
ਦੋਸ਼ੀ ਠਹਿਰਾਏ ਗਏ ਵਿਅਕਤੀਆਂ ਵਿਚ ਸੇਵਾਮੁਕਤ ਆਈਪੀਐਸ ਬਲਕਾਰ ਸਿੰਘ, ਸੇਵਾਮੁਕਤ ਐਸਐਚਓ ਊਧਮ ਸਿੰਘ ਅਤੇ ਸਬ ਇੰਸਪੈਕਟਰ ਸਾਹਿਬ ਸਿੰਘ ਸ਼ਾਮਲ ਹਨ।
ਚੰਡੀਗੜ੍ਹ: ਮੁਹਾਲੀ ਦੀ ਸੀਬੀਆਈ ਅਦਾਲਤ ਨੇ ਸੇਵਾਮੁਕਤ ਆਈਪੀਐਸ ਬਲਕਾਰ ਸਿੰਘ ਸਮੇਤ 3 ਪੁਲਿਸ ਮੁਲਾਜ਼ਮਾਂ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀ ਠਹਿਰਾਏ ਗਏ ਵਿਅਕਤੀਆਂ ਵਿਚ ਸੇਵਾਮੁਕਤ ਐਸਐਚਓ ਊਧਮ ਸਿੰਘ ਅਤੇ ਸਬ ਇੰਸਪੈਕਟਰ ਸਾਹਿਬ ਸਿੰਘ ਸ਼ਾਮਲ ਹਨ। ਤਿੰਨਾਂ ਨੂੰ 30 ਸਾਲ ਪੁਰਾਣੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਦਰਅਸਲ ਇਹਨਾਂ ਨੇ ਅੰਮ੍ਰਿਤਸਰ ਤੋਂ ਇਕ ਨੌਜਵਾਨ ਨੂੰ ਚੁੱਕਿਆ ਸੀ, ਜੋ ਬਾਅਦ ਵਿਚ ਗਾਇਬ ਹੋ ਗਿਆ।
7 ਮਈ 1992 ਨੂੰ ਅੰਮ੍ਰਿਤਸਰ ਦੇ ਪਿੰਡ ਭੋਰਸੀ ਰਾਜਪੂਤ ਤੋਂ ਸੁਰਜੀਤ ਸਿੰਘ ਨਾਂ ਦੇ ਨੌਜਵਾਨ ਸਣੇ 3 ਨੌਜਵਾਨਾਂ ਨੂੰ ਚੁੱਕ ਲਿਆ ਗਿਆ। ਤਤਕਾਲੀ ਡੀਐਸਪੀ ਬਲਕਾਰ ਸਿੰਘ, ਐਸਐਚਓ ਜੰਡਿਆਲਾ ਊਧਮ ਸਿੰਘ ਅਤੇ ਕਾਂਸਟੇਬਲ ਸਾਹਿਬ ਸਿੰਘ ਨੇ ਇਹ ਕਾਰਵਾਈ ਕੀਤੀ ਸੀ। ਸੁਰਜੀਤ ਦੇ ਬਾਕੀ ਸਾਥੀਆਂ ਨੂੰ ਛੱਡ ਦਿੱਤਾ ਗਿਆ ਪਰ ਉਸ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਜਿਸ ਦੇ ਖਿਲਾਫ ਮਾਪੇ 1996 ਵਿਚ ਹਾਈਕੋਰਟ ਗਏ ਸਨ।
ਇਸ ਦੀ ਜਾਂਚ ਹਾਈ ਕੋਰਟ ਦੇ ਹੁਕਮਾਂ ’ਤੇ 2003 ਵਿਚ ਸੀਬੀਆਈ ਨੂੰ ਦਿੱਤੀ ਗਈ ਸੀ। ਅਦਾਲਤ ਨੇ ਦੱਸਿਆ ਕਿ ਸੁਰਜੀਤ ਕੋਲੋਂ ਕੋਈ ਰਿਕਵਰੀ ਨਹੀਂ ਹੋਈ ਅਤੇ ਨਾ ਹੀ ਉਹ ਪੁਲਿਸ ਹਿਰਾਸਤ ਵਿਚੋਂ ਭੱਜਿਆ ਸੀ। ਇਸ ਮਾਮਲੇ 'ਚ 9 ਦੋਸ਼ੀ ਸਨ। ਜਿਨ੍ਹਾਂ ਵਿਚੋਂ 5 ਨੂੰ ਬਰੀ ਕਰ ਦਿੱਤਾ ਗਿਆ। 1 ਦੀ ਮੌਤ ਹੋ ਚੁੱਕੀ ਹੈ।