
ਦੋਨੋਂ ਮ੍ਰਿਤਕ ਲੜਕਿਆਂ ਵਿਚੋਂ ਹਰਮਨਦੀਪ ਸਿੰਘ ਦੀਆਂ 2 ਭੈਣਾਂ ਤੇ ਗੋਪੀ ਦੀਆਂ 3 ਭੈਣਾਂ ਸਨ।
ਫਾਜ਼ਿਲਕਾ (ਅਰਵਿੰਦਰ ਤਨੇਜਾ) : ਪਿੰਡ ਪੰਜਾਵਾ ’ਚ ਇਕ ਖ਼ੇਤ ’ਚ ਬਣੇ ਪਾਣੀ ਦੇ ਕੰਟੇਨਰ ’ਚ ਡੁੱਬਣ ਨਾਲ 2 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਘਟਨਾ ਸ਼ਨੀਵਾਰ ਸ਼ਾਮ ਦੀ ਹੈ। ਜਾਣਕਾਰੀ ਮੁਤਾਬਕ ਗੁਰਦੇਵ ਸਿੰਘ ਦਾ ਪੁੱਤਰ ਹਰਮਨਦੀਪ ਸਿੰਘ (14) ਆਪਣੇ ਦੋਸਤ ਮੋਹਿਤ ਕੁਮਾਰ ਪੁੱਤਰ ਗੋਪੀ ਰਾਮ (13-14) ਨੂੰ ਲੈ ਕੇ ਖ਼ੇਤ ’ਚ ਗਿਆ ਸੀ।
ਉਨ੍ਹਾਂ ਦੇ ਖ਼ੇਤ ਦੇ ਨਾਲ ਹੀ ਇਕ ਹੋਰ ਖ਼ੇਤ ’ਚ ਪਾਣੀ ਦਾ ਕੰਟੇਨਰ ਬਣਿਆ ਹੋਇਆ ਹੈ, ਜਿਸ ’ਚ ਅੱਧਾ ਪਾਣੀ ਭਰਿਆ ਹੋਇਆ ਸੀ ਪਰ ਪਾਣੀ ਦੇ ਕੰਟੇਨਰ ’ਚ ਨਾ ਤਾਂ ਕੋਈ ਕੰਧ ਬਣੀ ਹੈ ਅਤੇ ਨਾ ਹੀ ਕੋਈ ਤਾਰ ਲਗਾਈ ਗਈ ਸੀ। ਹਰਮਨਦੀਪ ਅਤੇ ਮੋਹਿਤ ਕੁਮਾਰ ਕੰਟੇਨਰ ਦੇਖਣ ਗਏ ਸਨ ਫਿਰ ਕੰਟੇਨਰ ’ਚ ਕਿਸ ਤਰ੍ਹਾਂ ਡਿੱਗ ਗਏ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ। ਜਦੋਂ ਕੁੱਝ ਦੇਰ ਬਾਅਦ ਦੇਖਿਆ ਤਾਂ ਦੋਵਾਂ ਦੀਆਂ ਲਾਸ਼ਾਂ ਪਾਣੀ ’ਚ ਤੈਰ ਰਹੀਆਂ ਸਨ। ਜਿਵੇਂ ਹੀ ਦੋਵਾਂ ਦੀ ਮੌਤ ਦਾ ਪਿੰਡ ਅਤੇ ਪਰਿਵਾਰ ਨੂੰ ਪਤਾ ਚੱਲਿਆ ਤਾਂ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ।
ਰਿਸ਼ਤੇਦਾਰਾਂ ਨੇ ਦੋਵੇਂ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਪਰ ਪੁਲਿਸ ਘਟਨਾ ਦੇ ਕਰੀਬ ਡੇਢ ਘੰਟੇ ਬਾਅਦ ਵੀ ਨਹੀਂ ਪਹੁੰਚੀ ਜਦਕਿ ਪਿੰਡ ਦੀ ਪੰਚਾਇਤ ਅਤੇ ਰਿਸ਼ਤੇਦਾਰਾਂ ਨੇ ਕਈ ਵਾਰ ਸੂਚਿਤ ਕੀਤਾ। ਪਿੰਡ ਦੇ ਮੌਜੂਦਾ ਸਰਪੰਚ ਸਤਨਾਮ ਸਿੰਘ ਅਤੇ ਸਾਬਕਾ ਸਰਪੰਚ ਅੰਗਰੇਜ ਸਿੰਘ, ਕੇਵਲ ਸਿੰਘ ਅਤੇ ਹੰਸਰਾਜ ਨੇ ਕਿਹਾ ਕਿ ਸੂਚਨਾ ਦੇਣ ਤੋਂ ਬਾਅਦ ਵੀ ਪੁਲਿਸ ਕਰੀਬ ਡੇਢ ਘੰਟੇ ਤੱਕ ਨਹੀਂ ਪਹੁੰਚੀ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ’ਚ ਰੋਸ ਪਾਇਆ ਜਾ ਰਿਹਾ ਹੈ ਅਤੇ ਆਖ਼ਰ ਪਿੰਡ ਵਾਸੀਆਂ ਨੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਬਾਹਰ ਲੈ ਜਾਣ ਦਾ ਫ਼ੈਸਲਾ ਕੀਤਾ। ਦੋਨੋਂ ਮ੍ਰਿਤਕ ਲੜਕਿਆਂ ਵਿਚੋਂ ਹਰਮਨਦੀਪ ਸਿੰਘ ਦੀਆਂ 2 ਭੈਣਾਂ ਤੇ ਗੋਪੀ ਦੀਆਂ 3 ਭੈਣਾਂ ਸਨ।