
ਆਈ.ਟੀ.ਬੀ.ਪੀ ’ਚ ਤਾਇਨਾਤ ਪਿੰਡ ਝੋਰੜਾਂ ਦਾ ਜਵਾਨ ਨਕਸਲੀ ਹਮਲੇ ਵਿਚ ਸ਼ਹੀਦ
ਰਾਏਕੋਟ, 21 ਅਗੱਸਤ (ਜਸਵੰਤ ਸਿੰਘ ਸਿੱਧੂ) : ਆਈ.ਟੀ.ਬੀ.ਪੀ ਵਿਚ ਤਾਇਨਾਤ ਨੇੜਲੇ ਪਿੰਡ ਝੋਰੜਾਂ ਦੇ ਵਸਨੀਕ ਏ.ਐਸ.ਆਈ ਗੁਰਮੁੱਖ ਸਿੰਘ ਪੁੱਤਰ ਜੰਗੀਰ ਸਿੰਘ ਬੀਤੇ ਦਿਨ ਹੋਏ ਇਕ ਨਕਸਲੀ ਹਮਲੇ ਵਿਚ ਸ਼ਹੀਦ ਹੋ ਗਏ ਹਨ।
ਜਾਣਕਾਰੀ ਅਨੁਸਾਰ ਸ਼ਹੀਦ ਗੁਰਮੁੱਖ ਸਿੰਘ ਬੈਨੀਪਾਲ (50) ਕਰੀਬ ਦੋ ਮਹੀਨੇ ਪਹਿਲਾਂ ਹੀ ਰਾਸ਼ਟਰਪਤੀ ਭਵਨ ਦਿੱਲੀ ਤੋਂ ਬਦਲ ਕੇ ਛੱਤੀਸਗੜ੍ਹ ਸੂਬੇ ਵਿਚ ਤਾਇਨਾਤ ਕੀਤੇ ਗਏ ਸਨ। ਸੂਬੇ ਦੇ ਨਕਸਲ ਪ੍ਰਭਾਵਤ ਇਲਾਕੇ ਬਸਤਰ ਦੇ ਜ਼ਿਲ੍ਹਾ ਨਰਾਇਣਗੜ੍ਹ ਵਿਚ ਬੀਤੇ ਦਿਨ ਨਕਸਲੀਆਂ ਵਲੋਂ ਕੀਤੇ ਗਏ ਇਕ ਹਮਲੇ ਵਿਚ ਆਈ.ਟੀ.ਬੀ.ਪੀ ਦੇ ਦੋ ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ਵਿਚੋਂ ਇਕ ਗੁਰਮੁੱਖ ਸਿੰਘ ਬੈਨੀਪਾਲ ਸੀ। ਸ਼ਹੀਦ ਗੁਰਮੁੱਖ ਸਿੰਘ ਬੈਨੀਪਾਲ ਅਪਣੇ ਪਿੱਛੇ ਪਤਨੀ ਨਿਰਮਲ ਕੌਰ ਅਤੇ ਦੋ ਬੱਚੇ (ਇਕ ਲੜਕਾ-ਇਕ ਲੜਕੀ) ਛੱਡ ਗਏ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਸ਼ਹੀਦ ਗੁਰਮੁੱਖ ਦੀ ਮਿ੍ਰਤਕ ਦੇਹ ਦੇਰ ਅੱਜ ਸ਼ਾਮ ਤਕ ਪਿੰਡ ਝੋਰੜਾਂ ਪੁੱਜੇਗੀ ਅਤੇ ਸ਼ਹੀਦ ਦਾ ਅੰਤਮ ਸਸਕਾਰ ਮਿਤੀ 22 ਅਗੱਸਤ ਨੂੰ ਉਨ੍ਹਾਂ ਦੇ ਜੱਦੀ ਪਿੰਡ ਝੋਰੜਾਂ ਵਿਖੇ ਕੀਤਾ ਜਾਵੇਗਾ।
ਫੋਟੋ ਫਾਈਲ : 21-02
ਕੈਪਸ਼ਨ : ਸ਼ਹੀਦ ਏ.ਐਸ.ਆਈ ਗੁਰਮੁੱਖ ਸਿੰਘ ਦੀ ਫਾਈਲ ਤਸਵੀਰ।