
ਲਗਭਗ 3359 ਨਾਲ ਪੰਜਾਬ 'ਚ ਮੌਤਾਂ ਦਾ ਅੰਕੜਾ ਸਭ ਤੋਂ ਵੱਧ
ਹੁਣ ਤੱਕ 1.85 ਲੱਖ ਪਸ਼ੂ ਹੋਏ ਪ੍ਰਭਾਵਿਤ
ਨਵੀਂ ਦਿੱਲੀ : ਦੇਸ਼ ਦੇ ਸੱਤ ਰਾਜਾਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ‘ਲੰਪੀ ਚਮੜੀ ਰੋਗ’ ਕਾਰਨ ਹੁਣ ਤਕ 7300 ਤੋਂ ਵਧ ਪਸ਼ੂਆਂ ਦੀ ਮੌਤ ਹੋ ਚੁਕੀ ਹੈ ਅਤੇ ਇਸ ਦੇ ਨਾਲ ਹੀ ਲਾਗ ਨੂੰ ਕਾਬੂ ਕਰਨ ਲਈ ਟੀਕਾਕਰਨ ਮੁਹਿੰਮ ਨੂੰ ਤੇਜ਼ ਕੀਤਾ ਗਿਆ ਹੈ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਲੰਪੀ ਚਮੜੀ ਰੋਗ (ਐਲਐਸਡੀ) ਪਸ਼ੂਆਂ ਦੀ ਇਕ ਛੂਤ ਵਾਲੀ ਵਾਇਰਲ ਬਿਮਾਰੀ ਹੈ। ਇਹ ਬਿਮਾਰੀ ਮੱਖੀਆਂ ਅਤੇ ਮੱਛਰਾਂ ਦੀਆਂ ਕੁੱਝ ਕਿਸਮਾਂ ਦੁਆਰਾ ਫੈਲਦੀ ਹੈ।
Lumpy Skin Disease
ਇਸ ਨਾਲ ਇਨਫੈਕਸ਼ਨ ਹੋਣ ਕਾਰਨ ਪਸ਼ੂਆਂ ਨੂੰ ਬੁਖਾਰ ਅਤੇ ਚਮੜੀ ’ਤੇ ਮੋਟੇ ਮੋਟੇ ਛਾਲੇ ਪੈ ਜਾਂਦੇ ਹਨ ਅਤੇ ਉਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ। ਅਧਿਕਾਰੀ ਅਨੁਸਾਰ, ਭਾਰਤ ਦੇ ਪੂਰਬੀ ਰਾਜਾਂ, ਖਾਸ ਕਰ ਕੇ ਪੱਛਮੀ ਬੰਗਾਲ ਅਤੇ ਉੜੀਸਾ ਵਿਚ 2019 ’ਚ ਐਲਐਸਡੀ ਦੇ ਮਾਮਲੇ ਸਾਹਮਣੇ ਆਏ ਸਨ, ਪਰ ਇਸ ਸਾਲ ਇਹ ਬਿਮਾਰੀ ਪਛਮੀ ਅਤੇ ਉੱਤਰੀ ਰਾਜਾਂ ਅਤੇ ਅੰਡੇਮਾਨ ਅਤੇ ਨਿਕੋਬਾਰ ਵਿਚ ਵੀ ਸਾਹਮਣੇ ਆਈ ਹੈ। ਉਨ੍ਹਾਂ ਦਸਿਆ, “ਗੁਜਰਾਤ ਵਿਚ ਪਹਿਲਾਂ (ਇਸ ਸਾਲ) ਐਲਐਸਡੀ ਦਾ ਪਤਾ ਚੱਲਿਆ ਸੀ ਅਤੇ ਹੁਣ ਇਹ ਬਿਮਾਰੀ ਸੱਤ ਰਾਜਾਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਫੈਲ ਗਈ ਹੈ। ਜੁਲਾਈ ਤੋਂ ਹੁਣ ਤਕ 1.85 ਲੱਖ ਪਸ਼ੂ ਪੀੜਤ ਹੋਏ ਹਨ, ਜਿਨ੍ਹਾਂ ਵਿਚੋਂ 7300 ਤੋਂ ਵਧ ਪਸ਼ੂਆਂ ਦੀ ਮੌਤ ਹੋ ਚੁਕੀ ਹੈ।’’
Lumpy Skin Disease
ਉਨ੍ਹਾਂ ਦਸਿਆ ਕਿ ਪੰਜਾਬ ਵਿਚ ਲਗਭਗ 74,325 ਪਸ਼ੂ ਐਲਐਸਡੀ, ਗੁਜਰਾਤ ਵਿਚ 58,546, ਰਾਜਸਥਾਨ ਵਿਚ 43,962, ਜੰਮੂ-ਕਸ਼ਮੀਰ ਵਿਚ 6,385, ਉੱਤਰਾਖੰਡ ਵਿਚ 1300, ਹਿਮਾਚਲ ਪ੍ਰਦੇਸ਼ ’ਚ 532 ਅਤੇ ਅੰਡੇਮਾਨ ਨਿਕੋਬਾਰ ਵਿਚ 260 ਪਸ਼ੂ ਪ੍ਰਭਾਵਤ ਹੋਏ ਹਨ, ਜਦੋਂ ਕਿ ਮੱਧ ਪ੍ਰਦੇਸ਼ ਦੇ ਅੰਕੜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਮੰਤਰਾਲੇ ਦੇ ਅੰਕੜਿਆਂ ਅਨੁਸਾਰ ਹੁਣ ਤਕ 7300 ਤੋਂ ਵਧ ਪਸੂਆਂ ਦੀ ਮੌਤ ਹੋ ਚੁਕੀ ਹੈ, ਜਿਨ੍ਹਾਂ ਵਿਚੋਂ 3359 ਪੰਜਾਬ, 2111 ਰਾਜਸਥਾਨ, 1679 ਗੁਜਰਾਤ, 62 ਜੰਮੂ-ਕਸਮੀਰ, 38 ਹਿਮਾਚਲ ਪ੍ਰਦੇਸ਼, 36 ਉੱਤਰਾਖੰਡ ਅਤੇ 29 ਅੰਡੇਮਾਨ ਅਤੇ ਨਿਕੋਬਾਰ ਸਨ। ਹਰਿਆਣਾ ਵਿਚ ਵੀ ਐਲਐਸਡੀ ਦੀ ਲਾਗ ਫੈਲਣ ਦੀ ਖਬਰ ਹੈ।
lumpy skin
ਅਧਿਕਾਰੀ ਦਾ ਕਹਿਣਾ ਹੈ ਕਿ ਲਾਗ ਨਾਲ ਮੌਤ ਦਰ ਇਕ ਤੋਂ ਦੋ ਪ੍ਰਤੀਸ਼ਤ ਹੈ ਅਤੇ ਇਸ ਨਾਲ ਮਨੁੱਖਾਂ ਨੂੰ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਅਨੁਸਾਰ ਇਸ ਸਮੇਂ ਟੀਕਾਕਰਨ ਦਾ ਕੰਮ ਚੱਲ ਰਿਹਾ ਹੈ ਅਤੇ 17.92 ਲੱਖ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁਕਾ ਹੈ। ਉਨ੍ਹਾਂ ਕਿਹਾ ਕਿ ਐਲਐਸਡੀ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮਾਂ ਪੰਜਾਬ ਅਤੇ ਗੁਜਰਾਤ ਭੇਜੀਆਂ ਗਈਆਂ ਹਨ ਅਤੇ ਰਾਜਾਂ ਨੂੰ ਜੈਵਿਕ ਸੁਰੱਖਿਆ ਉਪਾਵਾਂ ਦੀ ਸਖ਼ਤੀ ਨਾਲ ਪਾਲਣਾ ਕਰਨ, ਪ੍ਰਭਾਵਤ ਜਾਨਵਰਾਂ ਦੀ ਆਵਾਜਾਈ ਨੂੰ ਰੋਕਣ, ਅਵਾਰਾ ਪਸ਼ੂਆਂ ਅਤੇ ਮਰੇ ਹੋਏ ਪਸ਼ੂਆਂ ਦੀ ਨਿਗਰਾਨੀ ਕਰਨ ਲਈ ਇਸ ਦੇ ਸੁਰੱਖਿਅਤ ਨਿਪਟਾਰੇ ਲਈ ਕਿਹਾ ਗਿਆ ਹੈ।