
ਅਤਿਵਾਦੀ ਅਪਰਾਧ ਦੇ ਸ਼ੱਕ ਵਿਚ ਸਕਾਟਲੈਂਡ ਯਾਰਡ ਨੇ ਦੋ ਹੋਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਲੰਡਨ, 22 ਮਈ : ਬ੍ਰਿਟੇਨ ਵਿਚ ਇਸਲਾਮਿਕ ਕੱਟੜਪੰਥ ਦੀ ਜਾਂਚ ਦੇ ਹਿੱਸੇ ਵਜੋਂ ਇਕ ਕੁੜੀ ਸਮੇਤ ਦੋ ਵਿਅਕਤੀਆਂ ਨੂੰ ਦਹਿਸ਼ਤਗਰਦੀ ਦੇ ਅਪਰਾਧ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਕਾਟਲੈਂਡ ਯਾਰਡ ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਬ੍ਰਿਟਿਸ਼ ਟੈਰੋਰਿਜ਼ਮ ਐਕਟ 2006 (ਟੀਏਸੀਟੀ) ਦੀ ਧਾਰਾ 1 ਤਹਿਤ ਅਤਿਵਾਦ ਨੂੰ ਉਕਸਾਉਣ ਦੇ ਸ਼ੱਕ ’ਤੇ ਲੰਡਨ ਨੇੜੇ ਏਸੇਕਸ ਤੋਂ ਇਕ 18 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਜਾਂਚ ਤਹਿਤ ਈਸਟ ਲੰਡਨ ਤੋਂ 17 ਸਾਲਾ ਕੁੜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਇਸ ਹਫ਼ਤੇ ਦੇ ਸ਼ੁਰੂ ਵਿਚ ਇਕ 13 ਸਾਲ ਦੇ ਮੁੰਡੇ ਨੂੰ ਟੀਏਸੀਟੀ-2006 ਦੀ ਧਾਰਾ-2 ਦੇ ਤਹਿਤ ਅਤਿਵਾਦੀ ਸਮੱਗਰੀ ਦਾ ਪ੍ਰਚਾਰ ਕਰਨ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਇਹ ਜਾਂਚ ਇਸਲਾਮੀ ਕੱਟੜਪੰਥੀ ਵਿਚਾਰਧਾਰਾ ਨਾਲ ਜੁੜੇ ਕਥਿਤ ਅਪਰਾਧਾਂ ਬਾਰੇ ਹੈ। ਉਨ੍ਹਾਂ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕ ਪੁਲਿਸ ਹਿਰਾਸਤ ਵਿਚ ਹਨ। ਅਦਾਲਤ ਨੇ ਉਨ੍ਹਾਂ ਤੋਂ ਹੋਰ ਪੁਛਗਿਛ ਲਈ ਉਨ੍ਹਾਂ ਨੂੰ ਮੈਟਰੋਪੋਲੀਟਨ ਪੁਲਿਸ ਦੀ ਹਿਰਾਸਤ ਵਿਚ ਭੇਜ ਦਿਤਾ ਹੈ। ਮੈਟਰੋਪੋਲੀਟਨ ਪੁਲਿਸ ਦੇ ਅਤਿਵਾਦ ਰੋਕੂ ਕਮਾਂਡ ਦੇ ਮੁਖੀ ਕਮਾਂਡਰ ਰਿਚਰਡ ਸਮਿਥ ਨੇ ਕਿਹਾ ਕਿ ਮੈਟਰੋਪੋਲੀਟਨ ਅਧਿਕਾਰੀਆਂ ਨੇ ਇਸ ਹਫ਼ਤੇ ਤਿੰਨ ਲੋਕਾਂ ਨੂੰ ਅਤਿਵਾਦ ਅਪਰਾਧ ਨਾਲ ਸਬੰਧ ਹੋਣ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤਾ ਹੈ।
ਮੈਟਰੋਪੋਲੀਟਨ ਪੁਲਿਸ ਨੇ ਦਸਿਆ ਕਿ 18 ਸਾਲਾ ਨੌਜਵਾਨ ਨੂੰ ਬੁਧਵਾਰ ਨੂੰ ਪਹਿਲਾਂ ਪੁਲਿਸ ਅਤੇ ਅਪਰਾਧ ਸਬੂਤ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਵੀਰਵਾਰ ਨੂੰ ਉਸ ਨੂੰ ਟੀ.ਏ.ਸੀ.ਟੀ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦਸਿਆ ਕਿ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਨੇ ਪੁਲਿਸ ਹਿਰਾਸਤ ਵਿਚ ਮੁਲਜ਼ਮ ਦੇ ਰਿਮਾਂਡ ਵਿਚ ਵਾਧਾ ਕਰਨ ਦੀ ਅਰਜ਼ੀ ਨੂੰ ਸਵੀਕਾਰ ਕਰ ਲਿਆ ਅਤੇ ਜਾਂਚਕਰਤਾਵਾਂ ਨੂੰ ਉਸ ਨੂੰ 25 ਮਈ ਤਕ ਅਪਣੀ ਹਿਰਾਸਤ ਵਿਚ ਰੱਖਣ ਦੀ ਇਜਾਜ਼ਤ ਦਿਤੀ। ਉਨ੍ਹਾਂ ਦਸਿਆ ਕਿ 17 ਸਾਲਾ ਕੁੜੀ ਨੂੰ ਅਤਿਵਾਦ ਐਕਟ, 2000 ਦੀ ਧਾਰਾ-41 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਹ 27 ਮਈ ਤਕ ਜਾਂਚ ਅਧਿਕਾਰੀਆਂ ਦੀ ਹਿਰਾਸਤ ਵਿਚ ਰਹੇਗੀ। (ਏਜੰਸੀ)