
ਕਰੋਨਾ ਨੂੰ ਮਾਤ ਦੇਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਜਾਰੀ, ਮੌਤ ਦਰ ਔਸਤ ਨਾਲੋਂ ਕਾਫ਼ੀ ਘੱਟ
ਚੰਡੀਗੜ੍ਹ : ਦੇਸ਼ ਅੰਦਰ ਕਰੋਨਾ ਤੋਂ ਪੀੜਤ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਲੈ ਕੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਬੀਤੇ 24 ਘੰਟਿਆਂ ਦੌਰਾਨ ਦੇਸ਼ ਭਰ ਅੰਦਰ 40 ਹਜ਼ਾਰ ਤੋਂ ਵਧੇਰੇ ਮਰੀਜ਼ ਸਾਹਮਣੇ ਆਏ ਹਨ ਜੋ ਹੁਣ ਤਕ ਦੀ 24 ਘੰਟਿਆਂ ਦੌਰਾਨ ਸਭ ਤੋਂ ਵੱਡੀ ਗਿਣਤੀ ਹੈ। ਇਸੇ ਤਰ੍ਹਾਂ ਪੰਜਾਬ ਅੰਦਰ ਵੀ ਇਕ ਦਿਨ 'ਚ ਸਭ ਤੋਂ ਵੱਧ 411 ਮਾਮਲੇ ਉਜਾਗਰ ਹੋਣ ਦੀਆਂ ਖ਼ਬਰਾਂ ਮੀਡੀਆਂ 'ਚ ਛਾਈਆਂ ਹੋਈਆਂ ਹਨ।
Corona Virus
ਕਰੋਨਾ ਦੇ ਟਾਪ ਸਪੀਡ ਹੋਣ ਦੀਆਂ ਇਨ੍ਹਾਂ ਖ਼ਬਰਾਂ ਦਰਮਿਆਨ ਇਕ ਰਾਹਤ ਭਰਿਆ ਅੰਕੜਾ ਵੀ ਸਾਹਮਣੇ ਆਇਆ ਹੈ। ਭਾਰਤ ਭਰ ਅੰਦਰ ਬੀਤੇ ਕੱਲ੍ਹ ਤਕ 11,18,043 ਕੇਸ ਸਾਹਮਣੇ ਆ ਚੁੱਕੇ ਸਨ ਜਿਨ੍ਹਾਂ ਵਿਚੋਂ 7 ਲੱਖ ਤੋਂ ਵਧੇਰੇ ਮਰੀਜ਼ਾਂ ਸਿਹਤਯਾਬ ਵੀ ਹੋਏ ਹਨ। ਇਸੇ ਤਰ੍ਹਾਂ ਪੰਜਾਬ ਅੰਦਰ ਕੁੱਲ 10,510 ਮਾਮਲਿਆਂ ਦੇ ਮੁਕਾਬਲੇ 7118 ਮਰੀਜ਼ ਕਰੋਨਾ ਨੂੰ ਹਰਾਉਣ 'ਚ ਸਫ਼ਲ ਹੋਏ ਹਨ। ਇਹ ਅੰਕੜੇ ਭਾਰਤ ਵਰਗੇ ਸੰਘਣੀ ਵਸੋਂ ਵਾਲੇ ਦੇਸ਼ ਲਈ ਕਾਫੀ ਰਾਹਤ ਭਰੇ ਹਨ।
Corona vaccine
ਜੇਕਰ ਇਕੱਲੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸਥਿਤੀ ਕਾਫ਼ੀ ਹੱਦ ਤਕ ਕੰਟਰੋਲ ਹੇਠ ਹੈ। ਪੰਜਾਬ ਅੰਦਰ ਹੁਣ ਤਕ 7118 ਮਰੀਜ਼ ਕਰੋਨਾ ਨੂੰ ਮਾਤ ਦੇਣ 'ਚ ਸਫ਼ਲ ਹੋਏ ਹਨ। ਖ਼ਬਰਾਂ ਮੁਤਾਬਕ ਸੋਮਵਾਰ ਨੂੰ 583 ਮਰੀਜ਼ਾਂ ਨੂੰ ਪੂਰੀ ਤਰ੍ਹਾਂ ਸਿਹਤਯਾਬ ਹੋਣ ਬਾਅਦ ਛੁੱਟੀ ਦਿਤੀ ਗਈ ਹੈ। ਸੋਮਵਾਰ ਨੂੰ ਠੀਕ ਹੋਏ ਮਰੀਜ਼ਾਂ 'ਚ ਲੁਧਿਆਣਾ ਤੋਂ 144, ਜਲੰਧਰ ਤੋਂ 155, ਅੰਮ੍ਰਿਤਸਰ ਤੋਂ 32, ਪਟਿਆਲਾ ਤੋਂ 51, ਸੰਗਰੂਰ ਤੋਂ 19, ਮੋਹਾਲੀ ਤੋਂ 22, ਗੁਰਦਾਸਪੁਰ ਤੋਂ 12, ਨਵਾਂਸ਼ਹਿਰ ਤੋਂ 37, ਹੁਸ਼ਿਆਰਪੁਰ ਤੋਂ 7, ਤਰਨ ਤਾਰਨ, ਮੋਗਾ ਤੇ ਮੁਕਤਸਰ 4-4, ਫਤਿਹਗੜ੍ਹ ਸਾਹਿਬ ਤੋਂ 19, ਫਰੀਦਕੋਟ ਤੋਂ 22, ਬਠਿੰਡਾ ਤੋਂ 11, ਰੋਪੜ ਤੋਂ 31, ਕਪੂਰਥਲਾ ਤੋਂ 7 ਤੇ ਫਾਜ਼ਿਲਕਾ ਤੋਂ 2 ਮਰੀਜ਼ ਸ਼ਾਮਲ ਹਨ।
Corona Virus
ਇਸੇ ਦੌਰਾਨ ਸੂਬੇ 'ਚ ਕਰੋਨਾ ਜੰਗ ਤੋਂ ਹਾਰਨ ਵਾਲਿਆਂ ਦੀ ਗਿਣਤੀ 262 ਹੋ ਗਈ ਹੈ। ਸੋਮਵਾਰ ਨੂੰ ਪੰਜਾਬ ਭਰ ਅੰਦਰ 8 ਮਰੀਜ਼ ਕਰੋਨਾ ਤੋਂ ਹਾਰ ਕੇ ਜਾਨ ਤੋਂ ਹੱਥ ਧੋ ਬੈਠੇ ਹਨ। ਇਹ ਗਿਣਤੀ ਪਿਛਲੇ ਪੰਜ ਦਿਨਾਂ ਤੋਂ ਲਗਭਗ ਇਕਸਾਰ ਬਣੀ ਹੋਈ ਹੈ। ਇਨ੍ਹਾਂ ਦਿਨਾਂ ਦੌਰਾਨ ਰੋਜ਼ਾਨਾ ਅੱਠ ਜਾਂ ਵਧੇਰੇ ਮਰੀਜ਼ ਮੌਤ ਦੇ ਮੂੰਹ 'ਚ ਜਾ ਰਹੇ ਹਨ। ਸੋਮਵਾਰ ਨੂੰ ਗੁਰਦਾਸਪੁਰ ਵਿਚ 2 ਤੇ ਮੋਗਾ, ਲੁਧਿਆਣਾ, ਸੰਗਰੂਰ, ਪਠਾਨਕੋਟ, ਅੰਮ੍ਰਿਤਸਰ ਤੇ ਮੋਹਾਲੀ ਵਿਚ 1-1 ਮਰੀਜ਼ਾਂ ਨੇ ਦਮ ਤੋੜਿਆ ਹੈ। ਇਸੇ ਦੌਰਾਨ 24 ਘੰਟਿਆਂ ਦੌਰਾਨ ਸੂਬੇ ਭਰ ਅੰਦਰ 411 ਨਵੇਂ ਕੇਸ ਸਾਹਮਣੇ ਆਏ ਹਨ।
coronavirus
ਸਿਹਤ ਵਿਭਾਗ ਅਨੁਸਾਰ ਸੋਮਵਾਰ ਨੂੰ ਸਾਹਮਣੇ ਆਏ 411 ਮਾਮਲਿਆਂ 'ਚੋਂ 186 ਮਰੀਜ਼ ਅਜਿਹੇ ਹਨ ਜੋ ਪਹਿਲਾਂ ਸਕਾਰਾਤਮਕ ਪਾਏ ਗਏ ਮਰੀਜ਼ਾਂ ਦੇ ਨੇੜੇ ਸਨ। ਸੂਬੇ ਭਰ ਅੰਦਰ ਹੁਣ ਤਕ 466057 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਚੁੱਕੇ ਹਨ। ਇਸ ਸਮੇਂ ਰਾਜ ਦੇ ਵੱਖ-ਵੱਖ ਹਸਪਤਾਲਾਂ 'ਚ 3130 ਮਰੀਜ਼ਾਂ ਨੂੰ ਅਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ, ਜਿਨ੍ਹਾਂ 'ਚੋਂ 58 ਮਰੀਜ਼ ਆਕਸੀਜਨ ਸਹਾਇਤਾ ਅਤੇ 10 ਮਰੀਜ਼ ਵੈਂਟੀਲੇਟਰਾਂ 'ਤੇ ਹਨ। ਸੋ ਉਪਰੋਕਤ ਸਾਰੇ ਅੰਕੜਿਆਂ ਨੂੰ ਵੇਖਦਿਆਂ ਪੰਜਾਬ ਅੰਦਰ ਹਾਲਾਤ ਅਜੇ ਕਾਫ਼ੀ ਹੱਦ ਤਕ ਕੰਟਰੋਲ ਹੇਠ ਚੱਲ ਰਹੇ ਹਨ। ਭਾਰਤ ਅੰਦਰ ਮੌਤ ਦਰ ਵੀ ਵਿਸ਼ਵ ਦੇ ਕਈ ਦੂਜੇ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਥੱਲੇ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।