
ਜ਼ਿਲਿ੍ਹਆਂ 'ਚ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣਗੇ ਨਵ-ਨਿਯੁਕਤ ਵਧੀਕ ਡਿਪਟੀ ਕਮਿਸ਼ਨਰ : ਮੁੱਖ ਸਕੱਤਰ
ਚੰਡੀਗੜ੍ਹ, 21 ਜੁਲਾਈ (ਭੁੱਲਰ) : ਸੂਬੇ ਦੇ ਸਾਰੇ 23 ਜ਼ਿਲਿ੍ਹਆਂ ਵਿਚ ਵਧੀਕ ਡਿਪਟੀ ਕਮਿਸਨਰ (ਸ਼ਹਿਰੀ ਵਿਕਾਸ) ਦੀ ਨਵੀਂ ਅਸਾਮੀ ਦੀ ਰਚਨਾ ਨਾਲ ਸਹਿਰੀ ਸਥਾਨਕ ਇਕਾਈਆਂ ਦੀ ਕਾਰਜਕੁਸ਼ਲਤਾ ਵਿਚ ਹੋਰ ਸੁਧਾਰ ਆਵੇਗਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਹੋਰ ਮਜ਼ਬੂਤ ਕਰ ਕੇ ਰਾਜ ਦੇ ਸ਼ਹਿਰੀ ਖੇਤਰਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾਵੇਗਾ |
ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਇਥੇ ਵਧੀਕ ਡਿਪਟੀ ਕਮਿਸ਼ਨਰਾਂ (ਸ਼ਹਿਰੀ ਵਿਕਾਸ) ਨਾਲ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ | ਇਸ ਮੀਟਿੰਗ ਵਿਚ ਸਾਰੇ ਡਿਪਟੀ ਕਮਿਸ਼ਨਰ ਵੀ ਹਾਜ਼ਰ ਸਨ |
ਮੁੱਖ ਸਕੱਤਰ ਨੇ ਦਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦੀਆਂ 23 ਅਸਾਮੀਆਂ, ਹਰੇਕ ਜ਼ਿਲ੍ਹਾ ਹੈੱਡਕੁਆਰਟਰ 'ਤੇ ਇਕ ਅਸਾਮੀ, ਖੇਤਰੀ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਦੀ ਥਾਂ 'ਤੇ ਬਣਾਈਆਂ ਗਈਆਂ ਹਨ | ਵਧੀਕ ਸੀਈਓ, ਪੀ.ਡਬਲਯੂ. ਐਸ.ਐਸ.ਬੀ. ਦੇ ਅਹੁਦੇ ਦੀ ਜ਼ਿੰਮੇਵਾਰੀ ਵੀ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਹੀ ਨਿਭਾਉਣਗੇ | ਸਾਰੇ ਨਵ-ਨਿਯੁਕਤ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਸ੍ਰੀਮਤੀ ਮਹਾਜਨ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਸਾਰੇ ਏ.ਡੀ.ਸੀਜ਼. ਲਈ ਦਫ਼ਤਰ ਅਤੇ ਲੋੜੀਂਦਾ ਸਟਾਫ਼, ਜਿਸ ਵਿਚ ਮੁੱਖ ਤੌਰ 'ਤੇ ਐਮ.ਆਈ.ਐਸ. ਮਾਹਰ, ਆਈ.ਟੀ. ਮਾਹਰ, ਐਸ. ਡਬਲਯੂ.ਐਮ. ਸਪੈਸ਼ਲਿਸਟ, ਵੇਸਟ ਵਾਟਰ ਸਬੰਧੀ ਮਾਹਰ, ਸਹਾਇਕ ਪ੍ਰੋਗਰਾਮ ਅਫ਼ਸਰ (ਹਾਊਸਿੰਗ) ਅਤੇ (ਐਨ.ਯੂ. ਐਲ.ਐਮ.) ਸ਼ਾਮਲ ਹਨ, ਮੁਹਈਆ ਕਰਵਾਉਣ ਦੇ ਆਦੇਸ਼ ਦਿਤੇ | ਮੁੱਖ ਸਕੱਤਰ ਨੇ ਸਮੂਹ ਏ.ਡੀ.ਸੀਜ਼ ਨੂੰ 'ਬਸੇਰਾ' ਸਕੀਮ ਤਹਿਤ ਸ਼ਹਿਰਾਂ ਵਿਚ ਝੁੱਗੀ-ਝੌਪੜੀਆਂ ਵਿਚ ਰਹਿੰਦੇ ਲੋਕਾਂ ਦੇ ਮੁੜਵਸੇਬੇ ਸਬੰਧੀ ਪ੍ਰਾਜੈਕਟਾਂ, ਪੀ.ਯੂ.ਈ.ਆਈ.ਪੀ., ਅਤੇ ਅਮਰੁਤ, ਸਵੱਛ ਭਾਰਤ ਮਿਸਨ, ਪ੍ਰਧਾਨ ਮੰਤਰੀ ਅਵਾਸ ਯੋਜਨਾ (ਪੀ.ਐੱਮ.ਏ.ਵਾਈ.) ਅਤੇ ਪੀ.ਐਮ. ਐਸ.ਏ.ਵੀ. ਨਿਧੀ ਅਤੇ ਸ਼ਹਿਰੀ ਵਿਕਾਸ ਦੀਆਂ ਹੋਰ ਯੋਜਨਾਵਾਂ ਦੀ ਨਿਗਰਾਨੀ ਕਰਨ ਦੇ ਵੀ ਆਦੇਸ਼ ਦਿਤੇ ਤਾਂ ਜੋ ਇਨ੍ਹਾਂ ਪ੍ਰਾਜੈਕਟਾਂ ਦੇ ਮਿਆਰ, ਫ਼ੰਡਾਂ ਦੀ ਸੁਚੱਜੀ ਵਰਤੋਂ ਅਤੇ ਇਨ੍ਹਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਇਆ ਜਾ ਸਕੇ |