
ਗੁਰਦੁਆਰਾ ਸ੍ਰ੍ਰੀ ਹੇਮਕੁੰਟ ਸਾਹਿਬ ਜ ਰਹੇ ਸ਼ਰਧਾਲੂਆ ਦੇ ਮੋਟਰ ਸਾਈਕਲਾਂ, ਗੱਡੀਆਂ ਤੋਂ ਉਤਰਾਖੰਡ ਪੁਲਿਸ ਨੇ ਨਿਸ਼ਾਨ ਸਾਹਿਬ ਲਾਹ ਦਿਤੇ.......
ਐਸਏਐਸ ਨਗਰ : ਗੁਰਦੁਆਰਾ ਸ੍ਰ੍ਰੀ ਹੇਮਕੁੰਟ ਸਾਹਿਬ ਜ ਰਹੇ ਸ਼ਰਧਾਲੂਆ ਦੇ ਮੋਟਰ ਸਾਈਕਲਾਂ, ਗੱਡੀਆਂ ਤੋਂ ਉਤਰਾਖੰਡ ਪੁਲਿਸ ਨੇ ਨਿਸ਼ਾਨ ਸਾਹਿਬ ਲਾਹ ਦਿਤੇ ਜੋ ਕਿ ਬਹੁਤ ਹੀ ਮੰਦਭਾਗਾ ਹੈ। ਇਸ ਸਬੰਧੀ ਗੁਰਦੇਵ ਸਿੰਘ ਚੌਹਾਨ ਪ੍ਰਧਾਨ ਨਿਸ਼ਕਾਮ ਸੇਵਾ ਕੀਰਤਨ ਸੁਸਾਇਟੀ ਅਤੇ ਨਾਇਬ ਸਿੰਘ ਸਾਬਕਾ ਚੇਅਰਮੈਨ ਗੁਰਦੁਆਰਾ ਪ੍ਰਬੰਧਕ ਸੰਗਠਨ ਵਲੋਂ ਇਕ ਸਾਂਝੇ ਬਿਆਨ 'ਚ ਕਿਹਾ ਕਿ ਪਹਿਲਾਂ ਇਕ ਜੱਜ ਵਲੋਂ ਪੱਗ 'ਤੇ ਸਵਾਲ ਖੜਾ ਕੀਤਾ ਸੀ ਫਿਰ ਉਸ ਤੋਂ ਬਾਅਦ ਰਾਜ ਕਰੇਗਾ ਖ਼ਾਲਸਾ ਕਹਿਣ
'ਤੇ ਪਾਬੰਦੀ ਲਗਾਈ ਜਾ ਰਹੀ ਹੈ। ਜਿਸ ਕਾਰਨ ਸਿੱਖ ਜਗਤ 'ਚ ਰੋਸ ਪਾਇਆ ਜਾ ਰਿਹਾ ਹੈ ਅਤੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ , ਸਿੱਖ ਹੁਣ ਅਪਣੇ ਆਪ ਨੂੰ ਠਗਿਆ ਜਿਹਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੂੰ ਇੰਝ ਮਹਿਸੂਸ ਹੋ ਰਿਹਾ ਹੈ ਕਿ ਹੁਣ ਆਉਣ ਵਾਲੇ ਸਮੇਂ 'ਚ ਕਿਤੇ ਸਿੰਘਾ ਨੂੰ ਗੁਰੂ ਸਾਹਿਬ ਵਲੋਂ ਦਿਤੇ ਪੰਜ ਕਰਾਰਾਂ 'ਤੇ ਹੀ ਪਾਬੰਦੀ ਨਾ ਲਾ ਦਿਤੀ ਜਾਵੇ।
ਇਸ ਸਬੰਧੀ ਉਹ ਪ੍ਰਧਾਨ ਐਸਜੀਪੀਸੀ ਗੋਬਿੰਦ ਸਿੰਘ ਲੌਂਗੋਵਾਲ ਅਤੇ ਜਥੇਦਾਰ ਅਕਾਲ ਤਖ਼ਤ ਅਤੇ ਹੋਰ ਸਿੱਖ ਜਥੇਬੰਦੀਆਂ ਉਤਰਾਖੰਡ ਪੁਲਿਸ ਦੇ ਇਸ ਮਾੜੇ ਵਤੀਰੇ ਬਾਰੇ ਗੱਲ ਕਰਨਗੇ ਤਾਂ ਜੋ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਤੇ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ ਕਿ ਇਸ ਘਟਨਾ ਪਿਛੇ ਕਿਸੇ ਸ਼ਰਾਰਤੀ ਅਨਸਰਾਂ ਜਾਂ ਕੋਈ ਗ਼ਲਤ ਵਿਅਕਤੀ ਦਾ ਹੱਥ ਤਾਂ ਨਹੀਂ।