
ਅਗਲੇ ਸੱਤ ਦਿਨਾਂ ਤਕ ਪੁਲਿਸ ਜੱਗੂ ਤੋਂ ਨਸ਼ਾ ਤਸਕਰੀ ਦੇ ਮਾਮਲੇ ਵਿਚ ਪੁੱਛਗਿੱਛ ਕਰੇਗੀ।
ਅੰਮ੍ਰਿਤਸਰ: ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮ ਜੱਗੂ ਭਗਵਾਨਪੁਰੀਆ ਨੂੰ ਸੋਮਵਾਰ ਨੂੰ ਪੰਜਾਬ ਦੀ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ 'ਚ ਪੇਸ਼ੀ ਤੋਂ ਬਾਅਦ ਗੈਂਗਸਟਰ ਜੱਗੂ ਨੂੰ 7 ਦਿਨਾਂ ਲਈ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ (ਐਸਐਸਓਸੀ) ਦੇ ਹਵਾਲੇ ਕਰ ਦਿਤਾ ਗਿਆ ਹੈ। ਹੁਣ ਅਗਲੇ ਸੱਤ ਦਿਨਾਂ ਤਕ ਪੁਲਿਸ ਜੱਗੂ ਤੋਂ ਨਸ਼ਾ ਤਸਕਰੀ ਦੇ ਮਾਮਲੇ ਵਿਚ ਪੁੱਛਗਿੱਛ ਕਰੇਗੀ।
ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਦਿੜ੍ਹਬਾ ਤੇ ਚੀਮਾ ਵਿਚ ਅਤਿ ਆਧੁਨਿਕ ਤਹਿਸੀਲ ਕੰਪਲੈਕਸਾਂ ਦਾ ਨੀਂਹ ਪੱਥਰ ਰੱਖਿਆ
ਦਰਅਸਲ ਕੁੱਝ ਦਿਨ ਪਹਿਲਾਂ 17 ਮਈ ਨੂੰ ਐਸਐਸਓਸੀ ਨੇ ਜੱਗੂ ਦੇ ਦੋ ਸਾਥੀਆਂ ਰੋਬਿਨ ਸਿੰਘ ਵਾਸੀ ਪਲਾਸੌਰ, ਤਰਨਤਾਰਨ ਅਤੇ ਹਰਪਾਲ ਸਿੰਘ ਵਾਸੀ ਝੰਡਾ ਕਲਾਂ ਸਰਦੂਰਗੜ੍ਹ, ਮਾਨਸਾ ਨੂੰ ਨਸ਼ੀਲੇ ਪਦਾਰਥਾਂ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਸੀ। ਮੁਲਜ਼ਮਾਂ ਕੋਲੋਂ ਪੀ.ਬੀ.02-ਈ.ਐਲ-1905 ਫਾਰਚੂਨਰ ਕਾਰ ਵੀ ਜ਼ਬਤ ਕੀਤੀ ਗਈ ਹੈ। ਮੁਲਜ਼ਮ ਇਥੇ ਹੈਰੋਇਨ ਦਾ ਸੌਦਾ ਕਰਨ ਆਏ ਸਨ। ਸੂਚਨਾ ਦੇ ਆਧਾਰ 'ਤੇ ਟੀਮ ਨੇ ਘੇਰਾਬੰਦੀ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ: ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਦਰਸਾਈ ਜੀਵਨ-ਜਾਚ ਅਪਨਾਉਣ ਦਾ ਸੱਦਾ
ਜਦੋਂ ਪਲਾਸੌਰ ਟੀਮ ਨੇ ਹਰਪਾਲ ਅਤੇ ਰੌਬਿਨ ਤੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਜੱਗੂ ਦਾ ਨਾਂਅ ਸਾਹਮਣੇ ਆਇਆ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਮੁਲਜ਼ਮ ਜੱਗੂ ਕੋਲ ਕੰਮ ਕਰਦੇ ਸਨ ਅਤੇ ਉਸ ਦੇ ਕਹਿਣ ’ਤੇ ਡਲਿਵਰੀ ਅਤੇ ਪੈਸੇ ਵਸੂਲਣ ਦਾ ਕੰਮ ਕਰਦੇ ਸਨ। ਐਸਐਸਓਸੀ ਨੇ ਜੱਗੂ ਨੂੰ ਅਦਾਲਤ 'ਚ ਪੇਸ਼ ਕਰਕੇ 14 ਦਿਨ ਦਾ ਰਿਮਾਂਡ ਮੰਗਿਆ ਪਰ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਗੂ ਨੂੰ 29 ਮਈ ਤਕ ਪੁਲਸ ਰਿਮਾਂਡ 'ਤੇ ਭੇਜ ਦਿਤਾ ਗਿਆ ਹੈ। ਇਸ ਦੌਰਾਨ ਜੱਗੂ ਤੋਂ ਇਸ ਮਾਮਲੇ 'ਚ ਪੁੱਛਗਿੱਛ ਕਰਨ ਤੋਂ ਇਲਾਵਾ ਉਸ ਕੋਲੋਂ ਜਬਰੀ ਵਸੂਲੀ ਦੇ ਮਾਮਲਿਆਂ 'ਚ ਵੀ ਪੁੱਛਗਿੱਛ ਕੀਤੀ ਜਾਵੇਗੀ।