
ਆਈ.ਪੀ.ਐਲ-2021 : ਦਿੱਲੀ ਕੈਪੀਟਲਜ਼ ਦੀ ਟੀਮ ਯੂਏਈ ਲਈ ਰਵਾਨਾ
ਨਵੀਂ ਦਿੱਲੀ, 21 ਅਗੱਸਤ : ਦਿੱਲੀ ਕੈਪੀਟਲਜ਼ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੈਸ਼ਨ ਦੇ ਬਚੇ ਹੋਏ ਮੈਚ ਲਈ ਅੱਜ ਯੂਏਈ ਰਵਾਨਾ ਹੋ ਗਈ। ਦਿੱਲੀ ਕੈਪੀਟਲਜ਼ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਉ ਪੋਸਟ ਕਰ ਕੇ ਇਸ ਦੀ ਜਾਣਕਾਰੀ ਦਿਤੀ। ਫ੍ਰੈਂਚਾਈਜੀ ਨੇ ਲਿਖਿਆ, ‘ਅਸੀਂ ਸੰਯੁਕਤ ਅਰਬ ਅਮੀਰਾਤ ਲਈ ਰਵਾਨਾ ਹੋ ਗਏ ਹਾਂ।’ ਜ਼ਿਕਰਯੋਗ ਹੈ ਕਿ ਬੀਤੇ ਚੈਂਪੀਅਨ ਮੁੰਬਈ ਇੰਡੀਅਜ਼ ਤੇ ਚੈਨਈ ਸੁਪਰਕਿੰਗਜ਼ ਦੀਆਂ ਟੀਮਾਂ ਪਹਿਲਾਂ ਹੀ ਯੂਏਈ ਪੁੱਜ ਗਈਆਂ ਹਨ। ਦੋਵਾਂ ਨੇ ਪ੍ਰੈਕਟਿਕਸ ਵੀ ਸ਼ੁਰੂ ਕਰ ਦਿਤੀ ਹੈ। ਇਸ ਤੋਂ ਪਹਿਲਾਂ ਸਮਾਚਾਰ ਏਜੰਸੀ ਏਐਨਆਈ ਨੇ ਦਸਿਆ ਸੀ ਕਿ ਦਿੱਲੀ ਕੈਪੀਟਲਸ ਸ਼ਨਿਚਰਵਾਰ ਨੂੰ ਰਾਸ਼ਟਰੀ ਰਾਜਧਾਨੀ ਤੋਂ ਯੂਏਈ ਲਈ ਰਵਾਨਾ ਹੋਵੇਗੀ। ਸਟਾਰ ਬੱਲੇਬਾਜ਼ ਸ਼੍ਰੇਅਸ ਅਈਅਰ ਪਹਿਲਾਂ ਤੋਂ ਹੀ ਫਿਟਨੈਸ ਕੋਚ ਦੇ ਨਾਲ ਯੂਏਈ ’ਚ ਹਨ ਤੇ ਬਾਕੀ ਖਿਡਾਰੀ ਅਪਣੀ ਅੰਤਰਰਾਸ਼ਟਰੀ ਪਾਬੰਦੀਆਂ ਖ਼ਤਮ ਹੋਣ ਤੋਂ ਬਾਅਦ ਟੀਮ ਨਾਲ ਜੁੜ ਜਾਣਗੇ।
ਦਸਣਯੋਗ ਹੈ ਕਿ ਆਈਪੀਐੱਲ 2021 ਦਾ ਆਯੋਜਨ ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਵਿਚਕਾਰ ਬੰਦ ਦਰਵਾਜ਼ਿਆਂ ਪਿੱਛੇ ਹੋ ਰਿਹਾ ਸੀ। ਇਸ ਤੋਂ ਬਾਅਦ ਵੀ ਵਾਇਰਸ ਨੇ ਬਾਇਉ ਬਬਲ ’ਚ ਸੇਂਧ ਲਾ ਦਿਤੀ। ਮਈ ਦੀ ਸ਼ੁਰੂਆਤ ’ਚ ਕੱੁਝ ਖਿਡਾਰੀ ਤੇ ਸਪੋਰਟ ਸਟਾਫ਼ ਦੇ ਮੈਂਬਰ ਕੋਰੋਨਾ ਇਨਫ਼ੈਕਟਿਡ ਪਾਏ ਗਏ ਸਨ। ਇਸ ਤੋਂ ਬਾਅਦ ਬੀਸੀਸੀਆਈ ਨੇ ਇਸ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ। ਉਦੋਂ ਤਕ 29 ਮੈਚਾਂ ਦਾ ਆਯੋਜਨ ਹੋ ਗਿਆ ਸੀ। (ਏਜੰਸੀ)