
ਸਿੱਖਿਆ ਵਿਭਾਗ ਆਪਣੇ ਹਰ ਦਿਨ ਨਿਵੇਕਲੇ ਯਤਨਾਂ ਸਦਕਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ...
ਐੱਸ.ਏ.ਐੱਸ.ਨਗਰ: ਸਿੱਖਿਆ ਵਿਭਾਗ ਆਪਣੇ ਹਰ ਦਿਨ ਨਿਵੇਕਲੇ ਯਤਨਾਂ ਸਦਕਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਤਤਪਰ ਅਤੇ ਯਤਨਸ਼ੀਲ ਹੈ। ਇਸੇ ਲਗਾਤਾਰਤਾ ਤਹਿਤ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਵਿੱਚ ਸਾਹਿਤਕ ਕਿਤਾਬਾਂ ਪੜ੍ਹਣ ਦੀਆਂ ਰੁਚੀਆਂ ਵਿਕਸਿਤ ਕਰਨ ਲਈ 15 ਜੁਲਾਈ ਤੋਂ 15 ਅਗਸਤ ਤੱਕ ਲਾਇਬ੍ਰੇਰੀ ਦੀਆਂ ਕਿਤਾਬਾਂ ਜਾਰੀ ਕਰਨ ਅਤੇ ਉਹਨਾਂ ਨੂੰ ਪੜ੍ਹਨ ਦੀ ਇੱਕ ਮਹੀਨਾਵਾਰ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।
School Girl Child
ਜਿਸ ਤਹਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਬੜਾ ਹੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਪ੍ਰੇਰਨਾ ਸਦਕਾ ਮੁੱਖ ਦਫ਼ਤਰ ਦੇ ਅਧਿਕਾਰੀਆਂ ਨੇ ਪਹਿਲਕਦਮੀ ਵਿਖਾਉਂਦੇ ਹੋਏ ਆਪਣੇ ਘਰਾਂ ਵਿੱਚ ਪਈਆਂ ਬੱਚਿਆਂ ਦੇ ਪੜ੍ਹਣਯੋਗ ਕਿਤਾਬਾਂ ਵੀ ਸਕੂਲਾਂ ਵਿੱਚ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸੰਬੰਧੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਕਹਿਣਾ ਹੈ ਕਿ ਗਿਆਨ ਜਿੰਨਾ ਵੰਡਿਆ ਜਾਵੇ ਓਨਾ ਹੀ ਵੱਧਦਾ ਹੈ।
School Library
ਇਸ ਲਈ ਸਮਾਜ ਦੇ ਹਰ ਵਿਦਵਾਨ ਨਾਗਰਿਕ ਨੂੰ ਆਪਣੇ ਘਰ ਪਏ ਕਿਤਾਬਾਂ ਰੂਪੀ ਗਿਆਨ ਦੇ ਖ਼ਜ਼ਾਨੇ ਦੀ ਯੋਗ ਵਰਤੋਂ ਕਰਦੇ ਹੋਏ ਸਰਕਾਰੀ ਸਕੂਲਾਂ ਵਿੱਚ ਦੇਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀਆਂ ਵਿੱਚ ਗਿਆਨ ਦੀ ਚਿਣਗ ਜਗਾ ਕੇ ਭਵਿੱਖ ਨੂੰ ਰੁਸ਼ਨਾਇਆ ਜਾ ਸਕੇ। ਇਸ ਸੰਬੰਧੀ ਡਿਪਟੀ ਐੱਸ ਪੀ. ਡੀ. ਸੰਦੀਪ ਨਾਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਹਮੇਸ਼ਾ ਹੀ ਸਕੂਲਾਂ ਵਿੱਚ ਲਾਇਬ੍ਰੇਰੀ ਦੀ ਯੋਗ ਵਰਤੋਂ ਨੂੰ ਅਹਿਮੀਅਤ ਦਿੰਦੇ ਹਨ ਅਤੇ ਵੱਖ-ਵੱਖ ਸਕੂਲਾਂ ਵਿੱਚ ਉਹਨਾਂ ਦੇ ਪ੍ਰੇਰਨਾਦਾਇਕ ਦੌਰੇ ਦਾ ਇੱਕ ਮਨੋਰਥ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਲਾਇਬ੍ਰੇਰੀ ਨਾਲ਼ ਜੁੜਨ ਲਈ ਉਤਸ਼ਾਹਿਤ ਕਰਨਾ ਵੀ ਹੈ।
School Library Teachers
ਉਹਨਾਂ ਦੀ ਪ੍ਰੇਰਨਾ ਸਦਕਾ ਪ੍ਰਾਇਮਰੀ ਸਕੂਲਾਂ ਵਿੱਚ ਸੋਹਣੇ ਰੀਡਿੰਗ ਸੈੱਲਾਂ ਅਤੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸੋਹਣੀਆਂ ਲਾਇਬ੍ਰੇਰੀਆਂ ਦੀ ਸਥਾਪਨਾ ਹੋਈ ਹੈ ਅਤੇ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਣ ਦੀ ਚੇਟਕ ਲੱਗੀ ਹੈ। ਲਾਇਬ੍ਰੇਰੀ ਦੀਆਂ ਕਿਤਾਬਾਂ ਵਰਤੋਂ ਵਿੱਚ ਆਉਣ ਸਦਕਾ ਵਿਦਿਆਰਥੀਆਂ ਦੇ ਗਿਆਨ ਦਾ ਸੰਗ੍ਰਹਿ ਵੀ ਪ੍ਰਪੱਕ ਅਤੇ ਅਥਾਹ ਬਣ ਰਿਹਾ ਹੈ। ਇਸੇ ਰੁਝਾਨ ਤਹਿਤ ਸਿੱਖਿਆ ਵਿਭਾਗ ਦੇ ਪ੍ਰੇਰਨਾਤਮਕ ਦਿਸ਼ਾ-ਨਿਰਦੇਸ਼ਾਂ ਸਦਕਾ ਇਸ ਵਰ੍ਹੇ 23 ਅਪਰੈਲ ਨੂੰ ਸਮੂਹ ਸਕੂਲਾਂ ਵਿੱਚ ਅੰਤਰਰਾਸ਼ਟਰੀ ਕਿਤਾਬ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਸੀ।
ਵਿਭਾਗ ਵੱਲੋਂ ਇਸੇ ਲੜੀ ਤਹਿਤ ਸਰਕਾਰੀ ਸਕੂਲਾਂ ਦੇ ਸਮੁੱਚੇ ਲਾਇਬ੍ਰੇਰੀ ਅਮਲੇ ਦੀ ਸਿਖਲਾਈ ਵਰਕਸ਼ਾਪ ਲਗਾਉਣਾ ਵੀ ਸਕੂਲਾਂ ਵਿੱਚ ਲਾਇਬ੍ਰੇਰੀ ਦੀ ਸੁਚੱਜੀ ਵਰਤੋਂ ਕਰਨ ਨੂੰ ਉਤਸ਼ਾਹਿਤ ਕਰਨਾ ਹੈ। ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ ਨਵੀਆਂ ਬਾਲ ਪੁਸਤਕਾਂ ਖਰੀਦਣ ਲਈ ਗ੍ਰਾਂਟ ਵੀ ਜਾਰੀ ਕੀਤੀ ਗਈ ਹੈ। ਰੋਜ਼ਾਨਾ ਸ਼ੋਸ਼ਲ ਮੀਡੀਆ ਰਾਹੀਂ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਵੱਲੋਂ ਭੇਜੀਆਂ ਜਾ ਰਹੀਆਂ ਤਸਵੀਰਾਂ ਤੋਂ ਵੀ ਸਪੱਸ਼ਟ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਨਿਰੰਤਰ ਜਾਰੀ ਕੀਤੀਆਂ ਜਾ ਰਹੀਆਂ ਹਨ।
ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਵੀ ਇਸ ਲਾਇਬ੍ਰੇਰੀ ਮੁਹਿੰਮ ਵਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ।ਸਰਕਾਰੀ ਸਕੂਲਾਂ ਵਿੱਚ ਕਿਤਾਬਾਂ ਦੀ ਸਹੀ ਵਰਤੋਂ ਦਾ ਇਹ ਰੁਝਾਨ ਸਿੱਖਿਆ ਦੇ ਖੇਤਰ ਦਾ ਇੱਕ ਉਸਾਰੂ ਕਦਮ ਹੈ। ਇਸ ਨਾਲ ਸਕੂਲਾਂ ਦੀਆਂ ਅਲਮਾਰੀਆਂ ਵਿੱਚ ਪਈਆਂ ਬਹੁਗਿਣਤੀ ਵੱਡੀਆਂ ਅਤੇ ਛੋਟੀਆਂ ਕਿਤਾਬਾਂ ਜਿਹਨਾਂ ਨੂੰ ਵਿਦਿਆਰਥੀ ਪਸੰਦ ਵੀ ਕਰਦੇ ਹਨ ਅਤੇ ਪੜ੍ਹਣਾ ਵੀ ਚਾਹੁੰਦੇ ਹਨ ,ਵਿਦਿਆਰਥੀਆਂ ਦੇ ਹੱਥਾਂ ਵਿੱਚ ਜਾ ਰਹੀਆਂ ਹਨ ਅਤੇ ਇਹਨਾਂ ਕਿਤਾਬਾਂ ਵਿਚਲਾ ਵੰਨਗੀ ਭਰਪੂਰ ਵਿਸ਼ਾ-ਵਸਤੂ ਹਰ ਪੱਖੋਂ ਸਾਡੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਿੱਚ ਵੀ ਸਹਾਈ ਸਾਬਿਤ ਹੋ ਰਿਹਾ ਹੈ।
ਵਿਦਿਆਰਥੀਆਂ ਦੀਆਂ ਪੜ੍ਹਣ ਰੁਚੀਆਂ ਤਾਂ ਵਿਕਸਿਤ ਹੋ ਹੀ ਰਹੀਆਂ ਹਨ ਨਾਲ਼-ਨਾਲ਼ ਵਿਦਿਆਰਥੀਆਂ ਦੇ ਭਾਸ਼ਾ ਗਿਆਨ ਦਾ ਦਾਇਰਾ ਵੀ ਵਿਸ਼ਾਲ ਹੋ ਰਿਹਾ ਹੈ।
ਸਿੱਖਿਆ ਸਕੱਤਰ ਨੇ ਸਮੂਹ ਅਧਿਆਪਕਾਂ ਨੂੰ ਇਸ ਮਹੱਤਵਪੂਰਨ ਲਾਇਬ੍ਰੇਰੀ ਪ੍ਰੋਗਰਾਮ ਨੂੰ ਵੀ ਪਹਿਲਾਂ ਸਫ਼ਲ ਰਹੇ ਪ੍ਰੋਗਰਾਮਾਂ ਵਾਂਗ ਸਫ਼ਲ ਬਣਾਉਣ ਲਈ ਪ੍ਰਰਿਤ ਕੀਤਾ ਹੈ।