
ਇਸ ਮਾਮਲੇ ਵਿਚ ਪੁਲਿਸ ਥਾਣਾ ਸੈਕਟਰ 11 ਵਿਚ ਆਰਮਜ਼ ਐਕਟ ਦੀ 25/54/59 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਚੰਡੀਗੜ੍ਹ: ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਆਈਏਐੱਸ ਅਧਿਕਾਰੀ ਸੰਜੇ ਪੋਪਲੀ ਖ਼ਿਲਾਫ਼ ਹੁਣ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦਰਅਸਲ ਸੈਕਟਰ 11 ਸਥਿਤ ਉਹਨਾਂ ਦੀ ਸਰਕਾਰੀ ਰਿਹਾਇਸ਼ ’ਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ 73 ਕਾਰਤੂਸ ਬਰਾਮਦ ਹੋਏ ਹਨ। ਇਹਨਾਂ ਵਿਚੋਂ 41 ਕਾਰਤੂਸ 7.65 ਐੱਮ ਐੱਮ, 32 ਬੋਰ ਅਤੇ 30 .22 ਰਾਈਫ਼ਲ ਦੇ ਹਨ। ਇਸ ਮਾਮਲੇ ਵਿਚ ਪੁਲਿਸ ਥਾਣਾ ਸੈਕਟਰ 11 ਵਿਚ ਆਰਮਜ਼ ਐਕਟ ਦੀ 25/54/59 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਸੀਨੀਅਰ ਆਈ.ਏ.ਐਸ. ਅਫ਼ਸਰ ਸੰਜੇ ਪੋਪਲੀ ਅਤੇ ਸੀਵਰੇਜ ਬੋਰਡ ਦੇ ਇਕ ਅਧਿਕਾਰੀ ਨੂੰ ਵਿਜੀਲੈਂਸ ਨੇ ਰਿਸ਼ਵਤ ਮੰਗਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੰਜੇ ਪੋਪਲੀ ਵਲੋਂ ਸੀਵਰੇਜ ਬੋਰਡ ਵਿਚ ਤਾਇਨਾਤੀ ਦੌਰਾਨ ਸੱਤ ਕਰੋੜ ਦੇ ਇਕ ਪ੍ਰਾਜੈਕਟ ਸਬੰਧੀ ਠੇਕੇਦਾਰ ਕੋਲੋਂ ਕਮਿਸ਼ਨ ਮੰਗਣ ਦਾ ਦੋਸ਼ ਹੈ।
ਠੇਕੇਦਾਰ ਨੇ ਰਿਸ਼ਵਤ ਦੀ ਪਹਿਲੀ ਕਿਸ਼ਤ ਦੇਣ ਤੋਂ ਬਾਅਦ ਦੂਜੀ ਕਿਸ਼ਤ ਮੰਗਣ ਸਮੇਂ ਫੋਨ 'ਤੇ ਰਿਕਾਰਡਿੰਗ ਕਰ ਲਈ ਅਤੇ ਸਰਕਾਰ ਨੂੰ ਭੇਜ ਦਿੱਤੀ। ਆਈ.ਏ.ਐੱਸ. ਅਫ਼ਸਰ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਨੂੰ ਮੁਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਮਗਰੋਂ ਉਹਨਾਂ ਨੂੰ 7 ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।