
ਸ੍ਰੀ ਮੁਕਤਸਰ ਸਾਹਿਬ ਦੇ ਜਸਪਿੰਦਰ ਸਿੰਘ ਨੇ ਦੂਜੀ ਕੋਸ਼ਿਸ਼ ਵਿਚ ਹਾਸਲ ਕੀਤਾ 33ਵਾਂ ਰੈਂਕ
ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ ਮੁਕਤਸਰ ਜ਼ਿਲ੍ਹੇ ਨਾਲ ਸਬੰਧਤ ਜਸਪਿੰਦਰ ਸਿੰਘ ਭੁੱਲਰ ਨੇ ਆਲ ਇੰਡੀਆ ਸਿਵਲ ਸਰਵਿਸਿਜ਼ ਪ੍ਰੀਖਿਆ-2021 ਵਿਚ 33ਵਾਂ ਰੈਂਕ ਹਾਸਲ ਕੀਤਾ ਹੈ। ਕਿਸਾਨ ਪਰਿਵਾਰ ਨਾਲ ਸਬੰਧਤ ਜਸਪਿੰਦਰ ਸਿੰਘ ਭੁੱਲਰ ਦਾ ਆਈਏਐਸ ਅਫਸਰ ਬਣਨ ਦਾ ਸੁਪਨਾ ਸੋਮਵਾਰ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਦੇ ਨਤੀਜੇ ਆਉਂਦਿਆ ਹੀ ਪੂਰਾ ਹੋ ਗਿਆ। ਸਿਵਲ ਸੇਵਾਵਾਂ ਪ੍ਰੀਖਿਆ ਵਿਚ ਜਸਪਿੰਦਰ ਸਿੰਘ ਭੁੱਲਰ ਦੀ ਇਹ ਦੂਜੀ ਕੋਸ਼ਿਸ਼ ਸੀ। ਉਸ ਨੂੰ ਇਸ ਵਾਰ ਚੰਗਾ ਰੈਂਕ ਮਿਲਣ ਦਾ ਭਰੋਸਾ ਸੀ ਪਰ ਉਸ ਨੇ ਇਹ ਨਹੀਂ ਸੋਚਿਆ ਸੀ ਕਿ ਉਹ ਚੋਟੀ ਦੇ 50 ਵਿਚ ਥਾਂ ਬਣਾ ਲਵੇਗਾ। ਸੋਮਵਾਰ ਨੂੰ ਆਏ ਨਤੀਜਿਆਂ ਤੋਂ ਬਾਅਦ ਜਸਪਿੰਦਰ ਸਿੰਘ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।
ਜਸਪਿੰਦਰ ਸਿੰਘ ਭੁੱਲਰ ਮੂਲ ਮੁਕਤਸਰ ਦੇ ਪਿੰਡ ਭੁੱਲਰ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਨਛੱਤਰ ਸਿੰਘ ਇਕ ਸਧਾਰਨ ਕਿਸਾਨ ਹਨ ਅਤੇ ਮਾਤਾ ਨਵਦੀਪ ਕੌਰ ਇਕ ਘਰੇਲੂ ਔਰਤ ਹਨ। ਨਤੀਜੇ ਤੋਂ ਬਾਅਦ ਖੁਸ਼ ਨਜ਼ਰ ਆ ਰਹੇ ਜਸਪਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਵਾਰ ਦੂਜੀ ਵਾਰ ਸਿਵਲ ਸੇਵਾਵਾਂ ਦੀ ਪ੍ਰੀਖਿਆ ਦਿੱਤੀ ਹੈ। ਇਮਤਿਹਾਨ ਤੋਂ ਬਾਅਦ ਇੰਟਰਵਿਊ ਬਹੁਤ ਵਧੀਆ ਰਹੀ। ਉਸ ਨੂੰ ਇਮਤਿਹਾਨ ਪਾਸ ਕਰਨ ਦਾ ਪੂਰਾ ਯਕੀਨ ਸੀ ਪਰ ਆਲ ਇੰਡੀਆ ਪੱਧਰ 'ਤੇ 33ਵਾਂ ਰੈਂਕ ਆਉਣ ਬਾਰੇ ਸੋਚਿਆ ਨਹੀਂ ਸੀ।
ਜਸਪਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਉਸ ਨੇ ਆਪਣੇ ਮਾਪਿਆਂ ਦਾ ਸੁਪਨਾ ਪੂਰਾ ਕੀਤਾ ਹੈ। ਆਪਣੇ ਮਾਤਾ-ਪਿਤਾ ਦੇ ਨਾਲ-ਨਾਲ, ਉਹ ਆਪਣੀ ਸਫਲਤਾ ਦਾ ਸਿਹਰਾ ਆਪਣੇ ਦੋਸਤ ਕਰਨਬੀਰ ਸਿੰਘ ਨੂੰ ਵੀ ਦਿੰਦਾ ਹੈ, ਜੋ ਕਿ ਦਿੱਲੀ ਨਿਆਂਇਕ ਸੇਵਾਵਾਂ ਵਿਚ ਚੁਣਿਆ ਗਿਆ ਸੀ। ਜਸਪਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਮਾਂ ਅਤੇ ਪਿਤਾ ਦੀ ਬਦੌਲਤ ਹੀ ਅੱਜ ਇਸ ਮੁਕਾਮ 'ਤੇ ਪਹੁੰਚ ਸਕਿਆ ਹੈ। ਜਦੋਂ ਜਸਪਿੰਦਰ ਨੇ ਕੋਚਿੰਗ ਲਈ ਦਿੱਲੀ ਸ਼ਿਫਟ ਹੋਣ ਬਾਰੇ ਸੋਚਿਆ ਤਾਂ ਸਭ ਤੋਂ ਪਹਿਲਾਂ ਮਾਂ ਨਵਦੀਪ ਕੌਰ ਉਸ ਦੇ ਨਾਲ ਜਾਣ ਲਈ ਰਾਜ਼ੀ ਹੋਈ। ਸਾਰੀ ਕੋਚਿੰਗ ਦੌਰਾਨ ਜਸਪਿੰਦਰ ਦੇ ਮਾਤਾ ਉਸ ਦੇ ਨਾਲ ਦਿੱਲੀ ਹੀ ਰਹੇ, ਜਿਸ ਕਰਕੇ ਉਸ ਦਾ ਧਿਆਨ ਸਿਰਫ਼ ਪੜ੍ਹਾਈ ਵੱਲ ਹੀ ਸੀ।
ਪੁੱਤਰ ਦੀ ਸਫ਼ਲਤਾ ’ਤੇ ਪਿਤਾ ਨਛੱਤਰ ਸਿੰਘ ਅਤੇ ਮਾਤਾ ਨਵਦੀਪ ਕੌਰ ਨੇ ਦੱਸਿਆ ਕਿ ਜਸਪਿੰਦਰ ਸਿੰਘ ਨੂੰ ਬਚਪਨ ਤੋਂ ਹੀ ਪ੍ਰੀਖਿਆਵਾਂ ਵਿਚ ਟਾਪ ’ਤੇ ਆਉਣਾ ਪਸੰਦ ਸੀ। ਜਸਪਿੰਦਰ ਨੇ ਸਾਲ 2019 ਵਿਚ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ (PU) ਤੋਂ ਬੀਏ ਐਲਐਲਬੀ (ਆਨਰਜ਼) ਕੀਤੀ। ਪੀਯੂ ਵਿਚ ਰਹਿੰਦਿਆਂ ਉਸ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਸ਼ੁਰੂ ਤੋਂ ਹੀ ਪੜ੍ਹਾਈ ਵਿਚ ਟਾਪਰ ਰਹੇ ਜਸਪਿੰਦਰ ਸਿੰਘ ਭੁੱਲਰ ਪੀਯੂ ਮੂਟ ਕੋਰਟ ਸੁਸਾਇਟੀ ਦੇ ਪ੍ਰਧਾਨ ਵੀ ਰਹੇ ਹਨ।