
ਗੈਸ ਸਿਲੰਡਰ 880 ਡੀਜ਼ਲ ਦਾ ਰੇਟ 93 ਰੁਪਏ ਦੇ ਨੇੜੇ ਅਤੇ ਪਟਰੌਲ 103 ਰੁਪਏ ਪ੍ਰਤੀ ਲੀਟਰ ਤੋਂ ਪਾਰ
ਭਾਜਪਾ ਸਰਕਾਰ ਨੇਪਾਲ ਨੂੰ ਪਟਰੌਲ 65 ਰੁਪਏ ਅਤੇ ਡੀਜ਼ਲ 55 ਰੁਪਏ ਪ੍ਰਤੀ ਲੀਟਰ
ਸੰਗਰੂਰ, 21 ਅਗੱਸਤ (ਬਲਵਿੰਦਰ ਸਿੰਘ ਭੁੱਲਰ) : ਡੀਜ਼ਲ ਅਤੇ ਪਟਰੌਲ ਦੇ ਰੋਜ਼ਾਨਾ ਵਧਦੇ ਰੇਟਾਂ ਨੇ ਭਾਰਤ ਵਿਚ ਵਸਦੇ ਬਹੁਗਿਣਤੀ ਮੱਧਵਰਗ ਤੇ ਦੁਰਪ੍ਰਭਾਵ ਪਾਉਣਾ ਸ਼ੁਰੂ ਕਰ ਦਿਤਾ ਹੈ ਅਤੇ ਇਨ੍ਹਾਂ ਵਧਦੇ ਰੇਟਾਂ ਕਾਰਨ ਦੇਸ਼ ਅੰਦਰ ਇਕ ਤਰ੍ਹਾਂ ਨਾਲ ਹਾਹਾਕਾਰ ਮਚੀ ਪਈ ਹੈ।
ਕੇਂਦਰ ਸਰਕਾਰ ਤੇਲ ਦੀਆਂ ਕੀਮਤਾਂ ਘਟਾਉਣ ਲਈ ਹੁਣ ਆਇਲ ਐਂਡ ਨੇਚੁਰਲ ਗੈਸ ਕਮਿਸ਼ਨ (ੳ.ਐਨ.ਜੀ.ਸੀ) ਦੇ ਹੱਥਾਂ ਵੱਲ ਵੇਖ ਰਹੀ ਹੈ ਜੋ ਕਿ ਭਾਰਤ ਵਿਚੋਂ ਤੇਲ ਦੀ ਲਗਭਗ 20 ਫ਼ੀ ਸਦੀ ਪੈਦਾਵਾਰ ਕਰ ਕੇ ਦੇਸ਼ ਦੀਆਂ ਤੇਲ ਸਾਫ਼ ਕਰਨ ਵਾਲੀਆਂ ਮੁੱਖ ਕੰਪਨੀਆਂ ਦੀਆਂ ਰਿਫ਼ਾਈਨਰੀਆਂ ਜਿਵੇਂ ਇੰਡੀਅਨ ਆਇਲ ਕੰਪਨੀ, ਐਚ.ਪੀ.ਸੀ.ਐਲ ਅਤੇ ਬੀ.ਪੀ.ਸੀ.ਐਲ ਨੂੰ ਸਪਲਾਈ ਕਰਦੀ ਹੈ। ਕੇਂਦਰ ਸਰਕਾਰ ਦੀ ਇਹ ਯੋਜਨਾ ਹੈ ਕਿ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ ਦੋ-ਦੋ ਰੁਪਏ ਪ੍ਰਤੀ ਲੀਟਰ ਘਟਾਈਆਂ ਜਾਣ ਅਤੇ ਇਸ ਦੇ ਨਾਲੋ-ਨਾਲ ਪਟਰੌਲ ਪੰਪ ਡੀਲਰਾਂ ਦਾ ਕਮਿਸ਼ਨ ਵੀ ਪ੍ਰਤੀ ਲੀਟਰ ਡੀਜ਼ਲ ਤੇ 18 ਪੈਸੇ ਅਤੇ ਪ੍ਰਤੀ ਲੀਟਰ ਪਟਰੌਲ ’ਤੇ 23 ਪੈਸੇ ਘਟਾਇਆ ਜਾਵੇ।
ਪੰਜਾਬ ਵਿਚ 102 ਰੁਪਏ ਪ੍ਰਤੀ ਲੀਟਰ ਨੂੰ ਟੱਪਿਆ ਪਟਰੌਲ ਅਤੇ 93 ਰੁਪਏ ਪ੍ਰਤੀ ਲੀਟਰ ਦੇ ਨੇੜੇ ਤੇੜੇ ਪਹੁੰਚੇ ਡੀਜ਼ਲ ’ਤੇ ਕੇਂਦਰ ਸਰਕਾਰ ਵਲੋਂ ਦੋ-ਦੋ ਰੁਪਏ ਪ੍ਰਤੀ ਲੀਟਰ ਘਟਾਉਣ ਦੀ ਯੋਜਨਾ ਊਠ ਦੇ ਮੂੰਹ ਵਿਚ ਜ਼ੀਰਾ ਪਾਉਣ ਵਾਲੀ ਲੋਕ ਕਹਾਵਤ ਵਰਗੀ ਕਾਰਵਾਈ ਹੈ। ਡੀਜ਼ਲ ਪਟਰੌਲ ਦੇ ਰੇਟ ਵਧਣ ਨਾਲ ਦੇਸ਼ ਦੇ ਮੁੱਖ ਟਰਾਂਸਪੋਰਟ ਅਦਾਰੇ ਵਲੋਂ ਟਰੱਕਾਂ ਦੇ ਕਿਰਾਏ ਅਤੇ ਭਾੜੇ ਵਿਚ ਵਾਧਾ ਕਰਨ ਨਾਲ ਰੋਜ਼ਾਨਾ ਆਮ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਦੇ ਰੇਟ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਨੇੜ ਭਵਿੱਖ ਵਿਚ ਇਸ ਤਰਲ ਬਾਲਣ ਦੇ ਰੇਟਾਂ ਕਾਰਨ ਬਸਾਂ ਦੇ ਮਾਲਕਾਂ ਵਲੋਂ ਕਿਰਾਏ ਵੀ ਵਧਾਉਣ ਦੀ ਤਜ਼ਵੀਜ ਹੈ ਜਿਸ ਸਦਕਾ ਇਨ੍ਹਾਂ ਬਸਾਂ ਵਿਚ ਸਫ਼ਰ ਕਰਨ ਵਾਲੇ ਕਰੋੜਾਂ ਵਾਸੀ ਕਿਰਾਏ ਦੀਆਂ ਵਧਦੀਆਂ ਦਰਾਂ ਤੋਂ ਪ੍ਰਭਾਵਤ ਹੋ ਸਕਦੇ ਹਨ ਜਿਸ ਨਾਲ ਗ਼ਰੀਬਾਂ ਅਤੇ ਲੋੜਵੰਦਾਂ ਤੇ ਮਹਿੰਗਾਈ ਦੀ ਮਾਰ ਯਕੀਨਨ ਵਧੇਗੀ।
ਭਰੋਸੇ ਯੋਗ ਸੂਤਰਾਂ ਮੁਤਾਬਕ ਭਾਰਤ ਵਿਚ ਰਾਜ ਕਰਦੀ ਭਾਜਪਾ ਸਰਕਾਰ ਸਾਡੇ ਗਵਾਂਢੀ ਦੇਸ਼ ਨੇਪਾਲ ਨੂੰ ਪਿਛਲੇ ਕਈ ਵਰਿ੍ਹਆਂ ਤੋਂ ਡੀਜ਼ਲ ਅਤੇ ਪਟਰੌਲ ਦੀ ਸਪਲਾਈ ਕਰਦੀ ਆ ਰਹੀ ਹੈ ਜਿਥੇ ਪਟਰੌਲ 65 ਰੁਪਏ ਲੀਟਰ ਅਤੇ ਡੀਜ਼ਲ 55 ਰੁਪਏ ਪ੍ਰਤੀ ਲੀਟਰ ਦੀ ਦਰ ’ਤੇ ਸਪਲਾਈ ਕੀਤਾ ਜਾ ਰਿਹਾ ਹੈ। ਅਜਿਹੀ ਲੋਕ ਵਿਰੋਧੀ ਕਾਰਵਾਈ ਕਰਨ ਨਾਲ ਦੇਸ਼ ਦੇ ਲੋਕਾਂ ਦਾ ਰੋਸਾ ਮੋਦੀ ਸਰਕਾਰ ਨਾਲ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਦੇਸ਼ ਦੇ ਕਰੋੜਾਂ ਲੋਕ ਤਾਂ ਇਹ ਵੀ ਕਹਿ ਰਹੇ ਹਨ ਕਿ 2019 ਵਿਚ ਲੋਕ ਸਭਾ ਦੀਆਂ ਆਮ ਚੋਣਾਂ ਮੌਕੇ ਮੋਦੀ ਸਰਕਾਰ ਨੂੰ ਗਿਰਾਉਣ ਲਈ ਤਾਂ ਹੋਰ ਮੁੱਦੇ ਚੁੱਕਣ ਦੀ ਲੋੜ ਹੀ ਕੋਈ ਨਹੀਂ ਕਿਉਂਕਿ ਇਸ ਹਕੂਮਤ ਨੂੰ ਗਿਰਾਉਣ ਵਾਸਤੇ ਤਾਂ ਪਟਰੌਲ-ਡੀਜ਼ਲ ਹੀ ਕਾਫ਼ੀ ਹਨ।
ਕੇਂਦਰ ਸਰਕਾਰ ਦੇ ਸੀਨੀਅਰ ਮੰਤਰੀ ਅਤੇ ਮੁੱਖ ਭਾਜਪਾ ਆਗੂ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਡੀਜ਼ਲ ਅਤੇ ਪਟਰੌਲ ਦਾ ਰੇਟ ਵਧਾ ਕੇ ਕੇਂਦਰ ਸਰਕਾਰ ਇਹੀ ਪੈਸਾ ਹੋਰ ਕਈ ਕੇਂਦਰੀ ਭਲਾਈ ਸਕੀਮਾਂ ’ਤੇ ਖਰਚ ਕਰ ਰਹੀ ਹੈ, ਜੇਕਰ ਹੁਣ ਇਨ੍ਹਾਂ ਦੋਵਾਂ ਤਰਲ ਬਾਲਣਾਂ ਦੇ ਰੇਟ ਘਟਾਏ ਗਏ ਤਾਂ ਇਸ ਨਾਲ ਬਹੁਤ ਸਾਰੀਆਂ ਕੇਂਦਰੀ ਭਲਾਈ ਸਕੀਮਾਂ ’ਤੇ ਦੁਰਪ੍ਰਭਾਵ ਪੈਣ ਤੋਂ ਰੋਕਿਆ ਨਹੀਂ ਜਾ ਸਕੇਗਾ। ਦਿੱਲੀ ਸਰਕਾਰ ਇਸ ਵਕਤ ਪਟਰੌਲ ਦੇ ਇਕ ਲੀਟਰ ’ਤੇ 32.90 ਰੁਪਏ ਟੈਕਸ ਅਤੇ ਡੀਜ਼ਲ ਤੇ ਪ੍ਰਤੀ ਲੀਟਰ 31.80 ਰੁਪਏ ਟੈਕਸ ਲਗਾਉਂਦੀ ਹੈ। ਸੂਬਾਈ ਸਰਕਾਰਾਂ ਦੇ ਸੇਲ ਟੈਕਸ ਅਤੇ ਵੈਟ ਟੈਕਸ ਇਸ ਤੋਂ ਵੱਖਰੇ ਹਨ। ਇਸ ਤੋਂ ਇਲਾਵਾ ਮੋਦੀ ਸਰਕਾਰ ਨੇ ਗੈਸ ਸਿਲੰਡਰ 880 ਰੁਪਏ ਦਾ ਕਰ ਕੇ ਲੋਕਾਂ ਦੇ ਚੁੱਲ੍ਹੇ ਬਲਣ ਤੋਂ ਬੰਦ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ।