
ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਦਿਤਾ ਅਸਤੀਫ਼ਾ
ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਪੰਜਾਬ ਦੀ ਸਾਢੇ ਤਿੰਨ ਸਾਲ ਪੁਰਾਣੀ ਕਾਂਗਰਸ ਸਰਕਾਰ ਅਤੇ ਵਿਸ਼ੇਸ਼ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫਿਰ ਇਕ ਵੱਡਾ ਝਟਕਾ ਲੱਗਾ ਜਦੋਂ 1983 ਬੈਚ ਦੇ ਸੇਵਾ ਮੁਕਤ ਆਈ.ਏ.ਐਸ. ਅਧਿਕਾਰੀ, ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਅਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਸਿੱਧਾ ਭੇਜ ਦਿਤਾ।
Capt Amrinder Singh
ਇਹ ਦੂਜੀ ਵਾਰ ਹੈ ਕਿ ਸੁਰੇਸ਼ ਕੁਮਾਰ ਨੇ ਇਹ ਕਦਮ ਉਠਾਇਆ ਹੈ। ਪਿਛਲੀ ਵਾਰ ਦੋ ਸਾਲ ਪਹਿਲਾਂ ਉਨ੍ਹਾਂ ਅਪਣਾ ਅਸਤੀਫ਼ਾ ਦਿਤਾ ਸੀ ਜਦੋਂ ਹਾਈ ਕੋਰਟ 'ਚ ਉਨ੍ਹਾਂ ਦੀ ਨਿਯੁਕਤੀ ਨੂੰ ਲੈ ਕੇ ਉਨ੍ਹਾਂ ਵਿਰੁਧ ਪਾਈ ਪਟੀਸ਼ਨ ਦੀ ਸਰਕਾਰ ਵਲੋਂ ਪੈਰਵੀ ਕਰਨ 'ਚ ਢਿੱਲ ਹੋਈ ਸੀ। ਉਸ ਪਟੀਸ਼ਨ ਦੀ ਸੁਣਵਾਈ ਦੀ ਅਗਲੀ ਤਰੀਕ 14 ਸਤੰਬਰ ਦੀ ਲੱਗੀ ਹੈ ਅਤੇ ਕੋਰੋਨਾ ਵਾਇਰਸ ਦੇ ਮਾਹੌਲ 'ਚ ਕੇਵਲ ਤਰੀਕਾਂ ਹੀ ਪੈ ਰਹੀਆਂ ਹਨ।
Suresh Kumar & Captain Amarinder Singh
ਉਚ ਪਧਰੀ ਸੂਤਰਾਂ ਤੋਂ ਰੋਜ਼ਾਨਾ ਸਪੋਕਸਮੈਨ ਨੂੰ ਪਤਾ ਲੱਗਾ ਹੈ ਕਿ ਪਿਛਲੀ ਵਾਰ ਦੀ ਤਰ੍ਹਾਂ ਮੁੱਖ ਮੰਤਰੀ ਐਤਕੀਂ ਫਿਰ ਸੁਰੇਸ਼ ਕੁਮਾਰ ਨੂੰ ਮਨਾਉਣ ਲਈ ਕੈਪਟਨ ਅਮਰਿੰਦਰ ਸਿੰਘ ਖ਼ੁਦ ਉਸ ਦੇ ਘਰ ਜਾਣਗੇ। ਭਾਵੇਂ ਰੋਜ਼ਾਨਾ 16 ਤੋਂ 18 ਘੰਟੇ ਕੰਮ ਕਰਨ ਵਾਲੇ ਇਸ ਸੀਨੀਅਰ ਮਿੱਠ ਬੋਲੜੇ ਅਧਿਕਾਰੀ ਨੇ ਸਰਕਾਰ ਦਾ ਸਾਰਾ ਕੰਮ ਕੁਸ਼ਲ ਪੂਰਵਕ ਸਾਂਭਿਆ ਹੋਇਆ ਪਰ ਆਈ.ਏ.ਐਸ. ਲਾਬੀ ਦਾ ਇਕ ਵਰਗ ਤੇ ਸਿਆਸੀ ਧਿਰ ਦਾ ਇਕ ਹਿੱਸਾ ਸੁਰੇਸ਼ ਕੁਮਾਰ ਤੋਂ ਨਾਰਾਜ਼ ਰਹਿੰਦਾ ਹੈ।