
ਆਪ ਵਲੋਂ ਕੱਟੇ ਹੋਏ ਰਾਸ਼ਨ ਕਾਰਡ ਨੂੰ ਬਹਾਲ ਕਰਾਉਣ ਲਈ ਦਿਤਾ ਮੰਗ ਪੱਤਰ
ਬਨੂੜ, 22 ਜੂਨ (ਅਵਤਾਰ ਸਿੰਘ): ਆਮ ਆਦਮੀ ਪਾਰਟੀ ਵਲੋਂ ਅੱਜ ਗ਼ਰੀਬ ਪਰਵਾਰਾਂ ਦੇ ਕੱਟੇ ਗਏ ਰਾਸ਼ਨ ਕਾਰਡਾਂ ਨੂੰ ਬਹਾਲ ਕਰਾਉਣ ਲਈ ਹਲਕਾ ਪ੍ਰਧਾਨ ਨੀਨਾ ਮਿੱਤਲ ਦੀ ਅਗਵਾਈ ਹੇਠ ਨਾਇਬ ਤਹਿਸੀਲਦਾਰ ਬਨੂੜ ਨੂੰ ਮੰਗ ਪੱਤਰ ਦਿਤਾ ਗਿਆ। ਇਸ ਮੌਕੇ ਮੈਡਮ ਮਿੱਤਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਿਆਸੀ ਵਿਤਕਰੇਬਾਜ਼ੀ ਕਾਰਨ ਤਿੰਨ ਸਾਲ ਪਹਿਲਾਂ ਰਾਸ਼ਨ ਕਾਰਡ ਕੱਟ ਦਿਤੇ ਗਏ ਸਨ।
ਜਿਨ੍ਹਾਂ ਵਿਚ ਵੱਡੇ ਪੱਧਰ ਉੱਤੇ ਲੋੜਵੰਦਾਂ ਨੂੰ ਰਾਸ਼ਨ ਮਿਲਣਾ ਬੰਦ ਹੋ ਗਿਆ ਸੀ, ਪਰ ਰਾਸ਼ਨ ਕਾਰਡ ਮੁੜ ਬਨਾਉਣ ਲਈ ਵਾਰ-ਵਾਰ ਫ਼ਾਰਮ ਭਰਨ ਦੇ ਬਾਵਜੂਦ ਵੀ ਨਹੀਂ ਬਨਾਏ ਗਏ। ਜਿਸ ਕਾਰਨ ਤਾਲਾਬੰਦੀ ਵਿਚ ਗ਼ਰੀਬ ਪਰਵਾਰ ਭੁੱਖੇ ਢਿੱਡ ਜੀਵਨ ਬਸਰ ਕਰਨ ਲਈ ਮਜਬੂਰ ਹਨ। ਉਨ੍ਹਾਂ ਦਸਿਆ ਕਿ ਉਨ੍ਹਾਂ ਕੋਲ ਸਰਕਾਰ ਵਲੋਂ ਭੇਜਿਆ ਗਿਆ ਰਾਸ਼ਨ ਨਹੀਂ ਪੁੱਜ ਰਿਹਾ। ਉਨ੍ਹਾਂ ਮੁੱਖ ਮੰਤਰੀ ਨੂੰ ਭੇਜੇ ਮੰਗ ਪੱਤਰ ਦੇ ਹਵਾਲੇ ਨਾਲ ਕਿਹਾ ਕਿ ਲੋੜਵੰਦ ਪਰਵਾਰਾਂ ਦੇ ਬਿਨਾਂ ਕਿਸੇ ਦੇਰੀ ਤੋਂ ਰਾਸ਼ਨ ਕਾਰਡ ਬਨਾਏ ਜਾਣ ਅਤੇ ਬਿਨਾਂ ਰਾਸ਼ਨ ਕਾਰਡ ਵਾਲੇ ਪਰਵਾਰਾਂ ਨੂੰ ਵੀ ਰਾਸ਼ਨ ਦੇਣਾ ਯਕੀਨੀ ਬਨਾਇਆ ਜਾਵੇ।
ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਇਸ ਵਿਚ ਦੇਰੀ ਹੋਈ ਤਾਂ ਉਹ ਸਖਤ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ, ਜਿਨਾਂ ਮੁੱਖ ਮੰਤਰੀ ਤਕ ਪਹੁੰਚਾਉਣ ਦਾ ਭਰੋਸਾ ਦਿਤਾ। ਇਸ ਮੌਕੇ ਗੁਰਪ੍ਰੀਤ ਸਿੰਘ ਧਮੌਲੀ, ਮਨਦੀਪ ਸਿੰਘ, ਹਰਦੇਵ ਸਿੰਘ, ਚਰਨਜੀਤ ਸਿੰਘ ਧਰਮਗੜ, ਗੋਲਡੀ ਮਠਿਆੜਾ, ਯੂਥ ਆਗੂ ਹੈਪੀ, ਹਰਨੇਕ ਸਿੰਘ, ਗੁਰਸੇਵਕ ਸਿੰਘ, ਇਸਲਾਮ ਅਲੀ ਆਦਿ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।