
ਐਨ.ਐਸ. ਰਤਨ ਦੀ ਕਿਤਾਬ 'ਅਪ੍ਰੇਸ਼ਨ ਬਲਿਊ ਸਟਾਰ 84' ਰਿਲੀਜ਼
ਚੰਡੀਗੜ੍ਹ, 21 ਜੁਲਾਈ (ਗੁਰਉਪਦੇਸ਼ ਭੁੱਲਰ) : ਸਾਬਕਾ ਆਈ. ਏ. ਐਸ. ਤੇ ਅਪਰੇਸ਼ਨ ਬਲਿਊ ਸਟਾਰ ਵੇਲੇ ਜਲੰਧਰ ਡਿਵੀਜ਼ਨ ਦੇ ਡਿਵੀਜ਼ਨਲ ਕਮਿਸ਼ਨਰ ਰਹੇ ਐਨ. ਐਸ. ਰਤਨ ਨੇ ਅਪਣੀ ਨਵੀਂ ਕਿਤਾਬ ਵਿਚ ਪ੍ਰਗਟਾਵਾ ਕੀਤਾ ਹੈ ਕਿ ਆਪ੍ਰੇਸ਼ਨ ਦੌਰਾਨ ਫ਼ੌਜ ਦੇ ਚਾਰ ਵੱਡੇ ਅਫ਼ਸਰ ਅਤੇ 85 ਫ਼ੌਜੀ ਮੌਤ ਦੇ ਘਾਟ ਉਤਾਰ ਦਿਤੇ ਗਏ ਸਨ ਜਦਕਿ ਅਪਰੇਸ਼ਨ ਬਲਿਊ ਸਟਾਰ ਦੀ ਭੇਟ ਚੜ੍ਹੀ ਸੰਗਤ ਅਤੇ ਖਾੜਕੂਆਂ ਦੀ ਗਿਣਤੀ 540 ਹੈ | ਇਨ੍ਹਾਂ ਵਿਚ ਅੱਠ ਬੱਚੇ ਵੀ ਸ਼ਾਮਲ ਸਨ |
ਐਨ ਐਸ ਰਤਨ ਨੇ 25 ਸਾਲ ਦੀ ਮਿਹਨਤ ਬਾਅਦ ਅਪਣੀ ਕਿਤਾਬ 'ਅਪਰੇਸ਼ਨ ਬਲਿਊ ਸਟਾਰ 84' ਲਿਖੀ ਹੈ | ਇਸ ਕਿਤਾਬ ਨੂੰ ਅੱਜ ਪ੍ਰੈੱਸ ਕਲੱਬ ਚੰਡੀਗਡ੍ਹ ਵਿਚ ਜਾਰੀ ਕੀਤਾ ਗਿਆ | ਇਸ ਸਮਾਗਮ ਵਿਚ ਆਪ੍ਰੇਸ਼ਨ ਬਲਿਊ ਸਟਾਰ ਮੌਕੇ ਦੇ ਤਿੰਨ ਜੂਨ ਤਕ ਰਹੇ ਸ੍ਰੀ ਅੰਮਿ੍ਤਸਰ ਸਾਹਿਬ ਦੇ ਡੀ. ਸੀ. ਗੁਰਦੇਵ ਸਿੰਘ ਬਰਾੜ, ਉਸ ਵੇਲੇ ਦੇ ਡਿਪਟੀ ਕਮਿਸ਼ਨਰ ਰਮੇਸ਼ਇੰਦਰ ਸਿੰਘ, ਬੀਐਸਐਫ਼ ਦੇ ਅਧਿਕਾਰੀ ਗੁਰਦਿਆਲ ਸਿੰਘ ਧਨੋਆ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ | ਸਮਾਗਮ ਦੌਰਾਨ ਇਨ੍ਹਾਂ ਚਾਰੋਂ ਵੱਡੇ ਅਧਿਕਾਰੀਆਂ ਨੇ ਜੋ ਚਰਚਾ ਕੀਤੀ ਉਸ ਵਿਚ ਸਾਹਮਣੇ ਆਇਆ ਕਿ ਅਪਰੇਸ਼ਨ ਬਲਿਊ ਸਟਾਰ ਦੀ ਸਾਰੀ ਕਾਰਵਾਈ ਦਿੱਲੀ ਤੋਂ ਚਲਾਈ ਜਾ ਰਹੀ ਸੀ |
ਇਹ ਸਾਰੀ ਕਾਰਵਾਈ ਪੰਜਾਬ ਦੇ ਰਾਜਪਾਲ ਰਾਹੀਂ ਕੀਤੀ ਗਈ | ਚਰਚਾ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਅਪਰੇਸ਼ਨ ਬਲਿਊ ਸਟਾਰ ਬਾਰੇ ਪਹਿਲਾਂ ਲਿਖੀਆਂ ਕਿਤਾਬਾਂ ਵਿਚ ਬਹੁਤ ਸਾਰੇ ਤੱਥ ਤੇ ਘਟਨਾਵਾਂ ਸਹੀ ਤਰ੍ਹਾਂ ਪੇਸ਼ ਨਹੀਂ ਕੀਤੇ ਗਏ | ਐਨ. ਐਸ. ਰਤਨ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਸਾਰੇ ਤੱਥ ਖ਼ੁਦ ਇਕੱਤਰ ਕੀਤੇ ਹਨ ਤੇ ਬਹੁਤ ਸਾਰੇ ਉਨ੍ਹਾਂ ਲੋਕਾਂ ਨੂੰ ਮਿਲੇ ਵੀ ਹਨ ਜੋ ਅਪ੍ਰੇਸ਼ਨ ਬਲਿਊ ਸਟਾਰ ਮੌਕੇ ਹਾਜ਼ਰ ਸਨ |
ਐਨ. ਐਸ . ਰਤਨ ਦੀ ਕਿਤਾਬ ਤੋਂ ਬਾਅਦ ਮਰਹੂਮ ਪੱਤਰਕਾਰ ਖ਼ੁਸ਼ਵੰਤ ਸਿੰਘ, ਪੱਤਰਕਾਰ ਰਾਹੁਲ, ਪੱਤਰਕਾਰ ਸਤੀਸ਼ ਜੈਕਬ ਅਤੇ ਮਾਰਕ ਟਲੀ ਵਲੋਂ ਲਿਖੀਆਂ ਕਿਤਾਬਾਂ ਉਤੇ ਵੱਡੇ ਸਵਾਲ ਖੜੇ ਹੋ ਗਏ ਹਨ |
ਜੂਨ ਚੌਰਾਸੀ ਦੇ ਘੱਲੂਘਾਰੇ ਵਿਚ ਸੰਗਤ ਦੇ ਹੋਏ ਜਾਨੀ ਨੁਕਸਾਨ ਸਬੰਧੀ ਸਿੱਖ ਚਿੰਤਕਾਂ ਵਲੋਂ ਲਿਖੀਆਂ ਕਿਤਾਬਾਂ ਬਾਰੇ ਵੀ ਐਨ ਐਸ ਰਤਨ ਨੇ ਉਂਗਲ ਖੜੀ ਕਰ ਦਿਤੀ ਹੈ ਕਿ ਉਨ੍ਹਾਂ ਨੇ ਅਪਣੀਆਂ ਕਿਤਾਬਾਂ ਵਿਚ ਸਹੀ ਅੰਕੜੇ ਨਹੀਂ ਦਿਤੇ | ਸਮਾਗਮ ਵਿਚ ਉਚੇਚੇ ਤੌਰ 'ਤੇ ਬੋਲਦਿਆਂ ਸਾਬਕਾ ਆਈਏਐਸ ਅਧਿਕਾਰੀ ਗੁਰਦੇਵ ਸਿੰਘ ਬਰਾੜ ਨੇ ਸਪੱਸ਼ਟ ਕੀਤਾ ਕਿ ਉਹ ਅਪ੍ਰੇਸ਼ਨ ਬਲਿਊ ਸਟਾਰ ਤੋਂ ਪਹਿਲਾਂ ਅੰਮਿ੍ਤਸਰ ਸਾਹਿਬ ਵਿਚ ਡਿਪਟੀ ਕਮਿਸ਼ਨਰ ਸਨ ਪਰ ਛੁੱਟੀ ਤੇ ਉਹ ਖ਼ੁਦ ਗਏ ਸਨ ਅਤੇ ਉਨ੍ਹਾਂ ਦੀ ਛੁੱਟੀ ਪਹਿਲਾਂ ਹੀ ਮਨਜ਼ੂਰ ਹੋ ਗਈ ਸੀ |
ਉਨ੍ਹਾਂ ਸਪੱਸ਼ਟ ਕਿਹਾ ਕਿ ਪੰਜਾਬ ਅਤੇ ਸਿੱਖਾਂ ਨੂੰ ਸਬਕ ਸਿਖਾਉਣ ਦੀ ਨੀਅਤ ਨਾਲ ਪੰਜਾਬ ਉਤੇੇ ਫ਼ੌਜ ਚਾੜ੍ਹੀ ਗਈ ਸੀ ਅਤੇ ਉਹ ਅਪਰੇਸ਼ਨ ਬਲਿਊ ਸਟਾਰ ਨੂੰ ਅਕਾਲ ਤਖ਼ਤ ਸਾਹਿਬ ਉਤੇ ਕੀਤਾ ਹਮਲਾ ਮੰਨਦੇ ਹਨ |