
ਪੰਜਾਬ ਹੋਮਗਾਰਡ ਅਤੇ ਸਿਵਲ ਡਿਫ਼ੈਂਸ ਵਿਚ ਭਰਤੀ ਹੋਏ 81 ਜਵਾਨਾਂ ਵਲੋਂ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਮੁਢਲੀ ਸਿਖਲਾਈ ਮੁਕੰਮਲ ਕਰਨ......
ਬਟਾਲਾ : ਪੰਜਾਬ ਹੋਮਗਾਰਡ ਅਤੇ ਸਿਵਲ ਡਿਫ਼ੈਂਸ ਵਿਚ ਭਰਤੀ ਹੋਏ 81 ਜਵਾਨਾਂ ਵਲੋਂ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਮੁਢਲੀ ਸਿਖਲਾਈ ਮੁਕੰਮਲ ਕਰਨ ਉਪਰੰਤ ਪਾਸਿੰਗ-ਆਊਟ ਪਰੇਡ ਕੀਤੀ ਗਈ। ਪੰਜਾਬ ਹੋਮਗਾਰਡ ਦੇ ਕਮਾਂਡੈਂਟ ਜਸਬੀਰ ਸਿੰਘ ਨੇ ਪਰੇਡ ਦਾ ਮੁਆਇਨਾ ਕਰਨ ਉਪਰੰਤ ਪਰੇਡ ਕੋਲੋਂ ਸਲਾਮੀ ਲਈ। ਇਸ ਮੌਕੇ ਐਸ.ਪੀ. ਬਟਾਲਾ ਪੁਲਿਸ ਸੂਬਾ ਸਿੰਘ, ਬਟਾਲੀਅਨ ਕਮਾਂਡਰ ਕਿਸ਼ਨ ਚੰਦ, ਡੀ.ਐੱਸ.ਪੀ. ਹਰੀਸ਼ਰਨ ਸ਼ਰਮਾਂ, ਸਟਾਫ਼ ਅਫ਼ਸਰ ਮਨਪ੍ਰੀਤ ਸਿੰਘ, ਹਰਦੀਪ ਸਿੰਘ ਬਾਜਵਾ ਡਿਪਟੀ ਚੀਫ਼, ਫਾਇਰ ਅਫ਼ਸਰ ਰਵਿੰਦਰ ਕੁਮਾਰ ਅਤੇ ਵਣ ਰੇਂਜ ਅਫ਼ਸਰ ਰਛਪਾਲ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਪੰਜਾਬ ਹੋਮਗਾਰਡ ਅਤੇ ਸਿਵਲ ਡਿਫ਼ੈਂਸ ਵਿਚ ਤਰਸ ਦੇ ਆਧਾਰ 'ਤੇ ਨੌਂਕਰੀ ਹਾਸਲ ਕਰਨ ਵਾਲੇ 81 ਜਵਾਨਾਂ ਜਿਨ੍ਹਾਂ ਵਿਚ 21 ਲੜਕੀਆਂ ਸ਼ਾਮਲ ਸਨ, ਨੂੰ ਬਟਾਲਾ ਦੀ ਪੁਲਿਸ ਲਾਈਨ ਵਿਖੇ 45 ਦਿਨਾਂ ਦੀ ਮੁਢਲੀ ਸਿਖਲਾਈ ਹੋਮਗਾਰਡ ਦੇ ਸਟਾਫ਼ ਅਫ਼ਸਰ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਬਟਾਲੀਅਨ ਦੇ ਹੋਰ ਅਧਿਕਾਰੀਆਂ ਵਲੋਂ ਦਿਤੀ ਗਈ। ਇਸ ਸਿਖਲਾਈ ਦੌਰਾਨ ਜਵਾਨਾਂ ਨੂੰ ਪਰੇਡ, ਹਥਿਆਰਾਂ ਦੀ ਸਿਖਲਾਈ, ਹੋਮ ਗਾਰਡ ਅਤੇ ਸਿਵਲ ਡਿਫ਼ੈਂਸ ਬਾਰੇ ਸਿਖਿਆ ਦਿੱਤੀ ਗਈ। ਸਾਰੇ ਹੀ ਜਵਾਨਾਂ ਨੇ ਇਸ ਸਿਖਲਾਈ ਨੂੰ ਸਫ਼ਲਤਾ ਨਾਲ ਪਾਸ ਕੀਤਾ।
ਮੁਢਲੀ ਸਿਖਲਾਈ ਪਾਸ ਕਰਨ ਵਾਲੇ ਜਵਾਨਾਂ ਨੇ ਅੱਜ ਸ਼ਾਨਦਾਰ ਪਾਸਿੰਗ ਆਊਟ ਪਰੇਡ ਦਾ ਮੁਜ਼ਾਹਰਾ ਕਰ ਕੇ ਅਧਿਕਾਰੀਆਂ, ਜਵਾਨਾਂ ਅਤੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਪਣੇ ਪਰਿਵਾਰਕ ਮੈਂਬਰਾਂ ਦਾ ਦਿਲ ਜਿੱਤ ਲਿਆ। ਜਵਾਨ ਲਵਪ੍ਰੀਤ ਸਿੰਘ, ਮਨਦੀਪ ਸਿੰਘ, ਬਲਵਿੰਦਰ ਸਿੰਘ ਅਤੇ ਲੜਕੀਆਂ ਵਿਚੋਂ ਨਰੇਸ਼ ਕੁਮਾਰੀ ਨੂੰ ਬੈਸਟ ਕੈਡਿਟ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ।
ਇਸ ਮੌਕੇ ਪੰਜਾਬ ਹੋਮਗਾਰਡ ਦੇ ਕਮਾਂਡੈਂਟ ਜਸਬੀਰ ਸਿੰਘ ਅਤੇ ਬਟਾਲੀਅਨ ਕਮਾਂਡਰ ਕਿਸ਼ਨ ਚੰਦ ਨੇ ਸਿਖਲਾਈ ਪਾਸ ਕਰਨ ਵਾਲੇ ਜਵਾਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸਫ਼ਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਅਧਿਕਾਰੀਆਂ ਵਲੋਂ ਜਵਾਨਾਂ ਨੂੰ ਦੇਸ਼ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੁੰ ਵੀ ਚੁਕਾਈ ਗਈ। ਕਮਾਂਡੈਂਟ ਜਸਬੀਰ ਸਿੰਘ ਨੇ ਜਵਾਨਾਂ ਨੂੰ ਕਿਹਾ ਕਿ ਉਹ ਅਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਉਣ।