
ਅਫ਼ਗ਼ਾਨਿਸਤਾਨ 'ਚ ਨਿਧਾਨ ਸਿੰਘ ਨੂੰ ਅਗ਼ਵਾ ਕਰਨ ਦੀ ਵਿਆਪਕ ਆਲੋਚਨਾ
ਅੰਮ੍ਰਿਤਸਰ, 22 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਅਫ਼ਗ਼ਾਨਿਸਤਾਨ ਦੇ ਇਲਾਕੇ ਪਕੜੀਆਂ ਵਿਖੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਨ ਸਮੇਂ ਸ. ਨਿਧਾਨ ਸਿੰਘ ਸਚਦੇਵਾ ਨੂੰ ਅਸਮਾਜਕ ਤੱਤਾਂ ਵਲੋਂ ਅਗ਼ਵਾ ਕਰਨ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।
ਇਕ ਪ੍ਰੈੱਸ ਬਿਆਨ ਰਾਹੀਂ ਭਾਈ ਲੌਂਗੋਵਾਲ ਨੇ ਕਿਹਾ ਅਫ਼ਗ਼ਾਨਿਸਤਾਨ ਵਿਚ ਸਿੱਖਾਂ 'ਤੇ ਪਹਿਲਾਂ ਵੀ ਹਮਲੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਗੁਰਦਵਾਰਾ ਸਾਹਿਬ ਵਿਖੇ ਸੇਵਾ ਕਰਨ ਵਾਲੇ ਸਿੱਖ ਸ. ਨਿਧਾਨ ਸਿੰਘ ਨੂੰ ਅਗ਼ਵਾ ਕਰਨਾ ਘੱਟ ਗਿਣਤੀ ਸਿੱਖਾਂ 'ਤੇ ਵੱਡਾ ਹਮਲਾ ਹੈ। ਪਿਛਲੇ ਸਮੇਂ ਅਫ਼ਗ਼ਾਨਿਸਤਾਨ ਦੇ ਕਾਬੁਲ ਵਿਚ ਗੁਰਦਵਾਰਾ ਸਾਹਿਬ 'ਤੇ ਅਤਿਵਾਦੀ ਹਮਲਾ ਕਰ ਕੇ ਬਹੁਤ ਸਾਰੇ ਸਿੱਖਾਂ ਨੂੰ ਸ਼ਹੀਦ ਕਰ ਦਿਤਾ ਗਿਆ ਸੀ ਜੋ ਮਨੁੱਖਤਾ ਵਿਰੁਧ ਵਹਿਸ਼ੀ ਕਾਰਾ ਸੀ। ਭਾਈ ਲੌਂਗੋਵਾਲ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਅਫ਼ਗ਼ਾਨਿਸਤਾਨ ਦੀ ਸਰਕਾਰ ਨਾਲ ਗੱਲਬਾਤ ਕਰ ਕੇ ਉਥੋਂ ਦੇ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ। ਉਨ੍ਹਾਂ ਭਾਰਤ ਸਰਕਾਰ ਪਾਸੋਂ ਇਹ ਵੀ ਮੰਗ ਕੀਤੀ ਕਿ ਅਫ਼ਗ਼ਾਨਿਸਤਾਨ ਵਿਚ ਵਸ ਰਹੇ ਜੋ ਪ੍ਰਵਾਰ ਭਾਰਤ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਤੁਰਤ ਭਾਰਤ ਲਿਆ ਕੇ ਵਸਾਉਣ ਦੇ ਯਤਨ ਕੀਤੇ ਜਾਣ।
ਪਾਕਿ ਦੇ ਸਾਬਕਾ ਮੰਤਰੀ ਵਲੋਂ ਮਹਾਰਾਜਾ ਰਣਜੀਤ ਸਿੰਘ ਬਾਰੇ ਵਰਤੀ ਗ਼ਲਤ ਸ਼ਬਦਾਵਲੀ ਦੀ ਕੀਤੀ ਨਿੰਦਾ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਦੇ ਸਾਬਕਾ ਸੰਘੀ ਰੇਲਵੇ ਮੰਤਰੀ ਖ਼ੁਵਾਜਾ ਸਾਦ ਰਫ਼ੀਕ ਦੁਆਰਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਲੁਟੇਰਾ ਤੇ ਅੱਯਾਸ਼ ਹੁਕਮਰਾਨ ਦਸ ਕੇ ਸਿੱਖ ਜਰਨੈਲਾਂ ਵਿਰੁਧ ਵਰਤੀ ਗ਼ਲਤ ਸ਼ਬਦਾਵਲੀ ਦੀ ਸਖ਼ਤ ਨਿੰਦਾ ਕੀਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਇਕ ਸ਼ਰਧਾਲੂ ਸਿੱਖ ਸੀ।