
ਲਹਿੰਦੇ ਪੰਜਾਬ ਦੀ ਪੁਲਿਸ ਨੇ ਸੈਸ਼ਨ ਤੋਂ ਪਹਿਲਾਂ ਵਿਧਾਨ ਸਭਾ ਦੇ ਸੀਨੀਅਰ ਅਧਿਕਾਰੀ ਨੂੰ ਕੀਤਾ ਗ੍ਰਿਫ਼ਤਾਰ
ਲਾਹੌਰ, 22 ਮਈ : ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪੁਲਿਸ ਨੇ ਐਤਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਇਕ ਸੀਨੀਅਰ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦੇਈਏ ਕਿ ਵਿਧਾਨ ਸਭਾ ਦੇ ਸਪੀਕਰ ਚੌਧਰੀ ਪਰਵੇਜ਼ ਇਲਾਹੀ ਵਲੋਂ ਬੁਲਾਏ ਗਏ ਅਚਨਚੇਤ ਸੈਸ਼ਨ ਤੋਂ ਪਹਿਲਾਂ ਕਈ ਅਧਿਕਾਰੀਆਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਗਈ ਸੀ। ਇਸ ਤੋਂ ਬਾਅਦ ਇਕ ਸੀਨੀਅਰ ਅਧਿਕਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਪੁਲਿਸ ਨੇ ਸੰਸਦੀ ਮਾਮਲਿਆਂ ਦੇ ਮੰਤਰੀ ਰਾਏ ਮੁਮਤਾਜ਼, ਸਕੱਤਰ ਕੋਆਰਡੀਨੇਸ਼ਨ ਇਨਾਇਤ ਉੱਲਾ ਤੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਮੁਹੰਮਦ ਖ਼ਾਨ ਭੱਟੀ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਸੀ। ਪੰਜਾਬ ਵਿਧਾਨ ਸਭਾ ਦੇ ਬੁਲਾਰੇ ਨੇ ਛਾਪੇਮਾਰੀ ਦੀ ਪੁਸ਼ਟੀ ਕੀਤੀ ਹੈ। ਏਆਰਵਾਈ ਨਿਊਜ਼ ਨੇ ਦਸਿਆ ਕਿ ਮੰਤਰੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਦੋ ਫ਼ਰਾਰ ਹੋ ਗਏ ਹਨ।
ਇੰਨਾ ਹੀ ਨਹੀਂ ਇਸ ਦੌਰਾਨ ਪੁਲਿਸ ਨੇ ਪੰਜਾਬ ਵਿਧਾਨ ਸਭਾ ਦੀ ਇਮਾਰਤ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਸਦਨ ਦੇ ਸਾਰੇ ਪ੍ਰਵੇਸ਼ ਦੁਆਰ ’ਤੇ ਕਰਮਚਾਰੀ ਤਾਇਨਾਤ ਕਰ ਦਿਤੇ ਹਨ। ‘ਡਾਅਨ’ ਦੀ ਰਿਪੋਰਟ ਮੁਤਾਬਕ ਸੈਸ਼ਨ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ, ਜਿਸ ’ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਚੌਧਰੀ ਪਰਵੇਜ਼ ਇਲਾਹੀ ਅਤੇ ਡਿਪਟੀ ਸਪੀਕਰ ਦੋਸਤ ਮਜ਼ਾਰੀ ਵਿਰੁਧ ਬੇਭਰੋਸਗੀ ਮਤੇ ’ਤੇ ਵਿਚਾਰ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਪਰਵੇਜ਼ ਇਲਾਹੀ ਨੇ ਪੁਲਿਸ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਕਾਰਵਾਈ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਨਿਰਦੇਸ਼ਾਂ ’ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਛਾਪੇਮਾਰੀ ਸਦਨ ਵਿਚ ਬਹੁਮਤ ਸਾਬਤ ਕਰਨ ਵਿਚ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦੀ ਹੈ। ਏਆਰਵਾਈ ਨਿਊਜ਼ ਨੇ ਦਸਿਆ ਕਿ ਪਰਵੇਜ਼ ਇਲਾਹੀ ਨੇ ਅੱਜ ਸੂਬਾਈ ਅਸੈਂਬਲੀ ਦਾ ਸੈਸ਼ਨ ਬੁਲਾਇਆ ਹੈ ਜਦਕਿ ਪਹਿਲਾਂ ਇਹ 30 ਮਈ ਨੂੰ ਤੈਅ ਸੀ। ਉਨ੍ਹਾਂ ਪਾਕਿਸਤਾਨ ਮੁਸਲਿਮ ਲੀਗ-ਕਾਇਦ (ਪੀਐਮਐਲ-ਕਿਊ) ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਅੱਜ ਦੁਪਹਿਰ 12 ਵਜੇ ਵਿਧਾਨ ਸਭਾ ਸੈਸ਼ਨ ਵਿਚ ਸ਼ਾਮਲ ਹੋਣ ਲਈ ਸੱਦਾ ਦਿਤਾ।
ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਮਈ ਦੇ ਪਹਿਲੇ ਹਫ਼ਤੇ ਹੋਣਾ ਸੀ, ਜਿਸ ਲਈ ਇਲਾਹੀ ਨੇ 16 ਮਈ ਦੀ ਤਰੀਕ ਰੱਖੀ ਸੀ। ਹਾਲਾਂਕਿ ਦਿਤੀ ਗਈ ਤਰੀਕ ’ਤੇ ਸੈਸ਼ਨ ਨਹੀਂ ਹੋਇਆ ਸੀ ਪਰ ਇਲਾਹੀ ਨੇ ਇਸ ਨੂੰ 30 ਮਈ ਲਈ ਮੁੜ ਤੈਅ ਕਰ ਦਿਤਾ। ਤੀਜੀ ਵਾਰ ਤਰੀਕ ਬਦਲੀ ਗਈ ਹੈ। (ਏਜੰਸੀ)