
ਕਰੀਬ 6 ਮਹੀਨੇ ਤੋਂ ਕਮਰੇ 'ਚ ਬੰਦ ਕੁੱਤਿਆਂ ਦੇ ਪਏ ਕੀੜੇ
ਅੰਮ੍ਰਿਤਸਰ: ਅੰਮ੍ਰਿਤਸਰ 'ਚ ਇਕ ਮਸ਼ਹੂਰ ਡਾਕਟਰ 'ਤੇ ਪਸ਼ੂਆਂ ਨਾਲ ਬਦਸਲੂਕੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਐਨੀਮਲ ਵੈਲਫੇਅਰ ਐਂਡ ਕੇਅਰ ਸਰਵਿਸ ਫਾਊਂਡੇਸ਼ਨ (AWCSF) ਦੀ ਟੀਮ ਨੇ ਰਣਜੀਤ ਐਵੀਨਿਊ ਏ-ਬਲਾਕ ਦੇ ਰਹਿਣ ਵਾਲੇ ਡਾਕਟਰ ਪੀਐਸ ਬੇਦੀ ਦੇ ਘਰੋਂ ਦੋ ਕੁੱਤੇ ਬਰਾਮਦ ਕੀਤੇ। ਜਿਨ੍ਹਾਂ 'ਚੋਂ ਇਕ ਬੇਹੋਸ਼ ਸੀ, ਜਦਕਿ ਦੂਜੇ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।
ਦਰਅਸਲ ਡਾਕਟਰ ਇਨ੍ਹਾਂ ਕੁੱਤਿਆਂ ਨੂੰ ਕਮਰੇ 'ਚ ਬੰਦ ਕਰ ਕੈਨੇਡਾ ਚਲੇ ਗਏ ਸਨ। ਇਹ ਦੋ ਕੁੱਤੇ ਕਰੀਬ 6 ਮਹੀਨੇ ਤੋਂ ਕਮਰੇ 'ਚ ਬੰਦ ਸਨ।
ਵਿਦੇਸ਼ ਵਿਚ ਰਹਿ ਰਹੀ AWCSF ਸੰਸਥਾ ਦੀ ਮੁਖੀ ਡਾ. ਨਵਨੀਤ ਨੇ ਦਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਇਸ ਸਬੰਧੀ ਉਹਨਾਂ ਨੂੰ ਜਾਣਕਾਰੀ ਦਿਤੀ ਗਈ। ਜਿਸ ਤੋਂ ਬਾਅਦ ਪੀ.ਐੱਫ.ਏ ਦੀ ਟੀਮ ਸ਼ਾਲਿਨੀ ਰਣਜੀਤ ਐਵੀਨਿਊ ਕੋਠੀ ਪਹੁੰਚੀ। ਜਿਥੋਂ ਪਤਾ ਲੱਗਾ ਕਿ ਡਾ.ਪੀ.ਐਸ.ਬੇਦੀ ਨੂੰ ਕੈਨੇਡਾ ਗਏ ਕਰੀਬ 6 ਮਹੀਨੇ ਹੋ ਗਏ ਹਨ ਅਤੇ ਆਪਣੇ ਦੋ ਕੁੱਤਿਆਂ ਨੂੰ ਇਕ ਕਮਰੇ ਵਿੱਚ ਬੰਦ ਕਰ ਗਏ। ਜਿੱਥੇ ਨਾ ਤਾਂ ਪੱਖਾ ਹੈ ਅਤੇ ਨਾ ਹੀ ਕੂਲਰ। ਹਾਲਾਂਕਿ ਵਿਚਕਾਰ ਨੌਕਰ ਖਾਣ ਲਈ ਕੁਝ ਪਾ ਦਿੰਦੇ ਸਨ।
ਜਦੋਂ ਕੁੱਤਿਆਂ ਨੂੰ ਕਮਰੇ 'ਚੋਂ ਬਾਹਰ ਕੱਢਿਆ ਗਿਆ, ਉਦੋਂ ਤੱਕ ਉਨ੍ਹਾਂ ਦੇ ਕੀੜੇ ਪੈ ਗਏ ਸਨ ਅਤੇ ਇਕ ਬੇਹੋਸ਼ ਹੋ ਚੁੱਕਾ ਸੀ। ਉਨ੍ਹਾਂ ਨੂੰ ਸਹੀ ਭੋਜਨ ਨਹੀਂ ਦਿਤਾ ਜਾ ਰਿਹਾ ਸੀ ਅਤੇ ਗਰਮੀ ਕਾਰਨ ਉਨ੍ਹਾਂ ਦੀ ਹਾਲਤ ਵਿਗੜਦੀ ਜਾ ਰਹੀ ਸੀ। ਡਾਕਟਰ ਨਵਨੀਤ ਨੇ ਦਸਿਆ ਕਿ ਜੇਕਰ ਹੁਣ ਵੀ ਉਹ ਠੀਕ ਨਾ ਹੁੰਦੇ ਤਾਂ ਸ਼ਾਇਦ ਕੁਝ ਹੀ ਦਿਨਾਂ 'ਚ ਦੋਵਾਂ ਦੀ ਮੌਤ ਹੋ ਜਾਂਦੀ।
ਸੰਸਥਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਦੋਵੇਂ ਕੁੱਤਿਆਂ ਨੂੰ ਬਰਾਮਦ ਕਰਕੇ ਉਨ੍ਹਾਂ ਦਾ ਮੈਡੀਕਲ ਕਰਵਾਇਆ। ਜਿਸ ਦੇ ਆਧਾਰ 'ਤੇ ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੇ ਡਾ.ਪੀ.ਐਸ.ਬੇਦੀ ਦੇ ਖ਼ਿਲਾਫ਼ ਆਈਪੀਸੀ 1860 ਦੀ ਧਾਰਾ 428 ਅਤੇ ਪ੍ਰੀਵੈਨਸ਼ਨ ਆਫ਼ ਕਰੂਅਲਟੀ ਟੂ ਐਨੀਮਲਜ਼ ਐਕਟ 11(1) ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਹੁਣ ਕੁੱਤਿਆਂ ਨੂੰ ਬਰਾਮਦ ਕਰਕੇ ਉਨ੍ਹਾਂ ਦਾ ਇਲਾਜ ਸੰਸਥਾ ਵਲੋਂ ਆਪਣੇ ਕੇਂਦਰ ਵਿੱਚ ਕੀਤਾ ਜਾ ਰਿਹਾ ਹੈ। ਦੋਵਾਂ ਕੁੱਤਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।