
59.6 ਕਿਲੋਗ੍ਰਾਮ ਹੈਰੋਇਨ ਫੜਨ ਵਾਲੀ ਪਾਰਟੀ ਦੇ ਢੁਕਵੇਂ ਸਨਮਾਨ ਦੀ ਕੀਤੀ ਸਿਫ਼ਾਰਸ਼
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 18 ਤੇ 19 ਜੁਲਾਈ ਦੀ ਰਾਤ ਦਰਮਿਆਨ ਬੀ.ਐਸ.ਐਫ਼ ਦੇ ਜਵਾਨਾਂ ਵਲੋਂ ਬੀ.ਓ.ਪੀ. ਨੰਗਲੀ ਅਧੀਨ ਆਉਂਦੇ ਪਾਕਿਸਤਾਨ ਦੀ ਸਰਹੱਦ ਨੇੜੇ ਜਿਨ-61 ਵਿਖੇ ਹੈਰੋਇਨ ਦੀ ਬਰਾਮਦਗੀ ਦੀ ਕੀਤੀ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਹੈ।
Photo
ਇਸ ਸਬੰਧ ਵਿਚ ਬੀ.ਐਸ.ਐਫ਼ ਦੇ ਡਾਇਰੈਕਟਰ ਜਨਰਲ ਐਸ.ਐਸ. ਦੇਸਵਾਲ ਆਈ.ਪੀ.ਐਸ. ਨੂੰ ਪੱਤਰ ਲਿਖ ਕੇ ਇਸ ਕਾਰਵਾਈ ਵਿਚ ਸ਼ਾਮਲ ਬੀ.ਐਸ.ਐਫ਼ ਜਵਾਨਾਂ ਦੇ ਦਲ ਦੇ ਸਾਰੇ ਮੈਂਬਰਾਂ ਨੂੰ ਢੁਕਵਾਂ ਸਨਮਾਨ ਦੇਣ ਦੀ ਸਿਫ਼ਾਰਸ਼ ਕੀਤੀ ਹੈ। ਬੀ.ਐਸ.ਐਫ਼ ਵਲੋਂ ਬੋਟ ਨਾਕੇ ਤੋਂ ਸ਼ੱਕ ਪੈਣ 'ਤੇ ਕਾਰਵਾਈ ਕੀਤੀ ਕਿਉਂਕਿ ਰਾਵੀ ਨਦੀ ਰਾਹੀਂ ਪਾਕਿਸਤਾਨ ਤੋਂ ਨਸ਼ੇ ਤੇ ਹੋਰ ਅਜਿਹੀਆਂ ਗ਼ੈਰ ਕਾਨੂੰਨੀ ਵਸਤਾਂ ਇਧਰ ਤਸਕਰੀ ਲਈ ਭੇਜੀਆਂ ਜਾਂਦੀਆਂ ਹਨ।
Photo
ਬੀ.ਐਸ.ਐਫ਼ ਦੇ ਜਵਾਨਾਂ ਨੇ ਕਪੜੇ ਦੇ 60 ਪੈਕੇਟਾਂ ਵਿਚੋਂ 59.6 ਕਿਲੋਗ੍ਰਾਮ ਹੈਰੋਇਨ ਫੜੀ ਜਿਸ ਦੀ ਕੀਮਤ 300 ਕਰੋੜ ਰੁਪਏ ਬਣਦੀ ਹੈ। ਮੁੱਖ ਮੰਤਰੀ ਨੇ ਬੀ.ਐਸ.ਐਫ਼ ਦੀ ਟੀਮ ਵਿਚ ਸ਼ਾਮਲ 14 ਮੈਂਬਰਾਂ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਾਤ ਸਮੇਂ ਅਪਣੀ ਜਾਨ ਖ਼ਤਰੇ ਵਿਚ ਪਾ ਕੇ ਇਨ੍ਹਾਂ ਅਪ੍ਰੇਸ਼ਨ ਨੂੰ ਅੰਜਾਮ ਦਿਤਾ।