
ਸੱਤ ਦਿਨ ਦੀ ਮੁਅੱਤਲੀ ਖ਼ਤਮ ਹੋਣ ਬਾਅਦ ਬੋਲੇ ਚਡੂਨੀ
'ਮਿਸ਼ਨ ਪੰਜਾਬ 2022' ਬਾਰੇ ਅਪਣੇ ਸਟੈਂਡ 'ਤੇ ਅੱਜ ਵੀ ਕਾਇਮ ਹਾਂ
ਚੰਡੀਗੜ੍ਹ, 21 ਜੁਲਾਈ (ਗੁਰਉਪਦੇਸ਼ ਭੁੱਲਰ): ਸੰਯੁਕਤ ਕਿਸਾਨ ਮੋਰਚੇ ਵਿਚੋਂ 7 ਦਿਨ ਦੀ ਮੁਅੱਤਲੀ ਦਾ ਸਮਾਂ ਖ਼ਤਮ ਹੋਣ ਬਾਅਦ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਮੁੜ ਦੁਹਰਾਇਆ ਹੈ ਕਿ ਉਹ ਮਿਸ਼ਨ ਪੰਜਾਬ 2022 ਬਾਰੇ ਅਪਣੇ ਪਹਿਲੇ ਸਟੈਂਡ ਉਪਰ ਅੱਜ ਵੀ ਕਾਇਮ ਹਨ |
ਉਨ੍ਹਾਂ ਕਿਹਾ ਕਿ ਸਿਆਸਤ ਵਿਚ ਹਿੱਸਾ ਲੈ ਕੇ ਬਿਨਾਂ ਰਾਜ ਸਥਾਪਤ ਕੀਤਿਆਂ ਕਿਸਾਨਾਂ ਦੇ ਸਾਰੇ ਮਸਲੇ ਕਦੇ ਵੀ ਹੱਲ ਨਹੀਂ ਹੋ ਸਕਦੇ | ਉਨ੍ਹਾਂ ਅੱਜ ਇਥੇ ਬਾਬਾ ਸੋਹਨ ਸਿੰਘ ਭਕਨਾ ਭਵਨ ਵਿਖੇ ਦਲਿਤ ਮਜ਼ਦੂਰ ਕਿਸਾਨ ਫ਼ਰੰਟ ਵਲੋਂ ਮਿਸ਼ਨ ਪੰਜਾਬ 2022 ਵਿਸ਼ੇ 'ਤੇ ਕਰਵਾਏ ਗਏ ਸੈਮੀਨਾਰ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਈ ਅਹਿਮ ਸਵਾਲਾਂ ਦੇ ਜਵਾਬ ਦਿਤੇ | ਉਨ੍ਹਾਂ ਕਿਹਾ ਕਿ ਭਾਵੇਂ ਮੈਨੂੰ ਸੰਯੁਕਤ ਕਿਸਾਨ ਮੋਰਚੇ ਵਿਚੋਂ ਬਰਖ਼ਾਸਤ ਵੀ ਕਰ ਦਿਤਾ ਜਾਵੇ ਪਰ ਸਿਆਸਤ
ਵਿਚ ਹਿੱਸਾ ਲੈਣ ਦੇ ਵਿਚਾਰਾਂ ਬਾਰੇ ਅਪਣੇ ਸਟੈਂਡ 'ਤੇ ਖੜਾ ਰਹਾਂਗਾ | ਉਨ੍ਹਾਂ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਕਿ ਕਿਸਾਨ ਅੰਦੋਲਨ ਤੋਂ ਕਦੀ ਵੱਖ ਨਹੀਂ ਹੋਵਾਂਗਾ ਅਤੇ ਕਿਸਾਨ ਮੋਰਚੇ ਦੇ ਹਰ ਐਕਸ਼ਨ ਵਿਚ ਪਹਿਲਾਂ ਨਾਲੋਂ ਵੀ ਜ਼ਿਆਦਾ ਸ਼ਕਤੀ ਨਾਲ ਹਿੱਸਾ ਲਵਾਂਗਾ |
ਉਨ੍ਹਾਂ ਕਿਹਾ ਕਿ ਕਿਸਾਨ ਮੋਰਚਾ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਫ਼ਸਲਾਂ ਦੀ ਐਮ.ਐਸ.ਪੀ. ਦੀ ਗਰੰਟੀ ਦੀਆਂ ਮੰਗਾਂ ਨੂੰ ਲੈ ਕੇ ਹੈ ਪਰ ਇਹ ਮੰਗਾਂ ਪੂਰੀਆਂ ਹੋਣ ਬਾਅਦ ਵੀ ਕਿਸਾਨਾਂ ਦੇ ਸਾਰੇ ਮਸਲੇ ਹੱਲ ਨਹੀਂ ਹੋ ਜਾਣੇ | ਇਸ ਤੋਂ ਬਾਅਦ ਵੀ ਕਿਸਾਨਾਂ ਦੀ ਲੜਾਈ ਤਾਂ ਅਪਣੇ ਹੱਕਾਂ ਲਈ ਜਾਰੀ ਰਹਿਣੀ ਹੈ ਜਿਸ ਕਰ ਕੇ ਅਪਣੀ ਸਰਕਾਰ ਬਣਾਉਣ ਲਈ ਰਵਾਇਤੀ ਵੱਡੀਆਂ ਪਾਰਟੀਆਂ ਨੂੰ ਸੱਤਾ ਵਿਚੋ ਬਾਹਰ ਕਰਨ ਲਈ ਚੋਣ ਸਿਆਸਤ ਵਿਚ ਹਿੱਸਾ ਤਾਂ ਲੈਣਾ ਹੀ ਪਵੇਗਾ | ਉਨ੍ਹਾਂ ਕਿਹਾ ਕਿ ਮਿਸ਼ਨ ਪੰਜਾਬ 2020 ਦਾ ਅਰਥ ਹੈ ਕਿ ਇਥੋਂ ਬਦਲਾਅ ਕਰ ਕੇ ਸਰਕਾਰ ਦਾ ਨਵਾਂ ਮਾਡਲ ਪੇਸ਼ ਕੀਤਾ ਜਾਵੇ ਕਿ ਲੋਕ ਪੱਖੀ ਸਰਕਾਰ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ | ਇਸ ਨਾਲ ਪੰਜਾਬ ਤੋਂ ਬਦਲਾਅ ਦੀ ਲਹਿਰ ਸ਼ੁਰੂ ਕਰ ਕੇ ਨਵੇਂ ਮਾਡਲ ਰਾਹੀਂ ਦੇਸ਼ ਭਰ ਵਿਚ ਇਸ ਦਿਸ਼ਾ ਵਿਚ ਅੱਗੇ ਵੱਧ ਕੇ ਕਿਸਾਨਾਂ-ਮਜ਼ਦੂਰਾਂ ਦੀ ਸਰਕਾਰ ਸਥਾਪਤ ਕੀਤੀ ਜਾ ਸਕਦੀ ਹੈ |
ਕਿਸਾਨਾਂ ਮਜ਼ਦੂਰਾਂ ਦੀ ਅਪਣੀ ਪਾਰਟੀ ਬਣਾਉਣਾ ਜ਼ਰੂਰੀ ਹੈ | ਕਿਸਾਨ ਮਜ਼ਦੂਰ ਦਲਿਤ ਫ਼ਰੰਟ ਦੇ ਪ੍ਰਧਾਨ ਰੇਸ਼ਮ ਸਿੰਘ ਕਾਹਲੋਂ ਨੇ ਪੰਜਾਬ ਨੂੰ ਬਚਾਉਣ ਲਈ ਵੱਡੇ ਮਗਰਮੱਛਾਂ ਵਾਲੀਆਂ ਵੱਡੀਆਂ ਪਾਰਟੀਆਂ ਤੋਂ ਪੰਜਾਬ ਨੂੰ ਛੁਟਕਾਰਾ ਦਿਵਾਉਣ ਲਈ ਮਿਸ਼ਨ 2022 ਨੂੰ ਕਿਸਾਨਾਂ ਮਜ਼ਦੂਰਾਂ ਵਲੋਂ ਅੱਗੇ ਵਧਾਉਣਾ ਬਹੁਤ ਜ਼ਰੂਰੀ ਹੈ |