
ਅਗਨੀਪੱਥ ਸਕੀਮ ਵਿਰੁੱਧ 24 ਜੂਨ ਨੂੰ ਕੀਤੇ ਜਾਣਗੇ ਵਿਰੋਧ ਪ੍ਰਦਰਸ਼ਨ
ਜਲੰਧਰ: ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ 22 ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕਿਸਾਨ ਜੱਥੇਬੰਦੀਆਂ ਨੇ ਪੰਜਾਬ ’ਚ ਗੰਭੀਰ ਹੋ ਚੁੱਕੇ ਪਾਣੀ ਦੇ ਸੰਕਟ ਅਤੇ ਹੱਲ ਅਤੇ ਆਬਾਦਕਾਰਾਂ ਨੂੰ ਮਾਲਕਾਨਾ ਹੱਕ ਦੇਣ ਦੇ ਸਵਾਲ ਉੱਪਰ 25 ਜੂਨ ਨੂੰ ਜਲੰਧਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ’ਚ ਸੂਬਾਈ ਕਨਵੈਨਸ਼ਨ ਕਰਨ ਦੇ ਪ੍ਰੋਗਰਾਮ ਨੂੰ ਅੰਤਿਮ ਛੋਹਾਂ ਦਿੱਤੀਆਂ ਹਨ।
Farmers' organizations will hold a convention on June 25
ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਗਨੀਪੱਥ ਸਕੀਮ ਵਿਰੁੱਧ 24 ਜੂਨ ਨੂੰ ਦੇਸ਼ ਵਿਆਪੀ ਵਿਰੋਧ ਦੇ ਸੱਦੇ ਨੂੰ ਲਾਗੂ ਕਰਨ ਦਾ ਫੈਸਲਾ ਵੀ ਕੀਤਾ ਗਿਆ।
ਮੀਟਿੰਗ ਨੇ ਯੂਪੀ ਦੀ ਯੋਗੀ ਅਦਿੱਤਿਆਨਾਥ ਸਰਕਾਰ ਵੱਲੋਂ ਘੱਟ ਗਿਣਤੀਆਂ, ਜਮਹੂਰੀ ਤਾਕਤਾਂ ਅਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਜਬਰ ਦੇ ਜੋਰ ਡਰਾਉਣ-ਧਮਕਾਉਣ ਲਈ ਧਾਰਨ ਕੀਤੀ ਬੁਲਡੋਜ਼ਰ ਫਾਸ਼ੀਵਾਦ ਦੀ ਨੀਤੀ ਉੱਪਰ ਰੋਕ ਲਾਉਣ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਇੱਕ ਪ੍ਰਮੁੱਖ ਆਗੂ ਆਲ ਇੰਡੀਆ ਕਿਸਾਨ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਡਾ. ਅਸ਼ੀਸ਼ ਮਿੱਤਲ ਉੱਪਰ ਪ੍ਰਯਾਗਰਾਜ ਵਿਖੇ ਦਰਜ ਕੀਤੇ ਪੁਲੀਸ ਕੇਸ ਅਤੇ ਜਾਰੀ ਕੀਤੇ ਗੈਰ-ਜ਼ਮਾਨਤੀ ਵਾਰੰਟਾਂ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ ਹੈ।
ਮੀਟਿੰਗ ਵਿੱਚ ਕਨਵੈਨਸ਼ਨ ਵਿਚਲੇ ਸਮੁੱਚੇ ਪ੍ਰਬੰਧਾਂ ਅਤੇ ਨੀਤੀਗਤ ਮਾਮਲਿਆਂ ਨੂੰ ਨਜਿੱਠਣ ਲਈ ਮਨਜੀਤ ਸਿੰਘ ਰਾਏ, ਜਗਮੋਹਣ ਸਿੰਘ, ਪ੍ਰਗਟ ਸਿੰਘ ਜਾਮਾਰਾਏ, ਜੰਗਵੀਰ ਸਿੰਘ ਚੌਹਾਨ ਅਤੇ ਰਾਮਿੰਦਰ ਸਿੰਘ ਪਟਿਆਲਾ ਅਧਾਰਿਤ ਕਮੇਟੀ ਬਣਾ ਕੇ ਡਿਊਟੀ ਲਗਾਈ ਗਈ।ਮੀਟਿੰਗ ਵਿੱਚ ਡਾ. ਸਤਨਾਮ ਸਿੰਘ ਅਜਨਾਲਾ, ਸੂਰਤ ਸਿੰਘ ਧਰਮਕੋਟ, ਮੁਕੇਸ਼ ਚੰਦਰ, ਬਿੰਦਰ ਸਿੰਘ ਗੋਲੇਵਾਲ, ਜਗਸੀਰ ਸਿੰਘ ਸਾਧੂਵਾਲਾ, ਵੀਰ ਸਿੰਘ ਬੜਵਾ, ਹਰਜੀਤ ਸਿੰਘ ਰਵੀ, ਸਤਨਾਮ ਸਿੰਘ ਸੰਧੂ, ਬਖਤਾਵਰ ਸਿੰਘ, ਨਿਰਭੈ ਸਿੰਘ ਢੁੱਡੀਕੇ, ਰੁਲਦੂ ਸਿੰਘ ਮਾਨਸਾ ਅਤੇ ਰਾਮਿੰਦਰ ਸਿੰਘ ਪਟਿਆਲਾ ਆਦਿ ਕਿਸਾਨ ਆਗੂ ਹਾਜ਼ਰ ਸਨ।