
ਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਇੰਪਰੂਵਮੈਂਟ ਟਰੱਸਟ ਫ਼ਗਵਾੜਾ ਦੇ ਚੇਅਰਮੈਨ ਦੀ ਸ਼ਿਕਾਇਤ ਉਤੇ ਮੁਲਜ਼ਮ ਸੰਦੀਪ ਮਿੱਤਰ ਵਿਰੁਧ ਕੇਸ ਦਰਜ ਕੀਤਾ ਹੈ।
ਚੰਡੀਗੜ੍ਹ 21 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ): ਵਿਜੀਲੈਂਸ ਬਿਊਰੋ ਪੰਜਾਬ ਨੇ ਅੱਜ ਫ਼ਗਵਾੜਾ, ਜ਼ਿਲ੍ਹਾ ਕਪੂਰਥਲਾ ਵਿਖੇ ਇੰਪਰੂਵਮੈਂਟ ਟਰੱਸਟ ਵਿਚ ਬਤੌਰ ਜੂਨੀਅਰ ਸਹਾਇਕ ਕੰਮ ਕਰ ਰਹੇ ਸੰਦੀਪ ਮਿੱਤਰ ਵਿਰੁਧ ਸਰਕਾਰੀ ਰਿਕਾਰਡ ਅਤੇ ਰਸੀਦਾਂ ਨਾਲ ਛੇੜਛਾੜ ਕਰਨ ਕਰ ਕੇ ਫ਼ੌਜਦਾਰੀ ਮੁਕੱਦਮਾ ਦਰਜ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਇੰਪਰੂਵਮੈਂਟ ਟਰੱਸਟ ਫ਼ਗਵਾੜਾ ਦੇ ਚੇਅਰਮੈਨ ਦੀ ਸ਼ਿਕਾਇਤ ਉਤੇ ਮੁਲਜ਼ਮ ਸੰਦੀਪ ਮਿੱਤਰ ਵਿਰੁਧ ਕੇਸ ਦਰਜ ਕੀਤਾ ਹੈ।
ਬੁਲਾਰੇ ਨੇ ਸਪੱਸ਼ਟ ਕੀਤਾ ਕਿ ਸੰਦੀਪ ਮਿੱਤਰ ਨੇ ਸਰਕਾਰੀ ਰਿਕਾਰਡ ਅਤੇ ਰਸੀਦਾਂ ਨਾਲ ਛੇੜਛਾੜ ਕੀਤੀ ਅਤੇ ਸਰਕਾਰ ਨਾਲ ਧੋਖਾਧੜੀ ਕਰਨ ਦੇ ਨਾਲ-ਨਾਲ ਅਪਣੇ ਰੁਤਬੇ ਦਾ ਨਾਜਾਇਜ਼ ਲਾਹਾ ਲੈਂਦਿਆਂ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਇਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਦੋਸ਼ੀ ਨੇ ਸਰਕਾਰੀ ਰਸੀਦਾਂ ਨੂੰ ਵਰਤਦਿਆਂ ਨਾਜਾਇਜ਼ ਪੈਸਾ ਇਕੱਠਾ ਕੀਤਾ ਪਰ ਖ਼ਜ਼ਾਨੇ ਵਿਚ ਸਬੰਧਤ ਰਕਮ ਜਮ੍ਹਾਂ ਨਹੀਂ ਕਰਵਾਈ।
ਇਸ ਤੋਂ ਇਲਾਵਾ ਸੰਦੀਪ ਮਿੱਤਰ ਨੇ ਮਾਲ ਦਫ਼ਤਰ ਵਿਚ ਰਜਿਸਟਰੀਆਂ ਕਰਾਉਣ ਦੌਰਾਨ ਕਾਰਜਸਾਧਕ ਅਫ਼ਸਰ ਦੇ ਫ਼ਰਜ਼ੀ ਹਸਤਾਖ਼ਰ ਵੀ ਕੀਤੇ। ਬੁਲਾਰੇ ਨੇ ਦਸਿਆ ਕਿ ਉਕਤ ਦੋਸ਼ੀ ਵਿਰੁਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਊਰੋ ਥਾਣਾ, ਜਲੰਧਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।