ਮੁੱਖ ਮੰਤਰੀ ਨੇ ਦਿੜ੍ਹਬਾ ਤੇ ਚੀਮਾ ਵਿਚ ਰੱਖਿਆ ਅਤਿ ਆਧੁਨਿਕ ਤਹਿਸੀਲ ਕੰਪਲੈਕਸਾਂ ਦਾ ਨੀਂਹ ਪੱਥਰ 

By : KOMALJEET

Published : May 22, 2023, 6:53 pm IST
Updated : May 22, 2023, 6:53 pm IST
SHARE ARTICLE
CM LAYS FOUNDATION STONE OF ULTRA MODERN TEHSIL COMPLEXES IN DIRBA AND CHEEMA
CM LAYS FOUNDATION STONE OF ULTRA MODERN TEHSIL COMPLEXES IN DIRBA AND CHEEMA

'ਚੰਨੀ ਦੇ ਕਾਰਜਕਾਲ ਦੌਰਾਨ ਉਸ ਦੇ ਭਾਣਜੇ ਨੇ ਨੌਕਰੀਆਂ ਵੇਚੀਆਂ ਪਰ ਸਾਡੀ ਸਰਕਾਰ ਪਾਰਦਰਸ਼ੀ ਅਤੇ ਨਿਰਪੱਖ ਤਰੀਕੇ ਨਾਲ ਨੌਕਰੀਆਂ ਪ੍ਰਦਾਨ ਕਰ ਰਹੀ ਹੈ'

ਕੰਪਲੈਕਸਾਂ ਦੇ ਨਿਰਮਾਣ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹ ਕੇ ਨਾਗਰਿਕ ਕੇਂਦਰਿਤ ਸੇਵਾਵਾਂ ਰਾਹੀਂ ਜਨਤਾ ਨੂੰ ਲਾਭ ਪਹੁੰਚਾਇਆ ਜਾਵੇਗਾਸ਼੍ਰੋਮਣੀ ਕਮੇਟੀ ਤੋਂ ਗੁਰਬਾਣੀ ਦਾ ਸੰਦੇਸ਼ ਫੈਲਾਉਣ ਦੀ ਥਾਂ ਇਕ ਖ਼ਾਸ ਟੀ.ਵੀ. ਚੈਨਲ 'ਤੇ ਮਿਹਰਬਾਨੀ ਕਰਨ ਦਾ ਕਾਰਨ ਪੁਛਿਆ

ਸੂਬੇ ਦੇ ਪੇਂਡੂ ਖੇਤਰਾਂ ਨੂੰ ਉਦਯੋਗਿਕ ਹੱਬ ਵਿਚ ਤਬਦੀਲ ਕਰਨ ਦਾ ਐਲਾਨ

ਅਨਾਜ ਦੇ ਮੁੱਲ ਵਿਚ ਕਟੌਤੀ ਅਤੇ ਪੇਂਡੂ ਵਿਕਾਸ ਫ਼ੰਡ ਦਾ ਬਣਦਾ ਹਿੱਸਾ ਜਾਰੀ ਨਾ ਕਰਨ ਲਈ ਕੇਂਦਰ ਸਰਕਾਰ ਦੀ ਆਲੋਚਨਾ

ਦਿੜ੍ਹਬਾ/ਚੀਮਾ (ਸੰਗਰੂਰ) : ਲੋਕਾਂ ਦੀ ਲੁੱਟ-ਖਸੁੱਟ ਕਰਨ ਵਾਲੀਆਂ ਸੂਬੇ ਦੀਆਂ ਪਿਛਲੀਆਂ ਸਰਕਾਰਾਂ `ਤੇ ਤਿੱਖਾ ਹਮਲਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਨੌਕਰੀਆਂ ਵੇਚੀਆਂ ਸਨ, ਜਦੋਂ ਕਿ ਸਾਡੀ ਸਰਕਾਰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ਉਤੇ ਨੌਕਰੀਆਂ ਮੁਹੱਈਆ ਕਰਵਾ ਰਹੀ ਹੈ।

ਇੱਥੇ ਦਿੜ੍ਹਬਾ ਤੇ ਚੀਮਾ ਵਿੱਚ ਤਹਿਸੀਲ ਕੰਪਲੈਕਸਾਂ ਦਾ ਨੀਂਹ ਪੱਥਰ ਰੱਖਣ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ’ਤੇ ਹਮਲੇ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਭਾਣਜਾ ਨੌਕਰੀ ਬਦਲੇ ਦੋ ਕਰੋੜ ਰੁਪਏ ਮੰਗਦਾ ਸੀ। ਇਸ ਦੇ ਉਲਟ ਸਾਡੀ ਸਰਕਾਰ ਨੇ ਅਹੁਦਾ ਸੰਭਾਲਣ ਤੋਂ ਲੈ ਕੇ ਹੁਣ ਤੱਕ 29,000 ਤੋਂ ਵੱਧ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ `ਤੇ ਨੌਕਰੀਆਂ ਦਿੱਤੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਦਾ ਸੋਸ਼ਣ ਕਰਨ ਵਾਲੇ ਇਨ੍ਹਾਂ ਆਗੂਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਇਨ੍ਹਾਂ ਨੂੰ ਸੂਬੇ ਦੇ ਲੋਕਾਂ ਅੱਗੇ ਜਵਾਬਦੇਹ ਬਣਾਇਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਨੂੰ ਬੇਰਹਿਮੀ ਨਾਲ ਲੁੱਟਿਆ, ਜਿਸ ਕਾਰਨ ਸੂਬਾ ਤਰੱਕੀ ਪੱਖੋਂ ਪਛੜ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਨੂੰ ਲੁੱਟਣ ਵਾਲੇ ਇਨ੍ਹਾਂ ਭ੍ਰਿਸ਼ਟ ਆਗੂਆਂ ਤੋਂ ਇਕ-ਇਕ ਪੈਸਾ ਵਸੂਲੇਗੀ।

ਇਹ ਵੀ ਪੜ੍ਹੋ: ਜਥੇਦਾਰ ਤਾਂ ਬਾਦਲ ਸਾਹਬ ਦੀ ਜੇਬ ਵਿਚੋਂ ਨਿਕਲਦੇ ਹਨ : ਸਾਂਸਦ ਰਵਨੀਤ ਸਿੰਘ ਬਿੱਟੂ

ਮੁੱਖ ਮੰਤਰੀ ਨੇ ਸਪੱਸ਼ਟ ਤੌਰ ਉਤੇ ਆਖਿਆ ਕਿ ਇਹ ਕਿੰਨੀ ਬਦਕਿਸਮਤੀ ਦੀ ਗੱਲ ਹੈ ਕਿ ਗੁਰਬਾਣੀ ਪ੍ਰਸਾਰਨ ਦੇ ਮੁਫ਼ਤ ਅਧਿਕਾਰ ਦੇਣ ਦੀ ਬਜਾਏ ਸ਼੍ਰੋਮਣੀ ਕਮੇਟੀ ਪ੍ਰਧਾਨ ਆਪਣੇ ਆਕਾਵਾਂ ਦੇ ਆਖੇ ਉਤੇ ਚਲਦਿਆਂ ਸਿਰਫ਼ ਇਕ ਟੀ.ਵੀ. ਚੈਨਲ ਨੂੰ ਇਹ ਅਧਿਕਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਜੇ ਸਰਬਸਾਂਝੀ ਬਾਣੀ ਰਾਹੀਂ ਸਰਬੱਤ ਦੇ ਭਲੇ ਦਾ ਇਲਾਹੀ ਸੰਦੇਸ਼ ਦੁਨੀਆ ਭਰ ਵਿਚ ਜਾਵੇਗਾ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਕੀ ਇਤਰਾਜ਼ ਹੈ। ਭਗਵੰਤ ਮਾਨ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸਵਾਲ ਕੀਤਾ ਕਿ ਗੁਰਬਾਣੀ ਦਾ ਸੰਦੇਸ਼ ਦੁਨੀਆ ਭਰ ਵਿਚ ਫੈਲਾਉਣਾ ਜਾਂ ਇਕ ਖ਼ਾਸ ਚੈਨਲ ਉਤੇ ਮਿਹਰਬਾਨੀ ਕਰਨ ਵਿੱਚੋਂ ਤੁਹਾਡੇ ਲਈ ਕੀ ਜ਼ਿਆਦਾ ਅਹਿਮ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਲਈ ਵੋਟਾਂ ਮੰਗਣ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਉਨ੍ਹਾਂ (ਮੁੱਖ ਮੰਤਰੀ) ਨੂੰ ਸਿੱਖਿਆ ਦੇਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਜ਼ਰੂਰ ਦਸਣ ਕਿ ਗੁਰਬਾਣੀ ਪ੍ਰਸਾਰਨ ਦੇ ਅਧਿਕਾਰ ਦੇਣ ਨਾਲ ਧਰਮ ਨੂੰ ਖ਼ਤਰਾ ਖੜ੍ਹਾ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਅਸਪੱਸ਼ਟ ਬਿਆਨਾਂ ਦੀ ਹਰ ਕਿਸੇ ਨੂੰ ਨਿਖੇਧੀ ਕਰਨੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਸਪੱਸ਼ਟ ਆਖਿਆ ਕਿ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੇ ਹੱਥਾਂ ਦੀ ਕਠਪੁਤਲੀ ਵਾਂਗ ਕੰਮ ਕਰ ਰਹੀ ਹੈ ਅਤੇ ਬਾਦਲਾਂ ਵਲੋਂ ਸ਼੍ਰੋਮਣੀ ਕਮੇਟੀ ਦੀ ਵਰਤੋਂ ਆਪਣੇ ਸਿਆਸੀ ਮਨਸੂਬਿਆਂ ਦੀ ਪੂਰਤੀ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਕਰ ਕੇ ਮਸਤੂਆਣਾ ਸਾਹਿਬ ਵਿਚ ਮੈਡੀਕਲ ਕਾਲਜ ਦੇ ਵੱਡੇ ਪ੍ਰਾਜੈਕਟ ਵਿਚ ਰੋਕਾਂ ਖੜ੍ਹੀਆਂ ਕੀਤੀਆਂ, ਜਦੋਂ ਕਿ ਇਸ ਕਾਲਜ ਨਾਲ ਇਸ ਖਿੱਤੇ ਦੇ ਲੋਕਾਂ ਦੀ ਕਿਸਮਤ ਬਦਲ ਸਕਦੀ ਸੀ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਦਾ ਲੋਕਾਂ ਦੀ ਭਲਾਈ ਨਾਲ ਕੋਈ ਵਾਸਤਾ ਨਹੀਂ, ਸਗੋਂ ਇਨ੍ਹਾਂ ਨੂੰ ਤਾਂ ਹਮੇਸ਼ਾ ਅਪਣੇ ਸਿਆਸੀ ਮੁਫ਼ਾਦ ਦੀ ਪਰਵਾਹ ਹੁੰਦੀ ਹੈ।

ਇਹ ਵੀ ਪੜ੍ਹੋ: ਪਾਸਾਂਗ ਦਾਵਾ ਨੇ ਰਿਕਾਰਡ 27ਵੀਂ ਵਾਰ ਫ਼ਤਹਿ ਕੀਤੀ ਮਾਊਂਟ ਐਵਰੈਸਟ ਦੀ ਚੋਟੀ

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਦਿੜ੍ਹਬਾ ਵਿਚ ਨੌਂ ਏਕੜ ਜ਼ਮੀਨ ਵਿਚ ਫੈਲੇ ਬਹੁਮੰਜ਼ਿਲਾ ਤਹਿਸੀਲ ਕੰਪਲੈਕਸ ਵਿਚ ਐਸ.ਡੀ.ਐਮ. ਦਫ਼ਤਰ, ਡੀ.ਐਸ.ਪੀ. ਦਫ਼ਤਰ, ਤਹਿਸੀਲਦਾਰ ਦਫ਼ਤਰ, ਫ਼ਰਦ ਕੇਂਦਰ, ਤਹਿਸੀਲ ਦਫ਼ਤਰ, ਬੀ.ਡੀ.ਪੀ.ਓ. ਦਫ਼ਤਰ ਅਤੇ ਹੋਰ ਇਮਾਰਤਾਂ ਹੋਣਗੀਆਂ। ਉਨ੍ਹਾਂ ਦਸਿਆ ਕਿ ਇਹ ਕੰਪਲੈਕਸ ਕਰੀਬ 9 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਅਤੇ ਇਕ ਸਾਲ ਦੇ ਅੰਦਰ ਮੁਕੰਮਲ ਹੋ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਪ੍ਰਾਜੈਕਟ ਲੋਕਾਂ ਨੂੰ ਸਮਾਂਬੱਧ ਤਰੀਕੇ ਨਾਲ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰ ਕੇ ਬਹੁਤ ਲਾਭ ਪਹੁੰਚਾਏਗਾ।

ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਸੂਬੇ ਭਰ ਵਿਚ ਅਜਿਹੇ ਆਧੁਨਿਕ ਤਹਿਸੀਲ ਕੰਪਲੈਕਸ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੀ ਸੇਵਾ ਦੇ ਇਸ ਮੰਤਵ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਰਾਜ ਦੀ ਵਾਗਡੋਰ ਪਹਿਲਾਂ ਗਲਤ ਹੱਥਾਂ ਵਿਚ ਸੀ, ਜਿਸ ਕਾਰਨ ਸੂਬੇ ਦਾ ਮਾੜਾ ਹਾਲ ਹੋਇਆ ਹੈ।

ਕਣਕ ਉਤੇ ਲਾਈ ਮੁੱਲ ਕਟੌਤੀ ਲਈ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਆਖਿਆ ਕਿ ਸੂਬੇ ਦੇ ਅੰਨਦਾਤਾ ਦੀ ਅਣਥੱਕ ਮਿਹਨਤ ਤੋਂ ਬਗ਼ੈਰ ਕੇਂਦਰੀ ਪੂਲ ਭਰਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰੀ ਅਨਾਜ ਪੂਲ ਲਈ ਕੇਂਦਰ ਸਰਕਾਰ ਸਾਡੇ ਤੋਂ ਅਨਾਜ ਦੀ ਸਪਲਾਈ ਮੰਗੇਗੀ ਤਾਂ ਕਿਸਾਨਾਂ ਉਤੇ ਲਾਗੂ ਮੁੱਲ ਕਟੌਤੀ ਦਾ ਇਕ-ਇਕ ਰੁਪਿਆ ਕੇਂਦਰ ਸਰਕਾਰ ਤੋਂ ਵਿਆਜ ਸਮੇਤ ਵਸੂਲਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਪੰਜਾਬ ਅਤੇ ਇੱਥੋਂ ਦੇ ਕਿਸਾਨਾਂ ਪ੍ਰਤੀ ਰਵੱਈਆ ਉਦਾਸੀਨ ਹੈ, ਜਿਹੜਾ ਕਿਸੇ ਵੀ ਕੀਮਤ ਉਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਕਾਨੂੰਨੀ ਹੱਕ ਤੋਂ ਵਾਂਝਾ ਰੱਖ ਕੇ ਪੰਜਾਬ ਨੂੰ ਬੇਲੋੜਾ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਪੰਜਾਬ ਦਾ ਪੇਂਡੂ ਵਿਕਾਸ ਫੰਡ (ਆਰ.ਡੀ.ਐਫ.) ਦਾ 3 ਹਜ਼ਾਰ ਕਰੋੜ ਰੁਪਏ ਹਾਲੇ ਵੀ ਲੰਬਿਤ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਸਬੰਧੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰ ਦਿੱਤੀ ਸੀ ਪਰ ਫਿਰ ਵੀ ਕੇਂਦਰ ਸਰਕਾਰ ਜਾਣ-ਬੁੱਝ ਕੇ ਆਰ.ਡੀ.ਐਫ. ਤੇ ਜੀ.ਐਸ.ਟੀ. ਦਾ ਸੂਬੇ ਦਾ ਬਣਦਾ ਹਿੱਸਾ ਰੋਕੀ ਬੈਠੀ ਹੈ। ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਫ਼ੈਸਲੇ ਕੇਂਦਰ ਤੇ ਸੂਬਿਆਂ ਦੇ ਅਧਿਕਾਰਾਂ ਉਤੇ ਮਾੜਾ ਅਸਰ ਪਾ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਪੰਜਾਬ ਵਿਚੋਂ ਹੋਣਹਾਰ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਪਹਿਲਾਂ ਹੀ ਮੋੜਾ ਪੈ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹੁਣ ਸੂਬੇ ਦੇ ਨੌਜਵਾਨ ਵਿਦੇਸ਼ਾਂ ਤੋਂ ਪਰਤ ਕੇ ਪੰਜਾਬ ਦੇ ਸਮਾਜਿਕ-ਆਰਥਿਕ ਵਿਕਾਸ ਵਿਚ ਸਰਗਰਮ ਭਾਈਵਾਲ ਬਣ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਮਿਸਾਲੀ ਪਹਿਲਕਦਮੀ ਸੂਬੇ ਦੀ ਤਕਦੀਰ ਬਦਲਣ ਲਈ ਮੀਲ ਦਾ ਪੱਥਰ ਸਾਬਤ ਹੋ ਰਹੀ ਹੈ, ਜਿਸ ਨਾਲ ਸੂਬਾ ਦੇਸ਼ ਭਰ ਵਿਚੋਂ ਮੋਹਰੀ ਬਣੇਗਾ।


ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਪੇਂਡੂ ਖੇਤਰਾਂ ਨੂੰ ਸਨਅਤੀ ਹੱਬ ਵਜੋਂ ਵਿਕਸਤ ਕਰਨ ਲਈ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਨਅਤੀਕਰਨ ਨੂੰ ਤੇਜ਼ ਕਰ ਰਹੀ ਹੈ ਅਤੇ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੇਸ਼ ਭਰ ਵਿਚੋਂ ਸਨਅਤੀ ਹੱਬ ਵਜੋਂ ਉੱਭਰੇਗਾ। ਭਗਵੰਤ ਮਾਨ ਨੇ ਕਿਹਾ ਕਿ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਸਿਰਜੇ ਜਾਣਗੇ ਤਾਂ ਜੋ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਤੇਜ਼ ਕੀਤਾ ਜਾਵੇ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਸੂਬਾ ਸਰਕਾਰ ਨੇ ਕਈ ਲੋਕ-ਪੱਖੀ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹਰੇਕ ਬਿੱਲ ਉਤੇ 600 ਯੂਨਿਟ ਮੁਫ਼ਤ ਬਿਜਲੀ ਮੁਹੱਇਆ ਕਰ ਰਹੀ ਹੈ ਅਤੇ ਸੂਬੇ ਵਿੱਚ 90 ਫੀਸਦੀ ਤੋਂ ਵੱਧ ਘਰਾਂ ਨੂੰ ਪਹਿਲੀ ਵਾਰ ਬਿਜਲੀ ਦੇ ਬਿੱਲ ਜ਼ੀਰੋ ਆਏ ਹਨ। ਭਗਵੰਤ ਮਾਨ ਨੇ ਆਖਿਆ ਕਿ ਇਸ ਨਾਲ ਲੋਕਾਂ ਦੀਆਂ ਜੇਬਾਂ ਉਤੇ ਪੈਂਦਾ ਵੱਡਾ ਬੋਝ ਘਟਿਆ ਹੈ, ਜਿਸ ਨਾਲ ਉਨ੍ਹਾਂ ਨੂੰ ਰਾਹਤ ਮਿਲੀ ਹੈ।

‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਦੀ ਅਹਿਮੀਅਤ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਸੁਪਨਮਈ ਪ੍ਰੋਗਰਾਮ ਸੂਬੇ ਤੇ ਲੋਕਾਂ ਲਈ ਖ਼ੁਸ਼ਹਾਲੀ ਦੇ ਨਵੇਂ ਬੂਹੇ ਖੋਲ੍ਹੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੀ ਦੇਸ਼ ਭਰ ਵਿਚ ਕੋਈ ਮਿਸਾਲ ਨਹੀਂ ਹੈ ਕਿਉਂਕਿ ਕਿਸੇ ਵੀ ਸੂਬੇ ਦੀ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਘਰਾਂ ਵਿਚ ਜਾ ਕੇ ਹੱਲ ਕਰਨ ਲਈ ਬਹੁਤਾ ਸਮਾਂ ਨਹੀਂ ਦਿੰਦੀ। ਭਗਵੰਤ ਮਾਨ ਨੇ ਕਿਹਾ ਕਿ ਇਸ ਕਦਮ ਨਾਲ ਜਿਥੇ ਇਕ ਪਾਸੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ, ਉੱਥੇ ਦੂਜੇ ਪਾਸੇ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਦਾ ਵੀ ਮੁਲਾਂਕਣ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕ ਪੱਖੀ ਪਹਿਲਕਦਮੀ ਇਹ ਦਰਸਾਉਂਦੀ ਹੈ ਕਿ ਅਧਿਕਾਰੀ ਖ਼ਾਸ ਕਰ ਕੇ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਵੱਧ ਤੋਂ ਵੱਧ ਫੀਲਡ ਦੇ ਦੌਰੇ ਖਾਸ ਕਰਕੇ ਪਿੰਡਾਂ ਵਿੱਚ ਜਾਣ ਅਤੇ ਲੋਕਾਂ ਨਾਲ ਗੱਲਬਾਤ ਕਰਨ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਮੁੱਖ ਲੋੜ ਹੈ ਕਿ ਲੋਕਾਂ ਦੇ ਰੋਜ਼ਮਰ੍ਹਾ ਦੇ ਕੰਮ ਆਸਾਨੀ ਨਾਲ ਹੋਣ ਅਤੇ ਉਨ੍ਹਾਂ ਲਈ ਵਧੀਆ ਪ੍ਰਸ਼ਾਸਨ ਯਕੀਨੀ ਬਣਾਇਆ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਜ਼ਮੀਨੀ ਹਕੀਕਤਾਂ ਤੋਂ ਜਾਣੂ ਹੋਣ ਦੇ ਨਾਲ-ਨਾਲ ਦਫ਼ਤਰਾਂ ਦੇ ਕੰਮਕਾਜ ਨੂੰ ਬਿਹਤਰ ਬਣਾਉਣ ਵਿਚ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਛੇਤੀ ਹੀ ਸਰਕਾਰੀ ਸਕੂਲਾਂ ਵਿਚ ਪੜ੍ਹਦੀਆਂ ਵਿਦਿਆਰਥਣਾਂ ਲਈ ਬੱਸ ਸੇਵਾ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਉਦੇਸ਼ ਵਿਦਿਆਰਥਣਾਂ ਨੂੰ ਸਰਕਾਰੀ ਸਕੂਲਾਂ ਵਿਚ ਅਪਣੀ ਪੜ੍ਹਾਈ ਪੂਰੀ ਕਰਨ ਹਿੱਤ ਸਹੂਲਤ ਪ੍ਰਦਾਨ ਕਰਨਾ ਹੈ ਅਤੇ ਇਹ ਸੂਬੇ ਭਰ ਵਿੱਚ ਲੜਕੀਆਂ ਲਈ ਸਰਬੋਤਮ ਜਨਤਕ ਟਰਾਂਸਪੋਰਟ ਸੇਵਾ ਯਕੀਨੀ ਬਣਾਉਣ ਵੱਲ ਇੱਕ ਅਗਾਂਹਵਧੂ ਕਦਮ ਹੈ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਸੂਬੇ ਦੇ ਪਿੰਡਾਂ ਨੂੰ ਜੋੜਨ ਲਈ ਜਲਦੀ ਹੀ ਬੱਸ ਸੇਵਾ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਕਿ ਇਹ ਕਦਮ ਪਿੰਡਾਂ ਦੇ ਲੋਕਾਂ ਨੂੰ ਸੂਬੇ ਵਿਚ ਆਉਣ-ਜਾਣ ਦੀ ਸਹੂਲਤ ਦੇਣ ਦੇ ਨਾਲ-ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਿਚ ਵੀ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਭਲਾਈ ਲਈ ਸੂਬਾ ਸਰਕਾਰ ਦੀ ਇਹ ਇੱਕ ਹੋਰ ਵੱਡੀ ਪਹਿਲਕਦਮੀ ਹੋਵੇਗੀ। ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਚੀਮਾ ਅਤੇ ਅਮਨ ਅਰੋੜਾ ਸਮੇਤ ਹੋਰ ਆਗੂ ਵੀ ਹਾਜ਼ਰ ਸਨ।    
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM
Advertisement