
ਪਣੀ ਹੀ ਸਰਕਾਰ ਦੇ ਕਈ ਫ਼ੈਸਲਿਆਂ ਦਾ ਖੁਲੇਆਮ ਵਿਰੋਧ ਕਰਨ ਵਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ....
ਚੰਡੀਗੜ੍ਹ, 21ਜੂਨ (ਗੁਰਉਪਦੇਸ਼ ਭੁੱਲਰ) : ਅਪਣੀ ਹੀ ਸਰਕਾਰ ਦੇ ਕਈ ਫ਼ੈਸਲਿਆਂ ਦਾ ਖੁਲੇਆਮ ਵਿਰੋਧ ਕਰਨ ਵਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦ ਰਾਜ ਸਭਾ ਮੇਬਰ ਪ੍ਰਤਾਪ ਸਿੰਘ ਬਾਜਵਾ ਨੇ ਹੁਣ ਸੂਬਾ ਸਰਕਾਰ ਦੀ ਨੌਕਰੀਆਂ ਸੰਬੰਧੀ ਨਵੇਂ ਪੰਜਾਬ ਸਿਵਲ ਸਰਵਿਸਿਜ਼ ਬੋਰਡ ਦੀ ਤਜਵੀਜ਼ ਦਾ ਸਖ਼ਤ ਵਿਰੋਧ ਕੀਤਾ ਹੈ। ਮੁੱਖ ਮੰਤਰੀ ਕੈਂਪਟਨ ਅਮਰਿੰਦਰ ਸਿੰਘ ਨੂੰ ਲਿਖੇ ਸਖ਼ਤ ਸ਼ਬਦਾਂ ਵਾਲੇ ਪੱਤਰ ਚ ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਨਾਲ ਟਕਰਾਅ ਤੋਂ ਬਾਅਦ ਅਜਿਹੇ ਬੋਰਡ ਦਾ ਗਠਨ ਕਈ ਮੰਤਰੀਆਂ ਤੇ ਵਿਧਾਇਕਾਂ ਦੇ ਜਖਮਾਂ ਤੇ ਲੂਣ ਛਿੜਕਣ ਵਾਂਗ ਹੈ ਜੋ ਪਹਿਲਾ ਹੀ ਨੌਕਰਸ਼ਾਹੀ ਤੋਂ ਪ੍ਰੇਸ਼ਾਨ ਹਨ।
ਬਾਜਵਾ ਨੇ ਕਿਹਾ ਕਿ ਰਿਟਾਇਰ ਹੋਣ ਵਾਲੇ ਮੁੱਖ ਸਕੱਤਰ ਕਰਨ ਅਵਤਾਰ ਦੀ ਅਗਵਾਈ ਚ ਬਣਾਏ ਜਾਣ ਵਾਲੇ ਇਸ ਬੋਰਡ 'ਚ ਬਹੁਤੇ ਰਿਟਾਇਰਡ ਅਫਸਰ ਹੀ ਸ਼ਾਮਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਚੁਣੇ ਪ੍ਰਤੀਨਿਧਾਂ ਦੀ ਅਣਦੇਖੀ ਠੀਕ ਨਹੀਂ ਹੋਏਗੀ ਜਦ ਕਿ ਪਹਿਲਾਂ ਜ਼ਿਲ੍ਹਾ ਯੋਜਨਾ ਬੋਰਡ ਦੇ ਮਾਮਲੇ 'ਚ ਵੀ ਬੀਤੇ ਦਿਨੀ ਅਜਿਹਾ ਫ਼ੈਸਲਾ ਹੋ ਚੁਕਾ ਹੈ। ਉਨ੍ਹਾਂ ਕਿਹਾ ਕਿ ਮਾਮਲਾ ਸੁਪਰੀਮ ਕੋਰਟ 'ਚ ਜਾਣ ਦੇ ਬਾਵਜੂਦ ਪਿਛਲੀ ਸਰਕਾਰ ਨੇ ਵੀ ਇਹ ਬੋਰਡ ਨਹੀ ਸੀ ਬਣਾਇਆ। ਉਨ੍ਹਾਂ ਮੁੱਖ ਮੰਤਰੀ ਨੂੰ ਪੱਤਰ ਦੇ ਅੰਤ 'ਚ ਅਪੀਲ ਕੀਤੀ ਹੈ ਕਿ ਪਹਿਲਾਂ ਹੀ ਅਫ਼ਸਰਸ਼ਾਹੀ ਤੋਂ ਨਾਰਾਜ਼ ਮੰਤਰੀਆਂ ਦਾ ਮਨੋਬਲ ਕਾਇਮ ਰਖਣ ਲਈ ਨੌਕਰਸ਼ਾਹੀ ਦੇ ਪ੍ਰਭਾਵ ਵਾਲੇ ਅਜਿਹਾ ਬੋਰਡ ਬਣਾਉਣ ਦੀ ਤਜਵੀਜ ਵਾਪਿਸ ਲਈ ਜਾਵੇ ਤੇ ਲੋਕਾਂ ਦੇ ਚੁਣੇ ਪ੍ਰਤੀਨਿਧਾਂ ਨੂੰ ਅਜਿਹੇ ਬੋਰਡਾਂ 'ਚ ਪੂਰੀ ਥਾਂ ਦੇ ਕੇ ਉਨ੍ਹਾਂ ਦਾ ਸਨਮਾਣ ਬਹਾਲ ਕਰਵਾਇਆ ਜਾਵੇ।