
ਸੂਬਾ ਸਰਕਾਰ ਹਰ ਦੁੱਖ-ਸੁੱਖ ਵਿਚ ਪਰਿਵਾਰ ਨਾਲ ਖੜ੍ਹੇਗੀ-ਮੁੱਖ ਮੰਤਰੀ
ਲੋਹਕੇ ਕਲਾਂ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੀ ਸੁਰੱਖਿਆ ਖਾਤਰ ਸ਼ਹੀਦੀ ਪ੍ਰਾਪਤ ਕਰਨ ਵਾਲੇ ਸੈਨਿਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਰ ਸੰਭਵ ਮਦਦ ਦੇਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਅੱਜ ਸ਼ਹੀਦ ਫੌਜੀ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ। ਸ਼ਹੀਦ ਕੁਲਦੀਪ ਸਿੰਘ ਕੁਝ ਦਿਨ ਪਹਿਲਾਂ ਦੇਸ਼ ਦੀ ਸੇਵਾ ਨਿਭਾਉਂਦੇ ਹੋਏ ਭਾਰਤ-ਚੀਨ ਸਰਹੱਦ ਉਤੇ ਆਪਣੀ ਜਾਨ ਨਿਛਾਵਰ ਕਰ ਗਏ ਸਨ। ਸ਼ਹੀਦ ਸੈਨਿਕ ਦੇ ਜੱਦੀ ਪਿੰਡ ਲੋਹਕੇ ਕਲਾਂ ਵਿਖੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਭਾਰਤੀ ਫੌਜ ਦੇ 21 ਸਿੱਖ ਰੈਜੀਮੈਂਟ ਦੇ ਜਵਾਨ ਕੁਲਦੀਪ ਸਿੰਘ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਮਹਾਨ ਕੁਰਬਾਨੀ ਦਿੱਤੀ ਅਤੇ ਪੰਜਾਬ ਸਰਕਾਰ ਇਸ ਬਹਾਦਰੀ ਨੂੰ ਸਲਾਮ ਕਰਦੀ ਹੈ।”
CM hands over cheque for Rs 1 crore to martyr's family
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਹਰ ਦੁੱਖ-ਸੁੱਖ ਵਿਚ ਪਰਿਵਾਰ ਨਾਲ ਖੜ੍ਹੇਗੀ ਅਤੇ ਦੁੱਖ ਦੀ ਇਸ ਘੜੀ ਵਿਚ ਉਸ ਦੀ ਮਦਦ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਸ਼ਹੀਦੀ ਪ੍ਰਾਪਤ ਕਰਨ ਵਾਲੇ ਜਵਾਨ ਕੁਲਦੀਪ ਸਿੰਘ ਦੀ ਕੁਰਬਾਨੀ ਲਈ ਦੇਸ਼ ਵਾਸੀ ਸਦਾ ਰਿਣੀ ਰਹਿਣਗੇ। ਸ਼ਹੀਦ ਸੈਨਿਕ ਕੁਲਦੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਬਹਾਦਰੀ, ਪੇਸ਼ੇਵਰ ਵਚਨਬੱਧਤਾ ਅਤੇ ਸਾਹਸ ਦਾ ਪ੍ਰਗਟਾਵਾ ਕਰਕੇ ਮੁਲਕ ਅਤੇ ਖਾਸ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
CM hands over cheque for Rs 1 crore to martyr's family
ਜਵਾਨ ਕੁਲਦੀਪ ਸਿੰਘ ਵੱਲੋਂ ਦਿੱਤੀ ਬੇਮਿਸਾਲ ਕੁਰਬਾਨੀ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਇਸ ਬਹਾਦਰ ਪੁੱਤਰ ਦੇ ਪਰਿਵਾਰ ਨੂੰ ਇਸ ਗੱਲ 'ਤੇ ਮਾਣ ਹੋਣਾ ਚਾਹੀਦਾ ਹੈ ਕਿ ਉਸ ਨੇ ਸਧਾਰਨ ਮੌਤ ਦੀ ਬਜਾਏ ਸ਼ਹੀਦੀ ਪ੍ਰਾਪਤ ਕੀਤੀ। ਮੁੱਖ ਮੰਤਰੀ ਨੇ ਪਰਿਵਾਰ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਸੰਕਟ ਦੀ ਇਸ ਘੜੀ ਵਿੱਚ ਉਨ੍ਹਾਂ ਦੀ ਮਦਦ ਲਈ ਪੂਰਨ ਤੌਰ ਉਤੇ ਵਚਨਬੱਧ ਹੈ ਅਤੇ ਪਰਿਵਾਰ ਦੀ ਮਦਦ ਲਈ ਹਰ ਕਦਮ ਚੁੱਕਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ, "ਮੈਂ ਸਮਝਦਾ ਹਾਂ ਕਿ ਇਹ ਬਹੁਤ ਵੱਡਾ ਘਾਟਾ ਹੈ ਪਰ ਉਸ ਦੀ ਮੌਤ 'ਤੇ ਸੋਗ ਕਰਨ ਦੀ ਬਜਾਏ ਸਾਨੂੰ ਸਾਰਿਆਂ ਨੂੰ ਉਸ ਦੀ ਸ਼ਹਾਦਤ 'ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿਉਂਕਿ ਉਸ ਨੇ ਵੱਡੇ ਉਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।"
CM hands over cheque for Rs 1 crore to martyr's family
ਸੂਬੇ ਦੀਆਂ ਸੂਰਮਗਤੀ ਦੀਆਂ ਸ਼ਾਨਦਾਰ ਰਵਾਇਤਾਂ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਅਜਿਹੇ ਸੂਰਬੀਰ ਲੋਕਾਂ ਦੀਆਂ ਕੁਰਬਾਨੀਆਂ ਸਦਕਾ ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਸਦਾ ਹੀ ਕਾਇਮ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਵਾਸੀ ਇਸ ਕੌਮੀ ਨਾਇਕ ਦੇ ਪਰਿਵਾਰ ਦੇ ਨਾਲ ਹਨ, ਜਿਨ੍ਹਾਂ ਨੇ ਆਪਣੀ ਮਾਤ ਭੂਮੀ ਦੀ ਸਰਹੱਦ ਦੀ ਰਾਖੀ ਲਈ ਆਪਣੀ ਜਾਨ ਨਿਛਾਵਰ ਕਰ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਇਸ ਬਹਾਦਰ ਜਵਾਨ ਨੇ ਦੇਸ਼ ਦੀ ਸੇਵਾ ਪੂਰੀ ਲਗਨ ਅਤੇ ਸਮਰਪਿਤ ਭਾਵਨਾ ਨਾਲ ਕਰਨ ਦੇ ਉੱਚ ਆਦਰਸ਼ਾਂ ਨੂੰ ਕਾਇਮ ਰੱਖਿਆ।