
ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ, ਦੋ ਬੱਚਿਆਂ ਦੀ ਮੌਤ, ਪੰਜ ਜ਼ਖ਼ਮੀ
ਦੇਵੀਗੜ੍ਹ/ਸਨੌਰ, 21 ਜੁਲਾਈ (ਇਕਬਾਲ ਸਿੰਘ) : ਪਿਛਲੇ ਕਈ ਦਿਨਾਂ ਤੋਂ ਭਾਰੀ ਬਾਰਸ਼ ਪੈਣ ਕਾਰਨ ਦੇਵੀਗੜ੍ਹ ਨੇੜੇ ਪਿੰਡ ਦੁਧਨਸਾਧਾਂ ਵਿਖੇ ਗ਼ਰੀਬ ਪਰਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਮੌਕੇ 'ਤੇ ਹੀ ਦੋ ਬੱਚਿਆਂ ਦੀ ਮੌਤ ਹੋ ਜਾਣ ਅਤੇ ਪੰਜ ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਜ਼ਖ਼ਮੀਆਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ | ਇਸ ਦੱੁਖ ਦੀ ਘੜੀ ਵਿਚ ਪਰਵਾਰ ਨਾਲ ਦੁੱਖ ਸਾਂਝਾ ਕਰਨ ਲਈ ਜੋਗਿੰਦਰ ਸਿੰਘ ਕਾਕੜਾ, ਐਸ. ਡੀ.ਐਮ. ਦੁਧਨਸਾਧਾਂ ਅੰਕੁਰਜੀਤ ਸਿੰਘ, ਬਲਜਿੰਦਰ ਢਿੱਲੋਂ ਆਦਿ ਰਾਜਨੀਤਕ ਆਗੂ ਮੌਕੇ 'ਤੇ ਪਹੁੰਚੇ |
ਜਾਣਕਾਰੀ ਅਨੁਸਾਰ ਬੀਤੀ ਰਾਤ ਦੇਵੀਗੜ੍ਹ ਨੇੜੇ ਪਿੰਡ ਦੁਧਨਸਾਧਾਂ ਵਿਖੇ ਬਾਰਸ਼ ਦੇ ਪਾਣੀ ਦੀ ਵਜਾ ਕਾਰਨ ਇਕ ਗ਼ਰੀਬ ਪਰਵਾਰ ਪਿੰਟੂ ਪੁੱਤਰ ਚੰਦੂ ਰਾਮ ਦੇ ਘਰ ਦੀ ਛੱਤ ਜਦਕਿ ਸਾਰਾ ਪਰਵਾਰ ਸੁੱਤਾ ਪਿਆ ਸੀ | ਅੱਜ ਸਵੇਰੇ 5 ਵਜੇ ਡਿੱਗਣ ਕਾਰਨ ਛੱਤ ਥੱਲੇ ਦੱਬ ਕੇ ਦੋ ਬੱਚਿਆਂ ਸਚਿਨ ਉਮਰ 7 ਸਾਲ ਅਤੇ ਤਾਨੀਆਂ ਉਮਰ 5 ਸਾਲ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਪੰਜ ਵਿਅਕਤੀ ਜਿਨ੍ਹਾਂ ਵਿਚ ਮਿ੍ਤਕ ਸਚਿਨ ਦੇ ਪਿਤਾ ਪਿੰਟੂ ਰਾਮ ਉਮਰ 38 ਸਾਲ, ਮਾਤਾ ਨੀਲਮ ਰਾਣੀ, ਹੰਸ, ਕਪਿਲ ਅਤੇ ਮਨੀਸ਼ 11 ਸਾਲ ਜ਼ਖ਼ਮੀ ਹੋ ਗਏ | ਘਟਨਾ ਸਮੇਂ ਆਸ-ਪਾਸ ਦੇ ਲੋਕ ਜਾਗ ਪਏ ਜਿਨ੍ਹਾਂ ਨੇ ਸਾਰੇ ਮੁਹੱਲੇ ਵਾਸੀਆਂ ਨੂੰ ਜਗਾਇਆ ਅਤੇ ਮਿ੍ਤਕਾਂ ਅਤੇ ਜ਼ਖ਼ਮੀਆਂ ਨੂੰ ਛੱਤ ਹੇਠੋਂ ਕੱਢਿਆ ਅਤੇ ਸਥਾਨਕ ਸੀ.ਐਚ.ਸੀ. ਹਸਪਤਾਲ ਦੁਧਨਸਾਧਾਂ ਪਹੁੰਚਾਇਆ | ਪਿੰਡ ਵਾਸੀਆਂ ਕਿਹਾ ਕਿ ਹਸਪਤਾਲ ਵਿਖੇ ਕਿਸੇ ਡਾਕਟਰ ਨੇ ਜ਼ਖ਼ਮੀਆਂ ਦੀ ਪੱਟੀ ਤਕ ਨਹੀਂ ਕੀਤੀ ਅਤੇ ਰਾਜਿੰਦਰਾ ਹਸਪਤਾਲ ਰੈਫ਼ਰ ਕਰ ਦਿਤਾ | ਇਸ ਘਟਨਾ ਦੀ ਖ਼ਬਰ ਸੁਣ ਕੇ ਥਾਣਾ ਜੁਲਕਾਂ ਦੀ ਪੁਲਿਸ ਚੌਂਕੀ ਰੌਹੜ ਜਾਗੀਰ ਦੇ ਇੰਚਾਰਜ ਗੁਰਵਿੰਦਰ ਸਿੰਘ ਅਪਣੀ ਪੁਲਸ ਪਾਰਟੀ ਨਾਲ ਪਹੁੰਚ ਗਏ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ |
ਜਦੋਂ ਜਖਮੀਆਂ ਨੂੰ ਰਾਜਿੰਦਰਾ ਹਸਪਤਾਲ ਪਹੁੰਚਾਇਆ ਗਿਆ ਤਾਂ ਮੌਕੇ 'ਤੇ ਹਲਕਾ ਇੰਚਾਰਜ ਸਨੌਰ ਹਰਿੰਦਰਪਾਲ ਸਿੰਘ ਹੈਰੀਮਾਨ ਵਲੋਂ ਜੋਗਿੰਦਰ ਸਿੰਘ ਕਾਕੜਾ ਹਸਪਤਾਲ ਪਹੁੰਚ ਗਏ, ਜਿਨ੍ਹਾਂ ਨੇ ਨਾਲ ਹੋ ਕੇ ਜ਼ਖ਼ਮੀਆਂ ਦੇ ਇਲਾਜ ਲਈ ਐਮਰਜੈਂਸੀ ਵਿਚ ਦਾਖ਼ਲ ਕਰਵਾਇਆ ਅਤੇ ਮਿ੍ਤਕਾਂ ਦਾ ਡਾਕਟਰੀ ਮੁਆਇਨਾ ਕਰਵਾ ਕੇ ਲਾਸ਼ਾਂ ਘਰ ਪਹੁੰਚਾਈਆਂ | ਲੋਕਾਂ ਦਾ ਕਹਿਣਾ ਹੈ ਕਿ ਇਸ ਮਕਾਨ ਦੀ ਛੱਤ ਡਿੱਗਣ ਦਾ ਕਾਰਨ ਨੇੜੇ ਸਰਕਾਰੀ ਹਸਪਤਾਲ ਦੇ ਪਿੱਛੇ ਹਸਪਤਾਲ ਦੀ ਜਗ੍ਹਾ ਵਿਚ ਖੜਾ ਪਾਣੀ ਹੈ, ਜਿਸ ਖੜੇ ਪਾਣੀ ਕਰਕੇ ਇਸ ਮਕਾਨ ਦੀ ਛੱਤ ਡਿੱਗੀ ਹੈ | ਇਸ ਸਮੇਂ ਪਿੰਡ ਦੇ ਸਰਪੰਚ ਜਗਦੇਵ ਸਿੰਘ, ਮਿ੍ਤਕਾਂ ਦੇ ਵਾਰਸਾਂ ਅਤੇ ਪਿੰਡ ਵਾਸੀਆਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਗ਼ਰੀਬ ਪਰਵਾਰ ਦੀ ਆਰਥਕ ਮਦਦ ਕੀਤੀ ਜਾਵੇ ਕਿਉਂਕਿ ਇਹ ਪਰਿਵਾਰ ਮਜ਼ਦੂਰੀ ਕਰਕੇ ਹੀ ਅਪਣਾ ਗੁਜ਼ਾਰਾ ਚਲਾ ਰਿਹਾ ਸੀ | ਇਸ ਸਬੰਧੀ ਪੁਲਿਸ ਨੇ 174 ਦੀ ਕਾਵਾਈ ਕਰ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿਤੀਆਂ ਹਨ |
ਫੋਟੋ ਨੰ: 21 ਪੀਏਟੀ 12