
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 15 ਅਗੱਸਤ 'ਤੇ ਰਾਜ ਪਧਰੀ ਸਮਾਗਮ ਵਿਚ ਈਸੜੂ ਨਾ ਆਉਣ ਅਤੇ ਖੰਨਾ ਨੂੰ ਜ਼ਿਲ੍ਹਾ ਬਣਾਉਣ ਦੀ ਆਸ ਮੁੱਕਣ............
ਖੰਨਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 15 ਅਗੱਸਤ 'ਤੇ ਰਾਜ ਪਧਰੀ ਸਮਾਗਮ ਵਿਚ ਈਸੜੂ ਨਾ ਆਉਣ ਅਤੇ ਖੰਨਾ ਨੂੰ ਜ਼ਿਲ੍ਹਾ ਬਣਾਉਣ ਦੀ ਆਸ ਮੁੱਕਣ ਦੇ ਨਾਲ ਖੰਨਾ ਦੇ ਲਾਇਨੋਂ ਪਾਰਲੇ ਇਲਾਕੇ ਵਿਚ ਸੀਵਰੇਜ ਪਾਉਣ ਦਾ ਲੋਕਾਂ ਦਾ ਸੁਪਨਾ ਠੁੱਸ ਹੋ ਗਿਆ। ਖੰਨਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਸੀਵਰੇਜ ਪਾਓ ਸੰਘਰਸ਼, ਵਿਕਾਸ ਕਮੇਟੀ ਦੇ ਚੇਅਰਮੈਨ ਮਾਸਟਰ ਰਾਜਿੰਦਰ ਸਿੰਘ ਅਤੇ ਸੰਦੀਪ ਸ਼ੁਕਲਾ ਅਤੇ ਜਨਤਾ ਬੋਲੇ-ਅੱਖਾਂ ਖੋਲੋ-ਲੋਕ ਆਵਾਜ਼ ਮੰਚ ਦੇ ਪ੍ਰਧਾਨ ਤੇਜਿੰਦਰ ਸਿੰਘ ਆਰਟਿਸਟ, ਓਮਕਾਰ ਸਿੰਘ ਸੱਤੂ ਦੀ ਅਗਵਾਈ ਹੇਠ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ
ਸੀਵਰੇਜ ਪਾਉਣ ਅਤੇ ਖੰਨਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਜ਼ੋਰਦਾਰ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ। ਇਲਾਕੇ ਦੇ ਸਮੂਹ ਲੋਕਾਂ ਵਲੋਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਗਈ ਸੀ ਕਿ ਪਿਛਲੇ 40 ਸਾਲ ਤੋਂ ਲੋਕ ਉਡੀਕ ਕਰ ਰਹੇ ਹਨ ਜਦਕਿ 10 ਸਾਲ ਅਕਾਲੀ-ਭਾਜਪਾ ਦੀ ਸਰਕਾਰ ਰਹੀ, ਉਨ੍ਹਾਂ ਵੀ ਲਾਈਨੋਪਾਰ ਇਲਾਕੇ ਦਾ ਸੀਵਰੇਜ ਨਹੀਂ ਪਵਾਇਆ ਅਤੇ ਖੰਨਾ ਨੂੰ ਜ਼ਿਲ੍ਹਾ ਵੀ ਨਹੀਂ ਬਣਾਇਆ ਗਿਆ, ਇਸ ਲਈ ਕੈਪਟਨ ਸਾਹਿਬ ਤੁਸੀਂ ਅਤੇ ਸਿੱਧੂ ਸਮੇਤ ਅਪਣੇ ਪੂਰੇ ਮੰਤਰੀਆਂ ਨੂੰ ਨਾਲ ਲੈ ਕੇ ਖੰਨਾ ਦੇ ਲਾਈਨੋਪਾਰ ਇਲਾਕੇ ਦਾ ਦੌਰਾ ਤਾਂ ਕਰੋ ਅਤੇ ਦੇਖੋ ਕਿ ਇਹ ਲੋਕ ਨਰਕੀ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ, ਬੀਮਾਰੀਆਂ ਨਾਲ ਪੀੜਤ ਹੋ ਰਹੇ ਹਨ।