
ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ‘ਆਪ’ ਦੇ ਹੋਏ ਕੁੰਵਰ ਵਿਜੇ ਪ੍ਰਤਾਪ ਸਿੰਘ
ਅੰਮ੍ਰਿਤਸਰ, 21 ਜੂਨ (ਅਮਰੀਕ ਸਿੰਘ ਵੱਲ੍ਹਾ) : ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਸਾਬਕਾ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਨੇ ਆਮ ਆਦਮੀ ਪਾਰਟੀ ਵਿਚ ਰਸਮੀ ਤੌਰ ’ਤੇ ਸ਼ਮੂਲੀਅਤ ਕਰ ਕੇ ਸਿਆਸਤ ਵਿਚ ਅਪਣਾ ਕਦਮ ਰੱਖ ਦਿਤਾ ਹੈ।
ਅੰਮ੍ਰਿਤਸਰ ਸਰਕਟ ਹਾਊਸ ਵਿਚ ਰੱਖੀ ਗਈ ਇਕ ਪ੍ਰੈਸ ਕਾਨਫ਼ਰੰਸ ਦੌਰਾਨ ‘ਆਪ’ ਦੇ ਪੰਜਾਬ ਪ੍ਰਧਾਨ ਹਰਪਾਲ ਸਿੰਘ ਚੀਮਾ, ਭਗਵੰਤ ਸਿੰਘ ਮਾਨ, ਪੰਜਾਬ ਇੰਚਾਰਜ ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਡਾ ਸਮੇਤ ਆਪ ਦੇ ਸਮੂਹ ਐਮ.ਐਲ.ਏ. ਤੇ ਅਨੇਕਾਂ ਵਰਕਰਾਂ ਦੀ ਮੌਜੂਦਗੀ ਵਿਚ ਕੇਜਰੀਵਾਲ ਨੇ ਵਿਜੇ ਪ੍ਰਤਾਪ ਨੂੰ ਪਾਰਟੀ ਦੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਇਕ ਇਮਾਨਦਾਰ ਅਫ਼ਸਰ ਰਹੇ ਹਨ ਜਿਨ੍ਹਾਂ ਦੀ ਇਮਾਨਦਾਰੀ ਦੀਆਂ ਸਿਫ਼ਤਾਂ ਉਨ੍ਹਾਂ ਦੇ ਵਿਰੋਧੀ ਵੀ ਕਰਦੇ ਆ ਰਹੇ ਹਨ। ਉਨ੍ਹਾਂ ਨੇ ਬਰਗਾੜੀ ਕਾਂਡ ਦੇ ਮਾਸਟਰ ਮਾਈਂਡ ਦਾ ਪਤਾ ਲਗਾ ਲਿਆ ਸੀ। ਕੁੰਵਰ ਵਿਜੇ ਪ੍ਰਤਾਪ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੇ ਪੰਜਾਬ ਦੇ ਲੋਕਾਂ ਨੂੰ ਨਿਆਂ ਦਿਵਾਉਣਾ ਚਾਹੂੰਦੇ ਸਨ। ਪ੍ਰੰਤੂ ਸਾਰਾ ਸਰਕਾਰੀ ਸਿਸਟਮ ਉਨ੍ਹਾਂ ਵਿਰੁਧ ਲਾਮਬੰਦ ਹੋ ਗਿਆ ਜਿਸ ਕਰ ਕੇ ਪੰਜਾਬ ਲਈ ਖੁਲ੍ਹ ਕੇ ਗੱਲ ਕਰਨ ਲਈ ਉਨ੍ਹਾਂ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਤੇ ਹੁਣ ਆਪ ਨਾਲ ਰਲ ਕੇ ਪੰਜਾਬ ਦੇ ਤਿੰਨ ਕਰੋੜ ਲੋਕਾਂ ਦੇ ਹਿਤਾਂ ਲਈ ਕੰਮ ਕਰਨਾ ਚਾਹੁੰਦੇ ਹਨ।
ਕੇਜਰੀਵਾਲ ਨੇ ਕਿਹਾ ਕਿ ਨਾ ਮੈਂ ਨੇਤਾ ਸੀ, ਨਾ ਵਿਜੇ ਪ੍ਰਤਾਪ ਨੇਤਾ ਹਨ ਅਸੀਂ ਪਹਿਲਾਂ ਵੀ ਸਰਕਾਰੀ ਅਫ਼ਸਰ ਵਜੋਂ ਦੇਸ਼ ਦੀ ਸੇਵਾ ਕਰ ਰਹੇ ਸੀ ਤੇ ਹੁਣ ਵੀ ਦੇਸ਼ ਦੇ ਸੇਵਾਦਾਰ ਬਣ ਕੇ ਹੀ ਕੰਮ ਕਰਾਂਗੇ। ਕੇਜਰੀਵਾਲ ਨੇ ਕਿਹਾ ਕਿ ਪਿਛਲੇ 70 ਸਾਲਾਂ ਤੋਂ ਪੰਜਾਬੀਆਂ ਨੇ ਕਾਂਗਰਸ ਤੇ ਅਕਾਲੀਆਂ ਨੂੰ ਸੱਤਾ ਵਿਚ ਲਿਆਂਦਾ, ਜਿਨ੍ਹਾਂ ਨੇ ਪੰਜਾਬ ਲਈ ਕੁੱਝ ਨਹੀਂ ਕੀਤਾ। ਪ੍ਰੰਤੂ ਦਿੱਲੀ ਵਿਚ ਆਪ ਸਰਕਾਰ ਹੋਂਦ ਵਿਚ ਆਉਣ ’ਤੇ ਪਿਛਲੇ ਪੰਜ ਸਾਲਾਂ ਵਿਚ ਉਨ੍ਹਾਂ ਦੇ 70 ਸਾਲ ਦੇ ਕਾਰਜਕਾਲ ਨਾਲੋਂ ਵੱਧ ਵਿਕਾਸ ‘ਆਪ’ ਦੀ ਸਰਕਾਰ ਨੇ ਕਰ ਵਿਖਾਇਆ ਜਿਸ ਕਰ ਕੇ ਦਿੱਲੀ ਵਾਸੀ ਆਪ ’ਤੇ ਮਾਣ-ਮਹਿਸੂਸ ਕਰ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਨ ’ਤੇ ਸਿੱਖ ਚਿਹਰਾ ਹੀ ਸੀ.ਐਮ. ਹੋਵੇਗਾ
ਜਿਸ ’ਤੇ ਸਾਰੇ ਪੰਜਾਬ ਵਾਸੀ ਮਾਣ ਮਹਿਸੂਸ ਕਰਨਗੇ।
ਪੱਤਰਕਾਰਾਂ ਵਲੋਂ ਨਵਜੋਤ ਸਿੰਘ ਸਿੱਧੂ ਬਾਰੇ ਆਪ ਵਿਚ ਸ਼ਾਮਲ ਹੋਣ ’ਤੇ ਸੀ.ਐਮ. ਚਿਹਰੇ ਵਜੋਂ ਅੱਗੇ ਲਿਆਂਦੇ ਜਾਣ ’ਤੇ ਉਨ੍ਹਾਂ ਕਿਹਾ ਕਿ ਸਿੱਧੂ ਇਸ ਵੇਲੇ ਕਾਂਗਰਸ ਦੇ ਸੀਨੀਅਰ ਆਗੂ ਹਨ ਉਹ ਸਿੱਧੂ ਦੀ ਉਹ ਬਹੁਤ ਇੱਜ਼ਤ ਕਰਦੇ ਹਨ। ਸਿੱਧੂ ਬਾਰੇ ਕੇਜਰੀਵਾਲ ਨੇ ਅਸਿੱਧੇ ਤੌਰ ’ਤੇ ਕਿਹਾ ਕਿ ਜੇਕਰ ਅਜਿਹਾ ਕੁੱਝ ਹੁੰਦਾ ਹੈ ਤਾਂ ਉਸ ਦੀ ਜਾਣਕਾਰੀ ਸੱਭ ਤੋਂ ਪਹਿਲਾਂ ਪੱਤਰਕਾਰਾਂ ਨੂੰ ਹੀ ਦੇਣਗੇ। ਅਰਵਿੰਦ ਕੇਜਰੀਵਾਲ ਨੇ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਵੀ ਟੇਕਿਆ। ਉਨ੍ਹਾਂ ਕੁੱਝ ਪਲ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
asr-amrik-21 june-1 news
ਕੈਪਸ਼ਨ :
ਕੈਪਸ਼ਨ-ਏ ਐਸ ਆਰ ਬਹੋੜੂ— 21— 2— ਅਰਿੰਵਦਰ ਕੇਜਰੀਵਾਲ , ਕੁੰਵਰ ਵਿਜੇ ਪ੍ਰਤਾਪ ਨੂੰ ਆਪ ਚ ਸ਼ਾਮਲ ਕਰਦੇ ਹੋਏ ।