
Punjab News : ਪੰਜਾਬੀ ਅਤੇ ਹਿੰਦੀ ਸਾਹਿਤ ਜਗਤ ’ਚ ਨਾਮਣਾ ਖੱਟਣ ਵਾਲੇ ਡਾ. ਜੱਗੀ ਦਾ ਅੱਜ 98 ਸਾਲ ਦੀ ਉਮਰ ’ਚ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ
Punjab News in Punjabi : ਪੰਜਾਬ ਦੇ ਸਿੱਖਿਆ ਅਤੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਉੱਘੇ ਵਿਦਵਾਨ ਅਤੇ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਡਾ. ਰਤਨ ਸਿੰਘ ਜੱਗੀ, ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਪੰਜਾਬੀ ਅਤੇ ਹਿੰਦੀ ਸਾਹਿਤ ਜਗਤ ਵਿੱਚ ਨਾਮਣਾ ਖੱਟਣ ਵਾਲੇ ਡਾ. ਜੱਗੀ ਦਾ ਅੱਜ 98 ਸਾਲ ਦੀ ਉਮਰ ਵਿੱਚ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਡਾ. ਗੁਰਸ਼ਰਨ ਕੌਰ ਜੱਗੀ( ਸੇਵਾਮੁਕਤ ਪ੍ਰਿੰਸੀਪਲ, ਸਰਕਾਰੀ ਕਾਲਜ ਫਾਰ ਵੂਮੈਨ ਪਟਿਆਲਾ) ਅਤੇ ਪੁੱਤਰ ਸ਼੍ਰੀ. ਮਾਲਵਿੰਦਰ ਸਿੰਘ ਜੱਗੀ (ਸੇਵਾਮੁਕਤ ਆਈ.ਏ.ਐਸ.) ਹਨ।
ਆਪਣੇ ਸ਼ੋਕ ਸੰਦੇਸ਼ ਵਿੱਚ, ਸ. ਹਰਜੋਤ ਸਿੰਘ ਬੈਂਸ ਨੇ ਡਾ. ਰਤਨ ਸਿੰਘ ਜੱਗੀ ਦੇ ਮੱਧਕਾਲੀ ਸਾਹਿਤ ਵਿੱਚ ਪਾਏ ਸ਼ਾਨਦਾਰ ਯੋਗਦਾਨ ਦੀ ਸ਼ਲਾਘਾ ਕੀਤੀ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਡਾ. ਜੱਗੀ ਨੂੰ ਕਈ ਪੁਰਸਕਾਰ ਮਿਲੇ, ਜਿਨ੍ਹਾਂ ਵਿੱਚ ਪਦਮ ਸ਼੍ਰੀ (2023), ਸਾਹਿਤ ਅਕਾਦਮੀ ਪੁਰਸਕਾਰ (1989), ਅਤੇ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਸ਼ਾਮਲ ਹਨ, ਜੋ ਕਿ ਅਕਾਦਮਿਕ ਉੱਤਮਤਾ ਅਤੇ ਸਾਹਿਤ ਪ੍ਰਤੀ ਉਨ੍ਹਾਂ ਦੇ ਸਮਰਪਣ ਦਾ ਪ੍ਰਮਾਣ ਹਨ। ਉਨ੍ਹਾਂ ਦੇ ਸਮਰਪਣ ਅਤੇ ਲਗਨ ਨੇ ਅਣਗਿਣਤ ਵਿਅਕਤੀਆਂ ਨੂੰ ਪ੍ਰੇਰਿਤ ਕੀਤਾ ਅਤੇ ਚਿਰ-ਸਥਾਈ ਪ੍ਰਭਾਵ ਛੱਡਿਆ।
ਸਿੱਖਿਆ ਮੰਤਰੀ ਨੇ ਡਾ. ਜੱਗੀ ਦੇ ਪਰਿਵਾਰ ਅਤੇ ਸਕੇ-ਸਨੇਹੀਆਂ ਨਾਲ ਦਿਲੋਂ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਨੇ ਸਾਹਿਤਕ ਜਗਤ ਦਾ ਹੀਰਾ ਗੁਆ ਦਿੱਤਾ ਹੈ, ਜਿਸ ਨਾਲ ਸਾਹਿਤ ਵਿੱਚ ਇੱਕ ਵੱਡਾ ਖਲਾਅ ਪੈਦਾ ਹੋ ਗਿਆ ਹੈ, ਜਿਸਨੂੰ ਭਰਨਾ ਮੁਸ਼ਕਲ ਹੈ। ਉਨ੍ਹਾਂ ਦੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਬਣੀ ਰਹੇਗੀ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ।
(For more news apart from Education Minister Bains expresses deep grief over demise Padma Shri awardee Dr. Rattan Singh Jaggi News in Punjabi, stay tuned to Rozana Spokesman)