ਬਾਜ਼ਾਰਾਂ ’ਚ ਵਿਕ ਰਹੀਆਂ ਸਬਜ਼ੀਆਂ ਤੇ ਫਲਾਂ ’ਚ ਹੁੰਦੈ ਕੀਟਨਾਸ਼ਕ ਜ਼ਹਿਰ : ਡਾ. ਸਚਿਨ ਗੁਪਤਾ
ਕੁਰਾਲੀ, 21 ਮਈ (ਹਰਜੀਤ ਕੌਰ, ਰਮਨਦੀਪ ਕੌਰ ਸੈਣੀ) : ਆਧੁਨਿਕ ਜੀਵਨਸ਼ੈਲੀ ਅਤੇ ਖਾਣ-ਪੀਣ ਦੀਆਂ ਗ਼ਲਤ ਆਦਤਾਂ ਕਾਰਨ ਕੈਂਸਰ ਤੇਜ਼ੀ ਨਾਲ ਮਨੁੱਖਤਾ ਨੂੰ ਅਪਣੀ ਗ੍ਰਿਫ਼ਤ ’ਚ ਲੈ ਰਿਹਾ ਹੈ। ਅੱਜ ਹਰ ਵਿਕਸਤ ਤੇ ਵਿਕਾਸਸ਼ੀਲ ਦੇਸ਼ ਇਸ ਦੀ ਕੈਦ ’ਚ ਹੈ।
ਕੈਂਸਰ ਦੇ ਮਾਹਰ ਸਚਿਨ ਗੁਪਤਾ ਜੋ ਕਿ ਕੁਦਰਤੀ ਖੇਤੀ ਕਰ ਕੇ ਲੋਕਾਂ ਨੂੰ ਇਕ ਵਧੀਆ ਸੰਦੇਸ਼ ਦੇ ਰਹੇ ਹਨ। ਤੁਹਾਨੂੰ ਦਸਦੇ ਹਾਂ ਕਿ ਇਕ ਡਾਕਟਰ ਹੋਣ ਦੇ ਨਾਤੇ ਉਨ੍ਹਾਂ ਨੇ ਕਿਉਂ ਕੁਦਰਤੀ ਖੇਤੀ ਕਰਨ ਬਾਰੇ ਸੋਚਿਆ। ਇਸੇ ਖੇਤੀ ’ਚੋਂ ਉਨ੍ਹਾਂ ਨੇ ਕਿਵੇਂ ਕੈਂਸਰ ਵਰਗੀਆਂ ਬਿਮਾਰੀਆਂ ਦਾ ਇਲਾਜ ਲਭਿਆ।
ਡਾ. ਸਚਿਨ ਗੁਪਤਾ ਨੇ ਦਸਿਆ ਕਿ ਮਰੀਜ਼ ਸੱਭ ਤੋਂ ਪਹਿਲਾ ਇਹ ਪੁਛਦੇ ਹਨ ਕਿ ਉਨ੍ਹਾਂ ਨੂੰ ਕੈਂਸਰ ਕਿਉਂ ਹੋਇਆ ਹੈ? ਇਹ ਬਿਮਾਰੀ ਤਣਾਅ, ਗਲਤ ਖਾਣ-ਪੀਣ, ਰਹਿਣ-ਸਹਿਣ, ਕਸਰਤ ਨਾ ਕਰਨ ਕਰ ਕੇ ਵੀ ਹੋ ਸਕਦੀ ਹੈ। ਅਜਿਹੇ ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਇਸ ਦਾ ਇਕ ਪ੍ਰਮੁੱਖ ਕਾਰਨ ਸਾਡਾ ਖਾਣਾ-ਪੀਣਾ ਹੈ ਜੋ ਕਿ ਜ਼ਹਿਰੀਲਾ ਹੋ ਗਿਆ ਹੈ। ਹਵਾ, ਪਾਣੀ, ਮਿੱਟੀ ਵਿਚ ਪ੍ਰਦੂਸ਼ਣ ਤੇ ਕੈਮੀਕਲ ਹੈ। ਇਸ ਨੂੰ ਬਦਲਣ ਲਈ ਕੁਦਰਤੀ ਖੇਤੀ ਦੀ ਸ਼ੁਰੂਆਤ ਕੀਤੀ ਹੈ।
ਡਾ. ਸਚਿਨ ਗੁਪਤਾ ਨੇ ਦਸਿਆ ਕਿ ਉਨ੍ਹਾਂ ਦੀ ਫ਼ਾਰਮਿੰਗ ਵਿਚ 400 ਤੋਂ ਵੱਧ ਫਲਾਂ ਦੇ ਵੱਖ-ਵੱਖ ਕਿਸਮਾਂ ਦੇ ਪੌਦੇ ਹਨ ਜਿਨ੍ਹਾਂ ਦੀ ਸਾਂਭ ਪੂਰੀ ਤਰ੍ਹਾਂ ਨਾਲ ਕੁਦਰਤੀ ਢੰਗ ਨਾਲ ਕੀਤੀ ਜਾ ਰਹੀ ਹੈ। ਲੋਕਾਂ ਨੂੰ ਅਗਰ ਇਨ੍ਹਾਂ ਬਿਮਰੀਆਂ ਤੋਂ ਬਚਣਾ ਹੈ ਤਾਂ ਕੁਦਰਤੀ ਢੰਗ ਨਾਲ ਖੇਤੀ ਕੀਤੀ ਜਾਵੇ। ਸਾਡੇ ਇਸ ਕੰਮ ਤੋਂ ਬਹੁਤ ਸਾਰੇ ਲੋਕਾਂ ਨੇ ਪ੍ਰੇਰਤ ਹੋ ਕੇ ਕੁਦਰਤੀ ਖੇਤੀ ਸ਼ੁਰੂ ਕਰ ਦਿਤੀ ਹੈ। ਸ਼ੁਰੂਆਤੀ ਸਟੇਜ ਦੇ ਮਰੀਜ਼ ਇਸ ਬਿਮਾਰੀ ਤੋਂ ਬਚ ਜਾਂਦੇ ਹਨ ਪਰ ਜਿਹੜੇ ਲੋਕ ਇਸ ਬਿਮਾਰੀ ਦਾ ਦੇਰੀ ਨਾਲ ਇਲਾਜ ਕਰਵਾਉਂਦੇ ਹਨ ਉਹ ਨਹੀਂ ਬਚ ਪਾਉਂਦੇ। ਅਜਿਹੇ ਵਿਚ ਬਹੁਤ ਸਾਰੇ ਲੋਕ ਹਨ, ਜੋ ਅੱਜ ਵੀ ਇਸ ਨੂੰ ਛੂਹਣ ਨਾਲ ਫੈਲਣ ਵਾਲੀ ਬੀਮਾਰੀ ਮੰਨਦੇ ਹਨ ਤਾਂ ਉਨ੍ਹਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਬੀਮਾਰ ਲੋਕਾਂ ਨੂੰ ਸਮਝਾਇਆ ਜਾ ਸਕੇ ਕਿ ਉਹ ਠੀਕ ਵੀ ਹੋ ਸਕਦੇ ਹਨ।
ਕੈਂਸਰ ਦਾ ਨਾਂ ਸੁਣਦੇ ਹੀ ਮਰੀਜ਼ਾਂ ਦੇ ਮਨ ਵਿਚ ਕਈ ਤਰ੍ਹਾਂ ਦੇ ਵਿਚਾਰ ਆਉਣ ਲੱਗ ਪੈਂਦੇ ਹਨ, ਜਿਨ੍ਹਾਂ ਲੋਕਾਂ ਨੂੰ ਕੈਂਸਰ ਹੈ, ਉਹ ਬਚ ਨਹੀਂ ਸਕਦੇ ਪਰ ਅਜਿਹਾ ਨਹੀਂ ਹੈ, ਜੇਕਰ ਤੁਹਾਨੂੰ ਸਮੇਂ ’ਤੇ ਬਿਮਾਰੀ ਬਾਰੇ ਪਤਾ ਲੱਗ ਜਾਵੇ ਅਤੇ ਸਹੀ ਇਲਾਜ ਕਰਵਾਇਆ ਜਾਵੇ ਤਾਂ ਤੁਸੀਂ ਕੈਂਸਰ ਵਰਗੀ ਬਿਮਾਰੀ ਨੂੰ ਵੀ ਮਾਤ ਦੇ ਸਕਦੇ ਹੋ। ਇਸ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਕੈਂਸਰ ਜ਼ਿਆਦਾਤਰ ਵਧਦੀ ਉਮਰ ਨਾਲ ਵੀ ਹੁੰਦਾ ਹੈ। ਹੁਣ ਛੋਟੇ ਬੱਚਿਆਂ ਨੂੰ ਵੀ ਕੈਂਸਰ ਹੋਣਾ ਆਮ ਗੱਲ ਹੋ ਗਈ ਹੈ।
ਸਚਿਨ ਗੁਪਤਾ ਨੇ ਦਸਿਆ ਕਿ ਸਾਢੇ ਚਾਰ ਸਾਲ ਪਹਿਲਾ ਆਰਗੈਨਿਕ ਖੇਤੀ ਸ਼ੁਰੂ ਕੀਤੀ ਸੀ। ਉਸ ਜ਼ਮੀਨ ਨੂੰ ਖਾਦ ਪਾ ਕੇ ਇਸ ਦਾ ਰੰਗ ਬਦਲਿਆ ਗਿਆ ਤੇ ਹੁਣ ਇਥੇ ਕਿਸੇ ਵੀ ਤਰ੍ਹਾਂ ਦੀ ਕੀਟਨਾਸ਼ਕ ਤੇ ਕੈਮੀਕਲ ਦਾ ਪ੍ਰਯੋਗ ਨਹੀਂ ਕੀਤਾ ਗਿਆ। ਪੀਐਸਪੀਸੀਐਲ ਤੋਂ ਰਿਟਾਰਇਰਡ ਅਕਾਊਂਟੈਟ ਡਾ. ਗੁਲਾਟੀ ਨੇ ਦਸਿਆ ਕਿ ਅਕਤੂਬਰ 2018 ਵਿਚ ਇਹ ਪ੍ਰਾਜੈਕਟ ਸ਼ੁਰੂ ਕੀਤਾ ਸੀ। ਇਸ ਜ਼ਮੀਨ ਨੂੰ ਉਪਜਾਊ ਕਰਨ ਵਿਚ ਬਹੁਤ ਮਿਹਨਤ ਕੀਤੀ ਗਈ। ਬਾਜ਼ਾਰਾਂ ’ਚ ਜਿਹੜੀਆਂ ਸਬਜ਼ੀਆਂ ਤੇ ਫ਼ਲ ਉਪਲਬਧ ਹਨ, ਉਨ੍ਹਾਂ ਵਿਚ ਜ਼ਹਿਰ ਹੈ। ਉਨ੍ਹਾਂ ਨੂੰ ਖਾਣ ਨਾਲ ਇਹ ਖ਼ਤਰਨਾਕ ਬਿਮਾਰੀਆਂ ਹੋ ਰਹੀਆਂ ਹਨ।
ਡਾ. ਸਚਿਨ ਗੁਪਤਾ ਨੇ ਦਸਿਆ ਕਿ ਅਸੀਂ ਅਪਣੀ ਧਰਤੀ ਨੂੰ ਕੈਮੀਕਲ ਪਾ ਕੇ ਜ਼ਹਿਰੀਲਾ ਬਣਾ ਦਿਤਾ ਹੈ, ਜੋ ਅਸੀਂ ਧਰਤੀ ਨੂੰ ਦੇਵਾਂਗੇ ਉਹੀ ਧਰਤੀ ਸਾਨੂੰ ਵਾਪਸ ਕਰੇਗੀ। ਲੋੜ ਹੈ ਕਿ ਅਸੀਂ ਅਪਣੀ ਮਿੱਟੀ ਨਾਲ ਜੁੜੀਏ। ਜ਼ਮੀਨ ਨੂੰ ਜੋ ਅਸੀਂ ਜ਼ਹਿਰੀਲਾ ਬਣਾਇਆ ਹੈ ਉਹ ਹਵਾ, ਪਾਣੀ, ਭੋਜਨ ਰਾਹੀ ਸਾਡੇ ਸਰੀਰ ਵਿਚ ਜਾ ਰਿਹਾ ਹੈ। ਡਾ. ਸਚਿਨ ਗੁਪਤਾ ਨੇ ਦਸਿਆ ਕਿ ਸਾਨੂੰ ਅਪਣੇ ਖਾਣੇ ਵਿਚ ਕੱਚੇ ਫਲ-ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਖਾਣੇ ਨੂੰ ਜ਼ਿਆਦਾ ਪਕਾ ਕੇ ਨਹੀਂ ਖਾਣਾ ਚਾਹੀਦਾ।
ਪੀਜੀਆਈ ਤੋਂ ਰਿਟਾਇਰਡ ਡਾ. ਜੀਵਨਜੋਤ ਕੌਰ ਨੇ ਦਸਿਆ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਕੰਮ ਸ਼ੁਰੂ ਕੀਤਾ ਹੈ ਕਿ ਉਹ ਮੁੜ ਪੁਰਾਣੇ ਤਰੀਕਿਆਂ ਨਾਲ ਕੁਦਰਤੀ ਖੇਤੀ ਕਰਨੀ ਸ਼ੁਰੂ ਕਰ ਦੇਣ। ਪਹਿਲਾਂ ਲੋਕ 80 ਸਾਲਾ ਦੀ ਉਮਰ ’ਚ ਵੀ ਤੰਦਰੁਸਤ ਰਹਿੰਦੇ ਸੀ ਪਰ ਹੁਣ ਦੀ ਪੀੜ੍ਹੀ ਤਾਂ ਬਿਲਕੁਲ ਤੰਦਰੁਸਤ ਨਹੀਂ ਹੈ। ਬਹੁਤ ਸਾਰੇ ਫ਼ਲ ਅਜਿਹੇ ਹਨ ਜਿਹਨਾਂ ਬਾਰੇ ਅੱਜ ਦੀ ਪੀੜ੍ਹੀ ਨੂੰ ਨਹੀਂ ਪਤਾ। ਅਸੀਂ ਲੋਕਾਂ ਨੂੰ ਅਪਣੀ ਡਿਊਟੀ ਸਮਝ ਕੇ ਜਾਗਰੂਕ ਕਰ ਰਹੇ ਹਾਂ। ਜ਼ਮੀਨੀ ਪਾਣੀ ਦਾ ਪੱਧਰ ਡਿਗਦਾ ਜਾ ਰਿਹਾ ਹੈ। ਜਦੋਂ ਸਾਡੇ ’ਤੇ ਬੀਤਦੀ ਹੈ ਤਾਂ ਉਦੋਂ ਹੀ ਸਾਨੂੰ ਹੋਸ਼ ਆਉਂਦੀ ਹੈ। ਮੇਰੀ ਭੈਣ ਕੈਂਸਰ ਵਰਗੀ ਬਿਮਾਰੀ ਦਾ ਸ਼ਿਕਾਰ ਹੋਈ ਸੀ।
ਡਾ. ਅਮਿਤ ਗੁਪਤਾ ਜੋ ਦਿਲ ਦੇ ਡਾਕਟਰ ਹਨ। ਉਨ੍ਹਾਂ ਨੇ ਦਸਿਆ ਕਿ ਜਿਵੇਂ ਗੱਡੀ ’ਚ ਤੇਲ ਪਵਾਉਂਦੇ ਹੋ ਤੇ ਦੇਖਦੇ ਹੋ ਕਿ ਕਿਹੜਾ ਤੁਹਾਡੀ ਗੱਡੀ ਲਈ ਠੀਕ ਹੈ ਉਵੇਂ ਹੀ ਜੋ ਤੁਸੀਂ ਅਪਣੇ ਸਰੀਰ ਵਿਚ ਪਾ ਰਹੇ ਹੋ, ਉਹ ਵੀ ਦੇਖਣਾ ਹੋਵੇਗਾ ਕਿ ਉਹ ਵਧੀਆ ਕੁਆਲਿਟੀ ਦਾ ਹੈ ਕਿ ਨਹੀਂ। ਜੇਕਰ ਅਸੀਂ ਇਹੀ ਜ਼ਹਿਰੀਲਾ ਭੋਜਨ ਖਾਂਦੇ ਰਹੇ ਤਾਂ ਕੈਂਸਰ ਤੇ ਦਿਲ ਦੀਆਂ ਬਿਮਾਰੀਆਂ ਹੋਣਾ ਆਮ ਗੱਲ ਹੈ। ਜੇਕਰ ਅਸੀਂ ਕੈਮੀਕਲ ਤੇ ਕੀਟਨਾਸ਼ਕਾਂ ਵਾਲਾ ਭੋਜਨ ਖਾਂਦੇ ਹਾਂ ਤਾਂ ਉਹ ਸਾਡੇ ਪੇਟ ਵਿਚ ਜਾ ਕੇ ਦਿਲ ’ਤੇ ਵੀ ਅਸਰ ਕਰਦਾ ਹੈ ਤੇ ਉਸ ਨਾਲ ਕੈਂਸਰ ਵਰਗੀ ਬਿਮਾਰੀ ਹੋਣ ਦੀ ਸੰਭਾਵਨਾ ਰਹਿੰਦੀ ਹੈ। ਜੇਕਰ ਹਵਾ, ਪਾਣੀ ਤੇ ਭੋਜਨ ਸਾਫ਼ ਸੁਥਰਾ ਲਿਆ ਜਾਵੇ ਤਾਂ ਵਿਅਕਤੀ ਕਦੇ ਬਿਮਾਰ ਨਹੀਂ ਪੈ ਸਕਦਾ।