
ਤਾਲਿਬਾਨ ਨੇ ਕਾਬਲ ਹਵਾਈ ਅੱਡੇ 'ਤੇ 70 ਸਿੱਖ ਅਤੇ ਹਿੰਦੂ ਰੋਕੇ
ਕਿਹਾ, ਤੁਸੀ ਅਫ਼ਗ਼ਾਨੀ ਹੋ, ਦੇਸ਼ ਨਹੀਂ ਛੱਡ ਸਕਦੇ
ਨਵੀਂ ਦਿੱਲੀ, 21 ਅਗੱਸਤ : ਤਾਲਿਬਾਨ ਨੇ ਸਨਿਚਰਵਾਰ ਨੂੰ 70 ਅਫ਼ਗ਼ਾਨ ਸਿੱਖਾਂ ਅਤੇ ਹਿੰਦੂਆਂ ਦੇ ਜੱਥੇ ਨੂੰ ਭਾਰਤੀ ਹਵਾਈ ਫ਼ੌਜ (ਆਈਏਐਫ) ਦੇ ਜਹਾਜ਼ ਵਿਚ ਸਵਾਰ ਹੋਣ ਤੋਂ ਰੋਕ ਦਿਤਾ | ਉਨ੍ਹਾਂ ਨੂੰ ਕਾਬੁਲ ਹਵਾਈ ਅੱਡੇ ਤੋਂ ਵਾਪਸ ਭੇਜ ਦਿਤਾ ਗਿਆ | ਇਸ ਵਿਚ ਅਫ਼ਗ਼ਾਨ ਸੰਸਦ ਦੇ ਦੋ ਘੱਟ ਗਿਣਤੀ ਮੈਂਬਰ ਵੀ ਸ਼ਾਮਲ ਹਨ | ਲੜਾਕਿਆਂ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਕਿਹਾ ਕਿ ਉਹ ਅਫ਼ਗ਼ਾਨੀ ਹਨ ਅਤੇ ਦੇਸ਼ ਛੱਡ ਨਹੀਂ ਸਕਦੇ | ਮੀਡੀਆ ਰਿਪੋਰਟਾਂ ਅਨੁਸਾਰ, ਵਿਸ਼ਵ ਪੰਜਾਬੀ ਸੰਗਠਨ (ਡਬਲਯੂਪੀਓ) ਦੇ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ ਨੇ ਦਸਿਆ ਕਿ ਅਫ਼ਗ਼ਾਨ ਸਿੱਖਾਂ ਅਤੇ ਹਿੰਦੂਆਂ ਦਾ ਇਹ ਪਹਿਲਾ ਜੱਥਾ ਸ਼ਕਰਵਾਰ ਤੋਂ 12 ਘੰਟਿਆਂ ਤੋਂ ਵੱਧ ਸਮੇਂ ਤੋਂ ਭਾਰਤ ਪਰਤਣ ਲਈ ਏਅਰਪੋਰਟ ਦੇ ਬਾਹਰ ਇੰਤਜ਼ਾਰ ਕਰ ਰਿਹਾ ਸੀ | ਤਾਲਿਬਾਨ ਲੜਾਕਿਆਂ ਨੇ ਉਸ ਨੂੰ ਆਈਏਐਫ਼ ਦੇ ਜਹਾਜ਼ ਵਿਚ ਸਵਾਰ ਹੋਣ ਤੋਂ ਰੋਕ ਦਿਤਾ ਅਤੇ ਕਿਹਾ ਕਿ ਕਿਉਂਕਿ ਉਹ ਅਫ਼ਗ਼ਾਨੀ ਹਨ, ਉਹ ਦੇਸ਼ ਨਹੀਂ ਛੱਡ ਸਕਦੇ | ਇਹ ਸਮੂਹ ਕਾਬੁਲ ਦੇ ਗੁਰਦੁਆਰੇ ਵਾਪਸ ਆ ਗਿਆ ਹੈ | ਸਾਹਨੀ ਨੇ ਕਿਹਾ ਕਿ ਘੱਟ ਗਿਣਤੀ ਸੰਸਦ ਮੈਂਬਰ ਨਰਿੰਦਰ ਸਿੰਘ ਖ਼ਾਲਸਾ ਅਤੇ ਅਨਾਰਕਲੀ ਕੌਰ ਮਾਨੋਯਾਰ ਵੀ ਇਸ ਸਮੂਹ ਦਾ ਹਿੱਸਾ ਸਨ | ਅਫ਼ਗ਼ਾਨਿਸਤਾਨ 'ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੁਨੀਆਂ ਭਰ ਦੇ ਦੇਸ਼ ਅਪਣੇ ਨਾਗਰਿਕਾਂ ਨੂੰ ਕੱਢਣ ਲਈ ਲਗਾਤਾਰ ਮੁਹਿੰਮ ਚਲਾ ਰਿਹਾ ਹੈ | ਇਸ 'ਚ ਹਵਾਈ ਫ਼ੌਜ ਦੇ ਆਈਏਐਫ਼ ਜਹਾਜ਼ ਦੀ ਮਹੱਤਵਪੂਰਨ ਭੂਮਿਕਾ ਹੈ | ਤਾਜਾ ਰਿਪੋਰਟ ਮੁਤਾਬਕ ਅਫ਼ਗ਼ਾਨਿਸਤਾਨ ਤੋਂ ਆਈਏਐਫ਼-130 ਨੇ 85 ਤੋਂ ਜ਼ਿਆਦਾ ਭਾਰਤੀਆਂ ਨਾਲ ਕਾਬੁਲ ਤੋਂ ਉਡਾਨ ਭਰ ਲਈ ਹੈ | ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਸ ਦੀ ਜਾਣਕਾਰੀ ਦਿਤੀ |
ਰੀਪੋਰਟ ਮੁਤਾਬਕ ਭਾਰਤੀ ਹਵਾਈ ਫ਼ੌਜ ਦੇ ਆਈਏਐਫ਼-130 ਜਹਾਜ਼ ਨੇ 85 ਤੋਂ ਜ਼ਿਆਦਾ ਭਾਰਤੀਆਂ ਨਾਲ ਕਾਬੁਲ ਤੋਂ ਉਡਾਨ ਭਰੀ ਹੈ | ਇਸ ਦੌਰਾਨ ਜਹਾਜ਼ ਈਾਧਨ ਭਰਨ ਲਈ ਤਾਜਿਕਿਸਤਾਨ 'ਚ ਉਤਾਰਿਆ | ਭਾਰਤ ਸਰਕਾਰ ਨੇ ਅਧਿਕਾਰੀ ਕਾਬੁਲ 'ਚ ਫਸੇ ਭਾਰਤੀਆਂ ਨੂੰ ਕੱਢਣ ਲਈ ਲਗਾਤਾਰ ਮਦਦ ਕਰ ਰਹੇ ਹਨ | ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਸਰਕਾਰ ਵਲੋਂ ਯਤਨ ਕੀਤਾ ਜਾ ਰਿਹਾ ਹੈ | ਇਸ ਨਿਕਾਸੀ ਮੁਹਿੰਮ ਦੌਰਾਨ ਪਹਿਲਾਂ ਵੀ ਭਾਰਤ ਨੇ ਕੰਧਾਰ ਤੋਂ ਅਪਣੇ ਵਣਜ ਦੂਤਘਰ ਦੇ ਕਰਮਚਾਰੀਆਂ ਨੂੰ ਕੱਢਿਆ ਸੀ | ਭਾਰਤੀ ਹਵਾਈ ਫ਼ੌਜ ਨੇ ਉੱਥੋਂ ਦੇ ਹਵਾਈ ਅੱਡੇ 'ਤੇ ਅਮਰੀਕੀ ਫ਼ੌਜ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸੀ-17 ਗਲੋਬਮਾਸਟਰ ਦੀਆਂ ਦੋ ਉਡਾਨਾਂ ਸੰਚਾਲਿਤ ਕੀਤੀ ਤੇ ਲਗਪਗ 180 ਅਧਿਕਾਰੀਆਂ, ਆਈਟੀਬੀਪੀ ਕਰਮਚਾਰੀਆਂ ਤੇ ਕੁੱਝ ਪੱਤਰਕਾਰਾਂ ਦੀ ਵੀ ਨਿਕਾਸੀ ਕੀਤੀ ਸੀ | ਇਸ ਤੋਂ ਪਹਿਲਾਂ ਲਗਪਗ 180 ਭਾਰਤੀ ਯਾਤਰੀਆਂ ਨੂੰ ਕਢਿਆ ਜਾ ਚੁੱਕਾ ਹੈ | ਭਾਰਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਭਾਰਤੀਆਂ ਨੂੰ ਲਿਆਉਣ ਲਈ ਹੁਣ ਭਾਰਤ ਤੋਂ ਕਾਬੁਲ ਲਈ ਰੋਜ਼ਾਨਾ ਦੋ ਉਡਾਨਾਂ ਉਡਣਗੀਆਂ | (ਏਜੰਸੀ)