬਦਲਾਖੋਰੀ ਦੀ ਰਾਜਨੀਤੀ ਦੇ ਪੱਖ ਵਿਚ ਨਹੀਂ। ਸਰਕਾਰ ਦਾ ਕੰਮ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨਾ ਹੈ। ਦੂਜੀ ਗੱਲ ਜਿਸ ਨੇ ਗੁਨਾਹ ਕੀਤਾ ਉਸ ਨੂੰ ਸਜ਼ਾ ਦੇਣੀ ਚਾਹੀਦੀ ਹੈ, ਜਿਸ ’ਤੇ ਜ਼ੁਰਮ ਹੋਇਆ ਉਸ ਨੂੰ ਇਨਸਾਫ ਦੇਣਾ ਚਾਹੀਦਾ ਹੈ। ਪਰ ਬਦਕਿਸਮਤੀ ਨਾਲ ਧਾਰਨਾਂ ਇਹ ਬਣ ਗਈ ਕਿ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਤੇ ਬਾਦਲ ਪਰਿਵਾਰ ਆਪਸ ਵਿਚ ਰਲ਼ ਗਏ। ਧਾਰਨਾ, ਅਸਲੀਅਤ ਨਾਲੋਂ ਵੀ ਮਾੜੀ ਹੁੰਦੀ ਹੈ।

ਕੈਪਟਨ ਅਮਰਿੰਦਰ ਸਿੰਘ ਵਿਚ ਬਹੁਤ ਗੁਣ ਹਨ, ਉਹ ਐਵੇਂ ਹੀ ਲੀਡਰ ਨਹੀਂ ਬਣੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਿਚ ਹੀ ਬਹੁਤ ਗੁਣ ਹਨ। ਪਰ ਆਖਰਕਾਰ ਅਸੀਂ ਉਸ ਨੂੰ ਉਸ ਪਾਸੇ ਲੈ ਕੇ ਨਹੀਂ ਤੁਰੇ, ਜਿਸ ਪਾਸੇ ਜਾਣਾ ਚਾਹੀਦਾ ਸੀ। ਜਦੋਂ ਇਹ ਸਰਕਾਰ ਖਤਮ ਹੋਵੇਗੀ ਤਾਂ ਪੰਜਾਬ ਸਿਰ ਕਰੀਬ ਤਿੰਨ ਲੱਖ ਕਰੋੜ ਦਾ ਕਰਜ਼ਾ ਹੋਵੇਗਾ, ਇਸ ਦਾ ਅਰਥ ਇਹ ਹੈ ਕਿ ਅਸੀਂ ਦੁਰਵਰਤੋਂ ਕੀਤੀ ਹੈ। ਸਾਡਾ ਸਿਹਤ ਸਿਸਟਮ ਕਿੱਥੇ ਖੜ੍ਹਾ ਹੈ, ਅਸਲ ਵਿਚ ਸਿਸਟਮ ਸਾਡਾ ਉਹੀ ਹੈ ਹੁਣ ਕੋਵਿਡ ਕਰਕੇ ਬੇਨਕਾਬ ਹੋ ਗਿਆ। ਸਾਡੀ ਸਿੱਖਿਆ ਪ੍ਰਣਾਲੀ ਦੇਖੋ ਕਿੱਥੇ ਖੜ੍ਹੀ ਹੈ, ਅੱਜਕੱਲ੍ਹ ਬੱਚਾ 12ਵੀਂ ਪਾਸ ਕਰਨ ਤੋਂ ਬਾਅਦ ਪਹਿਲੀ ਗੱਲ ਇਹੀ ਕਹਿੰਦਾ ਹੈ ਕਿ ਮੈਂ ਆਈਲੈਟਸ ਕਰਨੀ ਹੈ ਤੇ ਬਾਹਰ ਜਾਣਾ ਹੈ। ਪੰਜਾਬ ਵਿਚ ਕੋਈ ਨਹੀਂ ਰਹਿਣਾ ਚਾਹੁੰਦਾ।

Captain Amarinder Singh Captain Amarinder Singh

ਸਵਾਲ: ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਉਹ ਬੜੀ ਬਰੀਕੀ ਦੀਆਂ ਗੱਲਾਂ ਨੇ ਉਦੋਂ ਆਉਂਦੀਆਂ ਨੇ ਜਦੋਂ ਤੁਹਾਡੇ ਕੋਲ ਮੁੱਢਲੀਆਂ ਚੀਜ਼ਾਂ ਹੋਣ। ਜੇਕਰ ਇਨਸਾਨ ਕੋਲ ਮੁੱਢਲੀਆਂ ਚੀਜ਼ਾਂ ਹੀ ਨਹੀਂ ਤੇ ਇਨਸਾਫ ਨਹੀਂ ਮਿਲ ਰਿਹਾ। ਅੱਜ ਪੰਜਾਬ ਦੀਆਂ ਮਾਵਾਂ ਰੋਂਦੀਆਂ ਨੇ ਕਿ ਸਾਡੇ 10-10 ਸਾਲ ਦੇ ਬੱਚੇ ਨੂੰ ਠੇਕੇ ਉੱਤੇ ਸ਼ਰਾਬ ਦਿੱਤੀ ਜਾ ਰਹੀ ਹੈ।

ਜਵਾਬ: ਅਸੀਂ ਇਨਸਾਨੀ ਕਦਰਾਂ-ਕੀਮਤਾਂ ’ਤੇ ਪਹਿਰਾ ਨਹੀਂ ਦੇ ਸਕੇ, ਅਸੀਂ ਸਖਸ਼ੀਅਤ ਉਸਾਰੀ ਨਹੀਂ ਕੀਤੀ। ਸਾਡਾ ਸਮਾਜ ਪੈਸੇ ਪਿੱਛੇ ਬਹੁਤ ਭੱਜ ਰਿਹਾ। ਸਮਾਜ ਵਿਚੋਂ ਹੀ ਸਿਆਸਤਦਾਨ ਆਉਂਦਾ ਹੈ ਤੇ ਸਮਾਜ ਵਿਚੋਂ ਹੀ ਨੌਕਰਸ਼ਾਹ ਆਉਂਦਾ ਹੈ।

ਸਵਾਲ:  ਤੁਸੀਂ ਕਹਿ ਰਹੇ ਹੋ ਕਿ ਸਭ ਦਾ ਚਰਿੱਤਰ ਖਰਾਬ ਹੈ ਤਾਂ ਅਸੀਂ ਕਿਸੇ ਸਰਕਾਰ ਤੋਂ ਉਮੀਦ ਨਹੀਂ ਰੱਖ ਸਕਦੇ?

ਜਵਾਬ: ਮੈਂ ਸਭ ਦੇ ਚਰਿੱਤਰ ਦੀ ਗੱਲ਼ ਨਹੀਂ ਕਰਦਾ। ਚੰਗੇ ਬੰਦੇ ਵੀ ਹਨ ਪਰ ਰਾਜਨੀਤਿਕ ਸਿਸਟਮ ਵਿਚ ਇਕ ਗਠਜੋੜ ਬਣ ਗਿਆ ਤੇ ਇਹ ਗਠਜੋੜ ਨੌਕਰਸ਼ਾਹਾਂ ਵਿਚ ਵੀ ਪੈਦਾ ਹੋ ਗਿਆ। ਮੈਂ ਬਹੁਤ ਵਾਰ ਦੇਖਦਾ ਕਿ ਇਕ ਠੱਗ ਵਿਅਕਤੀ ਸਟੇਜ ਉੱਤੇ ਪਹਿਲੀ ਕੁਰਸੀ ’ਤੇ ਬੈਠਿਆ ਹੁੰਦਾ ਹੈ ਅਤੇ ਇਕ ਸੁਤੰਤਰਤਾ ਸੈਨਾਨੀ, ਟੀਚਰ ਜਾਂ ਪ੍ਰੋਫੈਸਰ ਆਖਰੀ ਕੁਰਸੀ ’ਤੇ ਬੈਠੇ ਹੁੰਦੇ ਹਨ, ਇਸ ਤੋਂ ਤੁਸੀਂ ਸਮਾਜ ਦੇ ਮਾਪਦੰਡ ਦੇਖ ਸਕਦੇ ਹੋ।

ਸਵਾਲ: ਇਹ ਗੱਲ ਤਾਂ ਤੁਹਾਡੀ ਸਰਕਾਰ ਤੇ ਢੁੱਕਦੀ ਹੈ ਕਿਉਂਕਿ ਅੱਜ ਤਕਰੀਬਨ ਸਾਢੇ ਚਾਰ ਸਾਲ ਹੋ ਗਏ। ਮੈਂ ਮੰਨਦੀ ਹਾਂ ਤੇ ਲੋਕ ਵੀ ਦੇਖਦੇ ਨੇ ਕਿ ਤੁਸੀਂ ਕਦੀ ਕਦੀ ਜ਼ਰੂਰ ਬੋਲੇ ਹੋ ਪਰ ਵੱਡੇ ਪੱਧਰ 'ਤੇ ਕਾਂਗਰਸੀ ਆਗੂ ਇਸ ਲਈ ਜਾਗ ਰਹੇ ਨੇ ਕਿਉਂਕਿ ਹੁਣ ਲੋਕਾਂ ਦੀ ਅਦਾਲਤ ਵਿਚ ਜਾਣਾ ਹੈ?

ਜਵਾਬ: ਨਹੀਂ, ਮੈਂ ਜਿਹੜੇ ਪੰਜ ਸੱਤ ਮੁੱਦਿਆਂ ’ਤੇ ਗੱਲ ਕੀਤੀ ਹੈ, ਸਭ ਤੋਂ ਪਹਿਲਾਂ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਮਿਲਿਆ ਹਾਂ। ਉਸ ਤੋਂ ਬਾਅਦ ਗੱਲ ਨਹੀਂ ਸੁਣੀ ਗਈ, ਮੈਂ ਚਿੱਠੀ ਲਿਖ ਕੇ ਗੱਲ ਰੱਖੀ। ਮੈਂ ਤਾਂ ਇਕ ਪ੍ਰੋਟੋਕੋਲ ਦੀ ਪਾਲਣਾ ਕੀਤੀ ਹੈ। ਕਈ ਕਹਿ ਰਹੇ ਨੇ ਜਾਬਤੇ ਵਿਚ ਰਹਿਣਾ ਚਾਹੀਦਾ ਹੈ ਪਰ ਜੇਕਰ ਤੁਹਾਡੀ ਗੱਲ ਹੀ ਨਾ ਸੁਣੀ ਜਾਵੇ ਤਾਂ ਵਿਅਕਤੀ ਕਿਸੇ ਪਲੇਟਫਾਰਮ ਉੱਤੇ ਤਾਂ ਬੋਲੇਗਾ ਹੀ।

Pargat SinghPargat Singh

ਸਵਾਲ: ਜਦੋਂ ਐਸਆਈਟੀ ਰੱਦ ਹੋਈ ਤਾਂ ਅਸੀਂ ਦੇਖਿਆ ਕਿ ਵਿਧਾਇਕਾਂ ਨਾਲ ਬੈਠਕਾਂ ਹੋਈਆਂ, ਉਸ ਵੇਲੇ ਵੀ ਇਹ ਗੱਲਾਂ ਨਹੀਂ ਹੋਈਆਂ?

ਜਵਾਬ: ਸਾਰੀਆਂ ਗੱਲਾਂ ਹੋਈਆਂ। 2017 ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਨੇ ਵੋਟਾਂ ਪਾਈਆਂ ਸੀ ਪਰ ਸਾਲ-ਦੋ ਸਾਲ ਤਾਂ ਤੁਸੀ ਦੇਖਦੇ ਹੋ ਕਿ ਕੰਮ ਹੋਵੇਗਾ। ਮੈਂ ਤਾਂ ਦੋ ਸਾਲ ਬਾਅਦ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਕਿੱਥੇ ਸਮੱਸਿਆ ਹੈ।

ਜਦੋਂ ਐਸਆਈਟੀ ਜਨਤਕ ਤੌਰ ’ਤੇ ਅਲੱਗ ਥਲੱਗ ਹੋਈ ਸੀ ਮੈਂ ਤਾਂ ਉਦੋਂ ਹੀ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਇਸ ਦਾ ਜਾਂਚ ਉੱਤੇ ਅਸਰ ਪਵੇਗਾ ਜੇਕਰ ਉਦੋਂ ਇਹ ਗੱਲ ਸੁਣੀ ਹੁੰਦੀ ਤਾਂ ਅੱਜ ਇਹ ਚੀਜ਼ਾਂ ਨਾ ਦੇਖਣੀਆਂ ਪੈਂਦੀਆਂ।

ਸਵਾਲ: ਹੁਣ ਅੱਗੇ ਕੀ ਯੋਜਨਾ ਹੈ। ਚਰਨਜੀਤ ਚੰਨੀ ਨੂੰ ਮਹਿਲਾ ਕਮੀਸ਼ਨ ਨੇ ਇਕ ਹਫ਼ਤੇ ਦਾ ਸਮਾਂ ਦਿੱਤਾ ਹੈ। ਉਸ ਬਾਰੇ ਕੀ ਕਹਿਣਾ ਹੈ।

ਜਵਾਬ: ਮੈਂ ਤਾਂ ਇਹੀ ਕਹਾਂਗਾ ਕਿ ਅਸੀਂ ਗਲਤ ਪਾਸੇ ਤੁਰ ਪਏ ਹਾਂ। ਜੇਕਰ ਕਿਸੇ ਉੱਤੇ ਕੋਈ ਇਲਜ਼ਾਮ ਲੱਗਿਆ ਹੈ ਤਾਂ ਉਸ ਦਾ ਸਾਹਮਣਾ ਕਰਨਾ ਚਾਹੀਦਾ ਹੈ। ਇਸ ਗੱਲ ਨੂੰ ਢਾਈ ਸਾਲ ਹੋ ਗਏ ਪਰ ਢਾਈ ਸਾਲਾਂ ਬਾਅਦ ਅਚਾਨਕ ਇਸ ਦਾ ਚੇਤਾ ਆ ਗਿਆ। ਮੈਨੂੰ ਤਾਂ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਦੀ ਗੱਲ ਨਹੀਂ ਸਮਝ ਆਈ ਕਿ ਮੈਂ ਧਰਨਾ ਲਾਵਾਂਗੀ। ਤੁਸੀਂ ਜਦੋਂ ਸੰਵਿਧਾਨਕ ਅਹੁਦੇ ’ਤੇ ਹੁੰਦੇ ਹੋ ਤਾਂ ਪਾਲੀਟੀਕਲ ਐਕਟੀਵਿਟੀ ਨਹੀਂ ਕਰ ਸਕਦੇ। ਇਹ ਸ਼ਾਇਦ ਉਹਨਾਂ ਨੂੰ ਪਤਾ ਵੀ ਹੈ ਜਾਂ ਨਹੀ। ਫਿਰ ਕਹਿੰਦੇ ਨੇ ਕਿ ਮੈਂ ਹਾਈ ਕੋਰਟ ਜਾਵਾਂਗੀ, ਜਦੋਂ ਤੁਸੀਂ ਕਿਸੇ ਅਹੁਦੇ ’ਤੇ ਹੁੰਦੇ ਹੋ ਤਾਂ ਤੁਸੀਂ ਅਪਣੇ ਅਧਿਕਾਰ ਖੇਤਰ ਵਿਚ ਜੋ ਆਉਂਦਾ ਹੈ ਉਹੀ ਕਰ ਸਕਦੇ ਹੋ।

ਸਵਾਲ: ਤੁਸੀਂ ਦੋਫਾੜ ਹੋ ਗਏ ਹੋ। ਇਕ ਐਮਐਲਏ ਨੂੰ ਸਿਆਸੀ ਸਕੱਤਰ ਵੱਲੋਂ ਫੋਨ ਆਉਣਾ, ਰਾਣਾ ਸੋਢੀ ਉੱਤੇ ਪੰਜਾਬ ਸਰਕਾਰ ਵੱਲੋਂ ਹੀ ਕੇਸ ਹੋਇਆ, ਚਰਨਜੀਤ ਚੰਨੀ ਉੱਤੇ ਇਲਜ਼ਾਮ ਲੱਗੇ, ਨਵਜੋਤ ਸਿੱਧੂ ਤੇ ਵਿਜੀਲੈਂਸ ਦੀ ਕਾਰਵਾਈ। ਇਹ ਤਾਂ ਪੂਰੀ ਕੈਬਨਿਟ ਹੀ ਵੰਡੀ ਗਈ।

ਜਵਾਬ: ਇਹੋ ਜਿਹੀ ਕੋਈ ਗੱਲ ਨਹੀਂ। ਜੇਕਰ ਕੈਪਟਨ ਅਮਰਿੰਦਰ ਸਿੰਘ ਕੋਈ ਅਧਿਕਾਰਤ ਮੀਟਿੰਗ ਕਰਨਗੇ ਤਾਂ ਮੈਂ ਬਿਲਕੁਲ ਉਸ ਵਿਚ ਸ਼ਾਮਲ ਹੋਵਾਂਗਾ। ਅਸੀਂ ਕੋਈ ਵੀ ਅਜਿਹੀ ਮੀਟਿੰਗ ਨਹੀਂ ਕਰਦੇ  ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਹੁਣਾ ਹੈ ਜਾਂ ਦੋਫਾੜ ਹੋਣ ਬਾਰੇ ਗੱਲ ਨਹੀਂ ਕਰਦੇ।

ਸਵਾਲ: ਤੁਸੀਂ ਸਵਾਲ ਕੀਤਾ ਕਿ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਣਾ ਚਾਹੁੰਦੇ ਹੋ ਕਿ ਮੈਨੂੰ ਫੋਨ ਕਿਉਂ ਕਰਵਾਇਆ ਗਿਆ।  ਉਹਨਾਂ ਵੱਲੋਂ ਤੁਹਾਨੂੰ ਕੋਈ ਜਵਾਬ ਨਹੀਂ ਆਇਆ?

ਜਵਾਬ: ਇਹ ਬਦਕਿਸਮਤੀ ਹੈ ਮੈਂ ਬਹੁਤ ਸੰਵੇਦਨਸ਼ੀਲ ਵਿਅਕਤੀ ਹਾਂ। ਮੈਂ ਅਜਿਹਾ ਨਾ ਕਿਸੇ ਨੂੰ ਕਹਿ ਸਕਦਾ ਤੇ ਨਾ ਹੀ ਕਿਸੇ ਤੋਂ ਆਸ ਕਰਦਾ ਹਾਂ। ਖ਼ਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਵਰਗੇ ਬੰਦੇ ਕੋਲੋਂ। ਮੈਂ ਕਦੇ ਫੋਕੀ ਸ਼ੌਹਰਤ ਲਈ ਕੋਈ ਗੱਲ ਨਹੀਂ ਕੀਤੀ। ਮੇਰੇ ਕੋਲ 20 ਮੁੱਦੇ ਹਨ।  ਮੇਰਾ ਕਿਸੇ ਨਾਲ ਕੋਈ ਨਿੱਜੀ ਮਸਲਾ ਨਹੀਂ। ਮੈਂ 10 ਸਾਲ ਹਿੰਦੋਸਤਾਨ ਦੀ ਕਪਨਾਤੀ ਕੀਤੀ ਹੈ, ਇਹ ਐਵੈਂ ਨਹੀਂ ਹੋ ਜਾਂਦੀ। ਮੈਂ ਬਹੁਤ ਕੁਝ ਦੇਖ ਲਿਆ ਹੈ ਤੇ ਮੇਰੀ ਕੋਈ ਇੱਛਾ ਨਹੀਂ। ਪਰਮਾਤਮਾ ਨੇ ਇੰਨਾ ਕੁਝ ਦੇ ਦਿੱਤਾ ਹੈ, ਜਿੰਨੀ ਆਸ ਨਹੀਂ ਸੀ।

Navjot SidhuNavjot Sidhu

ਸਵਾਲ: ਇਹੀ ਚੀਜ਼ਾਂ ਸ਼ਾਇਦ ਨਵਜੋਤ ਸਿੱਧੂ ਵੀ ਕਹਿੰਦੇ ਨੇ ਕਿ ਉਹਨਾਂ ਨੇ ਬਹੁਤ ਉਚਾਈਆਂ ਦੇਖ ਲਈਆਂ। ਉਹਨਾਂ ਉਤੇ ਵੀ ਵਿਜੀਲੈਂਸ ਦੀ ਕਾਰਵਾਈ ਹੋਈ ਹੈ, ਤੁਹਾਡੀ ਉਹਨਾਂ ਨਾਲ ਗੱਲ ਹੋਈ। ਉਹ ਰੋਜ਼ ਟਵਿਟਰ ਉੱਤੇ ਵਾਰ ਕਰਦੇ ਨੇ ਪਰ ਵਿਧਾਇਕ ਹੋਣ ਦੇ ਨਾਤੇ ਉਹਨਾਂ ਲੋਕਾਂ ਵਿਚ ਆ ਕੇ ਗੱਲ ਕਰਨਾ ਬਣਦਾ ਹੈ।

ਜਵਾਬ: ਚਾਹੀਦਾ ਜ਼ਰੂਰ ਹੈ। ਮਹੀਨਾ ਪਹਿਲਾਂ ਅਸੀਂ ਉਹਨਾਂ ਦੀਆਂ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਫੋਟੋਆਂ ਦੇਖੀਆਂ ਹਨ। ਉਦੋਂ ਵੀ ਉਹਨਾਂ ਨੂੰ ਕੈਬਨਿਟ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ। ਜੇਕਰ ਵਿਜੀਲੈਂਸ ਦਾ ਕੇਸ ਸੀ ਤਾਂ ਉਸ ਨੂੰ ਕੈਬਨਿਟ ਵਿਚ ਆਉਣ ਲਈ ਕਿਉਂ ਕਿਹਾ ਗਿਆ। ਜੇ ਸਿੱਧੂ ਕੈਬਨਿਟ ਵਿਚ ਸ਼ਾਮਲ ਹੋ ਜਾਂਦਾ ਤਾਂ ਉਹ ਦੁੱਧ ਧੋਤਾ ਨਹੀਂ ਤਾਂ ਉਸ ਉੱਤੇ ਭ੍ਰਿਸ਼ਟਾਚਾਰ ਦਾ ਮਾਮਲਾ ਹੋ ਗਿਆ।

ਸਵਾਲ: ਮਤਲਬ ਜਿਹੜੇ ਲੋਕ ਹੁਣ ਗੱਲ ਨਹੀਂ ਮੰਨ ਰਹੇ ਜਾਂ ਪਾਰਟੀ ਲਾਈਨ ਤੋਂ ਬਾਹਰ ਹੋ ਰਹੇ ਉਹਨਾਂ ਉੱਤੇ ਵਿਜੀਲੈਂਸ ਦੀ ਕਾਰਵਾਈ ਹੋ ਰਹੀ ਹੈ?

ਜਵਾਬ: ਪਾਰਟੀ ਲਾਈਨ ਇਹ ਨਹੀਂ ਹੁੰਦੀ ਕਿ ਤੁਸੀਂ ਝੂਠ ਬੋਲੋ। ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰੋ। ਸਾਡੇ ਮੈਨੀਫੈਸਟੋ ਵਿਚ ਬਹੁਤ ਕੁਝ ਹੈ ਮੈਂ ਨਹੀਂ ਕਹਿੰਦਾ ਕਿ ਉਸ ਨੂੰ 100% ਹੀ ਲਾਗੂ ਕਰ ਦਿਓ। ਪਰ ਜੋ ਕਰ ਸਕਦੇ ਹਾਂ ਉਹ ਤਾਂ ਕਰੋ। ਇਹ ਗੱਲ ਤਕਲੀਫ਼ ਦਿੰਦੀ ਹੈ।

ਸਵਾਲ: ਤੁਸੀਂ ਕਹਿੰਦੇ ਹੋ ਕਿ ਤੁਸੀਂ ਅਪਣੇ ਹਲਕੇ ਵਿਚ ਵਿਕਾਸ ਦਾ ਕੰਮ ਕੀਤਾ ਹੈ।

ਜਵਾਬ: ਹਾਂ, ਕਾਫੀ ਹੱਦ ਤੱਕ। ਸੂਬੇ ਦੇ ਵਿੱਤੀ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਜਿੰਨਾ ਕੰਮ ਹੋਇਆ ਮੈਂ ਸੰਤੁਸ਼ਟ ਹਾਂ।

ਸਵਾਲ: ਅਸੀਂ ਦੇਖਦੇ ਹਾਂ ਕਿ ਇਕ ਟੀਚਰ ਜਾਂ ਚਪੜਾਸੀ ਹੁੰਦਾ ਹੈ, ਉਸ ਦੀ ਭਰਤੀ ਪ੍ਰੀਖਿਆ ਹੁੰਦੀ ਹੈ। ਤੁਸੀਂ ਹਾਕੀ ਖੇਡੀ ਹੈ, ਉਸ ਲਈ ਕਿੰਨੀ ਟ੍ਰੇਨਿੰਗ ਲੈਣੀ ਪੈਂਦੀ ਹੈ। ਜਿਸ ਵਿਅਕਤੀ ਨੂੰ ਤੁਸੀਂ ਅਪਣੇ ਦੇਸ਼ ਦੀ ਕਿਸਮਤ ਸੌਂਪਣੀ ਹੋਵੇ, ਕੀ ਤੁਹਾਨੂੰ ਲੱਗਦਾ ਹੈ ਕਿ ਉਸ ਲਈ ਵੀ ਟ੍ਰੇਨਿੰਗ ਹੋਣੀ ਚਾਹੀਦੀ ਹੈ?

ਜਵਾਬ: ਬਹੁਤ ਲੋਕ ਹਨ ਅਜਿਹੇ। ਜੇਕਰ ਕੋਈ ਕਲਰਕ ਵੀ ਭਰਤੀ ਕਰਨਾ ਹੋਵੇ, ਉਸ ਨੂੰ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਅਜੇ ਅਸੀਂ ਓਨਾ ਪਰਿਪੱਕ ਲੋਕਤੰਤਰ ਨਹੀਂ ਹੋਏ। ਇਹ ਸਾਡੇ ਸਿਸਟਮ ਦੀ ਵੀ ਕਮਜ਼ੋਰੀ ਹੈ।

ਸਵਾਲ: ਤੁਸੀਂ ਅਕਾਲੀ ਦਲ ਵਿਚ ਵੀ ਰਹੇ, ਕਾਂਗਰਸ ਵਿਚ ਵੀ ਰਹੇ। ਕੋਈ ਮੌਕਾ ਹੈ ਕਿ ਤੁਸੀਂ ਪਾਰਟੀ ਬਦਲੋਗੇ?

ਜਵਾਬ: ਮੈਂ ਕਦੀ ਅਕਾਲੀ ਦਲ ਨਹੀਂ ਛੱਡਦਾ ਪਰ ਵਿਚਾਰਾਂ ਦਾ ਅੰਤਰ ਹੈ। ਹੁਣ ਸੱਚਾਈ ਇਹ ਹੈ ਕਿ ਮੈਂ ਪਾਰਟੀ ਨਹੀਂ ਛੱਡਾਂਗਾ।

ਸਵਾਲ: ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਸਪੱਸ਼ਟ ਕੀਤਾ ਕਿ ਮੇਰੇ ਵੱਲੋਂ ਦਰਵਾਜ਼ੇ ਬੰਦ ਨੇ। ਜੇ ਇਸੇ ਤਰ੍ਹਾਂ ਦਾ ਸੁਨੇਹਾ ਤੁਹਾਨੂੰ ਵੀ ਆਉਂਦਾ ਹੈ ਤਾਂ ਤੁਸੀਂ ਅਪਣਾ ਸਿਆਸੀ ਕੈਰੀਅਰ ਖਤਮ ਕਰੋਗੇ ਜਾਂ ਪਾਰਟੀ ਬਦਲੋਗੇ?

ਜਵਾਬ: ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨਹੀਂ। ਇਹ ਬਹੁਤ ਵੱਡੀ ਪਾਰਟੀ ਹੈ। ਜਿਸ ਦਿਨ ਮੈਨੂੰ ਮਹਿਸੂਸ ਹੋਵੇਗਾ ਮੈਂ ਖੁਦ ਹੀ ਧੰਨਵਾਦ ਕਹਾਂਗਾ। ਜੇਕਰ ਮੈਂ ਕਿਤੇ ਬੈਠ ਕੇ ਕੁਝ ਵੀ ਬਦਲਾਅ ਨਹੀਂ ਲਿਆ ਸਕਦਾ ਤਾਂ ਇਹ ਸਮੇਂ ਦੀ ਬਰਬਾਦੀ ਹੋਵੇਗੀ। ਕਿਸੇ ਹੋਰ ਨੂੰ ਮੌਕਾ ਮਿਲਣਾ ਚਾਹੀਦਾ ਹੈ। ਮੈਂ ਜਦੋਂ ਤੋਂ ਸੁਰਤ ਸੰਭਾਲੀ ਹੈ, ਉਦੋ ਤੋਂ ਭੱਜਦਾ ਰਿਹਾ ਹਾਂ। ਮੈਂ ਅੱਜ 55 ਸਾਲ ਦਾ ਹਾਂ ਤੇ ਜ਼ਿੰਦਗੀ ਕਿੰਨੀ ਕੁ ਪਈ ਹੈ। ਸਿਰਫ ਇਹੀ ਗੱਲ ਹੈ ਕਿ ਮੇਰੇ ਤਜ਼ੁਰਬੇ ਨਾਲ ਮੈਂ ਜਿੱਥੇ ਕਿਤੇ ਵੀ ਮਾੜਾ-ਮੋਟਾ ਯੋਗਦਾਨ ਪਾ ਸਕਦਾ ਹਾਂ ਤਾਂ ਉਹ ਪਾ ਦੇਵਾਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement