
ਲੋਕਾਂ ਦੇ ਪੈਸੇ ਨਾਲ ਆਪਣੀ ਹੀ ਮਸ਼ਹੂਰੀ ਕਰਦੇ ਰਹੇ ਰਾਜਾ ਸਾਹਿਬ
ਚੰਡੀਗੜ੍ਹ, 22 ਅਗਸਤ 2020 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੋਰੋਨਾ ਮਹਾਂਮਾਰੀ ਦੇ ਵਧ ਰਹੇ ਪ੍ਰਕੋਪ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕੋਰੋਨਾ ਵਿਰੁੱਧ ਅਮਰਿੰਦਰ ਸਿੰਘ ਸਰਕਾਰ ਦਾ 'ਮਿਸ਼ਨ ਫ਼ਤਿਹ' ਪੂਰੀ ਤਰਾਂ ਫਲਾਪ ਸਾਬਤ ਹੋਇਆ ਹੈ, ਜਿਸ ਦੀ ਪੁਸ਼ਟੀ ਮੁੱਖ ਮੰਤਰੀ ਨੇ ਇਹ ਭਵਿੱਖਬਾਣੀ ਕਰਦਿਆਂ ਖ਼ੁਦ ਹੀ ਕਰ ਦਿੱਤੀ ਕਿ ਸਤੰਬਰ 'ਚ ਕੋਰੋਨਾ ਦੇ ਕੇਸ ਇੱਕ ਲੱਖ ਅੰਕੜਾ ਦਾ ਪਾਰ ਕਰ ਜਾਵੇਗਾ।
Mission Fateh
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਮਰਿੰਦਰ ਸਿੰਘ ਸਰਕਾਰ ਨੇ ਕੋਰੋਨਾ ਰੋਕਣ ਲਈ ਲੋੜੀਂਦੇ ਕਦਮ ਚੁੱਕਣ ਦੀ ਥਾਂ ਸੜਕਾਂ ਅਤੇ ਚੌਂਕਾਂ-ਚੌਰਾਹਿਆਂ ਉੱਪਰ 'ਮਿਸ਼ਨ ਫ਼ਤਿਹ' ਦੇ ਵੱਡੇ-ਵੱਡੇ ਬੋਰਡ ਅਤੇ ਹੋਰਡਿੰਗਜ਼ ਲਗਾ ਕੇ ਆਪਣੀ ਹੀ ਮਸ਼ਹੂਰੀ 'ਤੇ ਜ਼ੋਰ ਦਿੱਤਾ, ਜਿਸ ਦਾ ਹੁਣ ਪਰਦਾਫਾਸ਼ ਹੋ ਗਿਆ ਹੈ।
Harpal Cheema
ਹਰਪਾਲ ਸਿੰਘ ਚੀਮਾ ਨੇ ਕਿਹਾ, ''ਰਾਜਾ ਸਾਹਿਬ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ। 'ਮਿਸ਼ਨ ਫ਼ਤਿਹ' ਇੱਕ ਗੁਮਰਾਹਕੁਨ ਨਾਅਰੇ ਤੋਂ ਵੱਧ ਕੁੱਝ ਵੀ ਨਹੀਂ ਨਿਕਲਿਆ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਲੋਕਾਂ ਦੇ ਟੈਕਸ ਦੇ ਜੋ ਕਰੋੜਾਂ ਰੁਪਏ 'ਮਿਸ਼ਨ ਫ਼ਤਿਹ' ਰਾਹੀਂ ਆਪਣੀ ਮਸ਼ਹੂਰੀ 'ਤੇ ਖ਼ਰਚਿਆ ਹੈ, ਉਨ੍ਹਾਂ ਪੈਸਾ ਸਰਕਾਰੀ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਡਾਕਟਰਾਂ ਅਤੇ ਸਟਾਫ਼ ਦੀ ਕਮੀ ਦੀ ਪੂਰਤੀ, ਦਵਾਈਆਂ, ਆਈਸੀਯੂ ਬੈਂਡਾ, ਵੇਂਟੀਲੇਟਰਾਂ, ਸੁਰੱਖਿਆ ਕਿੱਟਾਂ ਅਤੇ ਹੋਰ ਲੋੜੀਂਦੇ ਸਾਜੋ-ਸਮਾਨ 'ਤੇ ਖ਼ਰਚਿਆ ਹੁੰਦਾ ਤਾਂ ਹਾਲਾਤ ਬਦਤਰ ਹੋਣ ਦੀ ਥਾਂ ਦਿੱਲੀ ਵਾਂਗ ਬਿਹਤਰ ਹੋਏ ਹੁੰਦੇ।
Mission Fateh
ਹਰਪਾਲ ਸਿੰਘ ਚੀਮਾ ਨੇ ਹਫ਼ਤਾਵਾਰੀ ਲੌਕਡਾਊਨ ਸ਼ਾਮੀ 7 ਵਜੇ ਤੋਂ ਸਵੇਰੇ 5 ਵਜੇ ਦੇ ਕਰਫ਼ਿਊ ਅਤੇ ਧਾਰਾ 144 ਵਰਗੇ ਫ਼ੈਸਲਿਆਂ ਨੂੰ ਤਰਕਹੀਣ ਅਤੇ ਗੈਰ-ਜ਼ਰੂਰੀ ਕਰਾਰ ਦਿੰਦੇ ਹੋਏ ਦੋਸ਼ ਲਗਾਇਆ ਕਿ ਆਮ ਲੋਕਾਂ 'ਤੇ ਅਜਿਹੇ ਤਾਨਾਸ਼ਾਹੀ ਫ਼ੈਸਲੇ ਰਾਤਾਂ ਨੂੰ ਚੱਲਦੇ ਰੇਤ-ਮਾਫ਼ੀਆ, ਨਸ਼ਾ ਅਤੇ ਸ਼ਰਾਬ ਤਸਕਰਾਂ ਨੂੰ ਸਹੂਲਤ ਦੇਣ ਲਈ ਲਏ ਗਏ ਹਨ। ਹਰਪਾਲ ਸਿੰਘ ਚੀਮਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਕੋਰੋਨਾ ਵਿਰੁੱਧ ਹੁਣ ਤੱਕ ਹੋਏ ਖ਼ਰਚਿਆਂ 'ਤੇ ਵਾਈਟ ਪੇਪਰ ਜਾਰੀ ਕਰੇ।