
ਅਨੁਸੂਚਿਤ ਜਾਤਾਂ ਵਿਚ ਆਉਣ ਤੋਂ ਪਹਿਲਾਂ ਰਾਏ ਸਿੱਖਾਂ ਦੇ ਐਸਸੀ ਸਰਟੀਫ਼ੀਕੇਟ ਰੱਦ ਕਰਨ ਲਈ ਹਾਈ ਕੋਰਟ 'ਚ ਪਟੀਸ਼ਨ ਦਾਖ਼ਲ
ਚੰਡੀਗੜ੍ਹ, 21 ਜੁਲਾਈ (ਸੁਰਜੀਤ ਸਿੰਘ ਸੱਤੀ): ਰਾਏ ਸਿੱਖਾਂ ਨੂੰ ਸਾਲ 2007 ਵਿਚ ਐਸਸੀ ਸ਼੍ਰੇਣੀ ਵਿਚ ਸ਼ਾਮਲ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਬਣੇ ਅਨੁਸੂਚਿਤ ਜਾਤ ਦੇ ਸਰਟੀਫ਼ੀਕੇਟਾਂ ਨੂੰ ਰੈਗੂਲਰ ਕਰਨ ਦੇ ਫ਼ੈਸਲੇ ਨੂੰ ਰੱਦ ਕਰਨ ਲਈ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਖ਼ਲ ਕੀਤੀ ਗਈ ਹੈ |
ਈਟੀਟੀ ਅਧਿਆਪਕ ਪਵਨ ਕੁਮਾਰ ਤੇ ਹੋਰਨਾਂ ਨੇ ਪਟੀਸ਼ਨ ਦਾਖ਼ਲ ਕਰ ਕੇ ਕਿਹਾ ਹੈ ਕਿ 2007 ਤੋਂ ਪਹਿਲਾਂ ਰਾਏ ਸਿੱਖ ਬਰਾਦਰੀ ਦੇ ਕਈ ਵਿਅਕਤੀਆਂ ਦੇ ਅਨੁਸੂਚਿਤ ਜਾਤ ਦੇ ਸਰਟੀਫ਼ੀਕੇਟ ਬਣੇ, ਜਦੋਂ ਕਿ ਉਹ ਉਸ ਵੇਲੇ ਪਛੜੀਆਂ ਸ਼੍ਰੇਣੀਆਂ ਵਿਚ ਆਉਂਦੇ ਸੀ ਤੇ ਉਨ੍ਹਾਂ ਦੇ ਬਣੇ ਇਨ੍ਹਾਂ ਐਸਸੀ ਸਰਟੀਫ਼ੀਕੇਟਾਂ ਦੇ ਆਧਾਰ 'ਤੇ ਉਨ੍ਹਾਂ ਨੂੰ ਨੌਕਰੀਆਂ ਮਿਲੀਆਂ ਤੇ ਨਾਲ ਹੀ ਤਰੱਕੀਆਂ ਵੀ ਦਿਤੀਆਂ ਗਈਆਂ ਜਿਸ ਨਾਲ ਅਨੁਸੂਚਿਤ ਜਾਤਾਂ ਨਾਲ ਸਬੰਧਤ ਦੂਜੇ ਮੁਲਾਜ਼ਮਾਂ ਨੂੰ ਫ਼ਰਕ ਪਿਆ ਤੇ ਰਾਏ ਸਿੱਖਾਂ ਦੇ ਪਹਿਲਾਂ ਬਣੇ ਸਰਟੀਫ਼ੀਕੇਟਾਂ ਦੇ ਆਧਾਰ 'ਤੇ ਨੌਕਰੀ ਹਾਸਲ ਕਰਨ ਦੇ ਕਥਿਤ ਘਪਲੇ ਦੀ ਜਾਂਚ ਲਈ ਸਰਕਾਰ ਕੋਲ ਮੰਗ ਵੀ ਕੀਤੀ ਗਈ, ਜਿਸ ਦੀ ਜਾਂਚ ਚਲ ਰਹੀ ਹੈ ਪਰ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ ਤੇ ਸਾਲ 2007 ਵਿਚ ਰਾਏ ਸਿੱਖਾਂ ਨੂੰ ਅਨੁਸੂਚਿਤ ਜਾਤਾਂ ਵਿਚ ਸ਼ਾਮਲ ਕੀਤਾ ਗਿਆ | ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਹੁਣ ਮੁੱਖ ਸਕੱਤਰ ਵਲੋਂ ਇਕ ਨੋਟੀਫ਼ੀਕੇਸ਼ਨ ਜਾਰੀ ਕਰ ਕੇ ਰਾਏ ਸਿੱਖਾਂ ਦੇ ਪਹਿਲਾਂ ਦੇ ਬਣੇ ਐਸਸੀ ਸਰਟੀਫ਼ੀਕੇਟਾਂ ਨੂੰ ਰੈਗੂਲਰ ਕਰ ਦਿਤਾ ਗਿਆ ਹੈ | ਐਡਵੋਕੇਟ ਐਚ.ਸੀ.ਅਰੋੜਾ ਰਾਹੀਂ ਦਾਖ਼ਲ ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਹੈ ਕਿ ਅਨੁਸੂਚਿਤ ਜਾਤਾਂ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਐਸਸੀ ਸਰਟੀਫ਼ੀਕੇਟ ਬਣਨਾ ਤੇ ਇਸ ਆਧਾਰ 'ਤੇ ਨੌਕਰੀ ਹਾਸਲ ਕਰਨਾ ਇਕ ਵੱਡਾ ਘਪਲਾ ਹੈ ਤੇ ਹੁਣ ਪੁਰਾਣੇ ਸਰਟੀਫ਼ੀਕੇਟਾਂ ਨੂੰ ਰੈਗੂਲਰ ਕਰਨ ਦੀ ਨੋਟੀਫ਼ੀਕੇਸ਼ਨ ਜਾਰੀ ਕਰਨ ਨਾਲ ਉਨ੍ਹਾਂ ਦੇ ਇਸ ਘਪਲੇ ਅਤੇ ਚਲ ਰਹੀ ਜਾਂਚ 'ਤੇ ਪਰਦਾ ਪਾਉਣ ਦੀ ਚਾਲ ਹੈ, ਲਿਹਾਜਾ ਪੁਰਾਣੇ ਬਣੇ ਐਸਸੀ ਸਰਟੀਫ਼ੀਕੇਟਾਂ ਨੂੰ ਰੈਗੂਲਰ ਕਰਨ ਦੀ ਨੋਟੀਫ਼ੀਕੇਸ਼ਨ ਰੱਦ ਕੀਤੀ ਜਾਣੀ ਚਾਹੀਦੀ ਹੈ ਤੇ ਘਪਲੇ 'ਚ ਸ਼ਾਮਲ ਮੁਲਜ਼ਮਾਂ ਵਿਰੁਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ |